ਪਦਮ ਸ੍ਰੀ ਸੁਰਜੀਤ ਪਾਤਰ, ਬਾਬਾ ਬਲਬੀਰ ਸੀਚੇਵਾਲ ਸਮੇਤ ਹੋਰਨਾ ਨੇ ਰੱਖੇ ਆਪਣੇ ਵਿਚਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਨੌਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦਾ ਉਦਘਾਟਨ ਸਾਇੰਸ ਆਡੀਟੋਰੀਅਮ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕਾਨਫਰੰਸ ਦਾ ਵਿਸ਼ਾ ‘ਗੁਰੂ ਨਾਨਕ ਬਾਣੀ ਚਿੰਤਨ : ਗਲੋਬਲੀ ਪਰਿਪੇਖ’ ਹੈ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਸੰਸਾਰ ਭਰ ਵਿਚ ਮਨੁੱਖ ਜਿਸ ਤਰ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਹੈ ਉਸ ਸਭ ਲਈ ਗੁਰੂ ਨਾਨਕ ਸਾਹਿਬ ਦਾ ਫਲਸਫਾ ਅੱਜ ਵੀ ਬਿਹਤਰ ਤਰੀਕੇ ਨਾਲ ਰਾਹ ਰੁਸ਼ਨਾਉਣ ਦਾ ਕਾਰਜ ਕਰ ਸਕਦਾ ਹੈ। ਗਲੋਬਲ ਪਰਿਪੇਖ ਵਿਚ ਜੇਕਰ ਮਨੁੱਖ ਅਧਿਕਾਰਾਂ ਅਤੇ ਆਪਸੀ ਸਮਾਨਤਾ ਬਾਰੇ ਜਿਸ ਤਰ੍ਹਾਂ ਦੀ ਚਰਚਾ ਅੱਜ ਦੇ ਦੌਰ ਵਿਚ ਚਲਦੀ ਹੈ, ਉਸ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਆਪਣੀਆਂ ਸਿੱਖਿਆਵਾਂ ਵਿਚ ਗੱਲ ਕੀਤੀ ਹੈ।
ਉਦਘਾਟਨੀ ਸ਼ਬਦਾਂ ਦੌਰਾਨ ਪਦਮ ਸ੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਫਲਸਫੇ ਦੀ ਇਕ ਮਹਾਨਤਾ ਇਹ ਵੀ ਹੈ ਕਿ ਇਸ ਨੂੰ ਪੜ੍ਹਦਿਆਂ ਹਰ ਵਾਰ ਕਿਸੇ ਨਵੇਂ ਪਾਸਾਰ ਦਾ ਪਤਾ ਚਲਦਾ ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਵਾਤਾਵਰਣੀ ਮਸਲਿਆਂ ਦੇ ਹਵਾਲੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਦੀ ਗੱਲ ਕੀਤੀ ਉਨ੍ਹਾਂ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਕਦੇ ਸੋਚਿਆ ਹੀ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਆਪਣੇ ਪੈਰੋਕਾਰ ਧਰਤੀ ਹਵਾ ਪਾਣੀ ਆਦਿ ਕੁਦਰਤੀ ਸੋਮਿਆਂ ਨੂੰ ਅਸ਼ੁੱਧ ਕਰਨ ਲੱਗ ਜਾਣਗੇ।
ਸਿੱਖਿਆਵਾਂ ਤੇ ਅਮਲ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਜਾਗ ਜਾਈਏ ਤਾਂ ਸਾਰੇ ਵਾਤਾਵਰਣ ਨੂੰ ਸਾਫ ਕੀਤਾ ਜਾ ਸਕਦਾ ਹੈ। ਪ੍ਰਸਿੱਧ ਆਲੋਚਕ ਡਾ. ਜਗਬੀਰ ਸਿੰਘ ਨੇ ਸਿਧਾਂਤਕ ਹਵਾਲਿਆਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਸੀਂ ਆਪਣੀ ਗਿਆਨ ਦੀ ਮਹਾਨ ਪਰੰਪਰਾ ਦਾ ਪੂਰਾ ਲਾਹਾ ਨਹੀਂ ਲਿਆ ਹੈ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਆਪਣੇ ਸਮੇਂ ਦੀ ਉਹ ਜਾਗਰਿਤ ਅਤੇ ਮਹਾਨ ਸਖਸ਼ੀਅਤ ਸਨ ਜਿਨ੍ਹਾਂ ਨੇ ਸੰਗੀਤ ਰਾਹੀਂ ਪਰਮ ਗਿਆਨ ਦਾ ਪ੍ਰਵਚਨ ਉਸਾਰਿਆ।
ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਕੋ ਜਗ੍ਹਾ ਕੋਈ ਮੱਠ ਉਸਾਰਨ ਦੀ ਬਜਾਇ ਉਦਾਸੀ ਪ੍ਰਥਾ ਤੋਰੀ ਅਤੇ ਵਖ-ਵਖ ਥਾਵਾਂ ਤੇ ਜਾ ਕੇ ਗਿਆਨ ਹਾਸਿਲ ਵੀ ਕੀਤਾ ਅਤੇ ਗਿਆਨ ਵੰਡਿਆ ਵੀ। ਵਿਭਾਗ ਮੁਖੀ ਡਾ. ਭੀਮਇੰਦਰ ਸਿੰਘ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਸਮੁੱਚੀ ਕਾਨਫਰੰਸ ਦੀ ਰੂਪ ਰੇਖਾ ਉੱਪਰ ਚਾਨਣਾ ਪਾਇਆ ਅਤੇ ਮੰਚ ਸੰਚਾਲਨ ਡਾ. ਅੰਮ੍ਰਿਤਪਾਲ ਕੌਰ ਵੱਲੋਂ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।