ਨਵੇਂ ਵਰ੍ਹੇ ‘ਤੇ ਸਾਰਥਿਕ ਟੀਚੇ ਮਿੱਥਣ ਦੀ ਲੋੜ
ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨ ਕੀਤਾ ਇੰਗਲੈਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਨੂੰ ਅਪਣਾਇਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ ਈਸਾਈ ਧਰਮ ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ‘ਜੀ ਆਇਆਂ ‘ ਕਿਹਾ ਜਾਣ ਲੱਗਾ
ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ‘ਚ ਬਿਤਾਈ ਜਾਂਦੀ ਹੈ ਉਂਜ ਤਾਂ ਹਰ ਦਿਨ ਨਵਾਂ ਸਾਲ ਹੀ ਹੁੰਦਾ ਹੈ ਕਿਉਂਕਿ ਹਰ ਨਵਾਂ ਦਿਨ ਨਵੀਆਂ ਉਮੰਗਾਂ, ਸੁਪਨੇ ਲੈਕੇ ਆਉਂਦਾ ਹੈ ਜਿਸ ਦੀ ਪ੍ਰਾਪਤੀ ਹਿੱਤ ਸਮੁੱਚੀ ਲੋਕਾਈ ਆਪਣੇ ਮੁਕਾਮ ਪਾਉਣ ਲਈ ਯਾਤਰਾ ਅਰੰਭਦੀ ਹੈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਹੈ ਅਗਲੇ ਦਿਨ ਤੋਂ ਫਿਰ ਉਹੀ ਯਾਤਰਾ ਅਰੰਭ ਹੁੰਦੀ ਹੈ ਤੇ ਮੰਜ਼ਿਲਾਂ ‘ਤੇ ਪਹੁੰਚਣ ਦੀ ਆਸ ਲਾਏ ਰਾਹੀ ਲਗਾਤਾਰ ਪੰਧ ਨੂੰ ਨਿਬੇੜਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਫਿਰ ਵੀ ਸੰਸਾਰ ਪੱਧਰ ‘ਤੇ ਇੱਕ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ ਹਰ ਦਿਨ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ, ਉਹ ਭਾਵੇਂ ਧਾਰਮਿਕ ਜਾਂ ਸਮਾਜਿਕ ਹੋਵੇ ਨਵਾਂ ਸਾਲ ਮਨਾਉਣ ਦੀ ਪਿਰਤ ਬੜੀ ਪੁਰਾਣੀ ਹੈ ਤੇ ਕਈ ਦੇਸ਼ਾਂ ਵਿੱਚ ਇੱਕ ਜਨਵਰੀ ਦੀ ਬਜਾਇ ਹੋਰ ਦਿਨ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ
ਤਕਨਾਲੋਜੀ ਦੇ ਪ੍ਰਭਾਵ ਕਾਰਨ ਲੋਕ ਇੱਕ ਦੂਜੇ ਦੇ ਨੇੜੇ ਆਏ ਹਨ ਤੇ ਆਦਾਨ-ਪ੍ਰਦਾਨ ਦੇ ਰਸਤੇ ਖੁੱਲ੍ਹੇ ਹਨ ਜਿਸ ਕਾਰਨ ਸੱਭਿਆਚਾਰਕ ਸਾਂਝਾਂ ਦੀ ਪਿਰਤ ਪਈ ਹੈ ਲੋਕਾਂ ਨੇ ਇੱਕ-ਦੂਜੇ ਦੇ ਸੱਭਿਆਚਾਰ ਨੂੰ ਅਪਣਾਇਆ ਹੈ ਜਿਸਦੀ ਪ੍ਰਤੱਖ ਮਿਸਾਲ ਨਵਾਂ ਸਾਲ ਹੈ ਉਂਝ ਭਾਵੇਂ ਸੂਰਜ ਸਾਡੇ ਦੇਸ਼ ਵਿੱਚ ਫੁੱਟਦਾ ਹੈ ਪਰ ਚਾਨਣ ਦੀ ਆਸ ਅਸੀਂ ਪੱਛਮ ਤੋਂ ਰੱਖਦੇ ਹਾਂ ਉੱਧਰੋਂ ਆਉਂਦੀ ਰੋਸ਼ਨੀ ਸਾਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਸੀਂ ਉਸਦਾ ਪ੍ਰਭਾਵ ਖਿੜੇ ਮੱਥੇ ਕਬੂਲਦੇ ਹਾਂ
ਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਦਿੱਤੀ ਹੈ ਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡੀ ਸੰਸਕ੍ਰਿਤੀ ਹੈ ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈਕੇ ਆਉਂਦੀ ਹੈ ਜਿਸਨੂੰ ਅਸੀਂ ਕਬੂਲਣਾ ਹੈ ਨਵੀਂ ਚੀਜ ਜੇਕਰ ਆਈ ਹੈ ਤਾਂ ਉਸਨੂੰ ਰੱਖਣ ਲਈ ਜਗ੍ਹਾ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਸੋ ਜਗ੍ਹਾ ਪ੍ਰਬੰਧ ਕਾਰਨ ਪੁਰਾਣੇ ਅਤੇ ਫਾਲਤੂ ਸਮਾਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁਝ ਨਵਾਂ ਦੇਣਾ ਹੈ
ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ ਨਵੀਨ ਅਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪ ਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਲਿਆ ਜਾਵੇ ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੁੰਦੀ ਹੈ ਜਿਸ ਵਿੱਚੋਂ ਬੋਅ ਮਾਰਨੀ ਸੁਭਾਵਿਕ ਹੈ ਨਵੇਂ ਵਰ੍ਹੇ ‘ਤੇ ਜ਼ਿੰਦਗੀ ਦਾ ਉਦੇਸ਼ ਮਿੱਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿੱਤ ਸਖ਼ਤ ਮਿਹਨਤ ਦਾ ਪੱਲਾ ਫੜਿਆ ਜਾਵੇ ਨਿਸ਼ਾਨੇ ਮਿੱਥੇ ਬਿਨਾਂ ਮੰਜ਼ਿਲਾਂ ਸਰ ਨਹੀ ਹੁੰਦੀਆਂ ਅਤੇ ਮੰਜ਼ਿਲਾਂ ਸਰ ਕਰਨ ਲਈ ਦ੍ਰਿੜ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ ਦ੍ਰਿੜ ਹੌਸਲਾ ਜਿੰਮੇਵਾਰੀਆਂ ‘ਚੋਂ ਉਪਜਦਾ ਹੈ ਜਿੰਨਾ ਕੋਈ ਇਨਸਾਨ ਜਿੰਮੇਵਾਰ ਹੋਵੇਗਾ ਉਨਾਂ ਹੀ ਉਸਦਾ ਹੌਂਸਲਾ ਦ੍ਰਿੜ ਹੋਵੇਗਾ ਅਤੇ ਫੈਸਲਾ ਲੈਣ ਦੇ ਯੋਗ ਹੋਵੇਗਾ
ਜ਼ਿੰਦਗੀ ਫੈਸਲਿਆਂ ਦੀ ਸਰਜ਼ਮੀਂ ਹੈ ਜਿਹੋ ਜਿਹਾ ਫੈਸਲਾ ਲੈਕੇ ਅਸੀਂ ਬੀਜ ਪਾਵਾਂਗੇ ਉਹੋ ਜਿਹਾ ਬੂਟਾ ਉੱਗੇਗਾ ਸੋ ਨਵੇਂ ਵਰ੍ਹੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਸਹੀ ਸਮਂੇ ਸਹੀ ਫੈਸਲੇ ਕੀਤੇ ਜਾਣ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ ਖੁਸ਼ਹਾਲੀ ਲੈ ਕੇ ਆਵੇ ਪਿੱਛੇ ਲਏ ਗਏ ਫੈਸਲਿਆਂ ਦੀ ਘੋਖ ਕਰਨ ਦਾ ਇਹ ਸਮਾਂ ਉੱਤਮ ਹੈ ਜੇਕਰ ਅਸੀਂ ਬੀਤੇ ਵਰ੍ਹੇ ਦੀ ਘੋਖ ਪੜਤਾਲ ਕਰਾਂਗੇ ਤਾਂ ਲਾਜ਼ਮੀ ਸਾਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋਵੇਗਾ ਅਤੇ ਨਵੇਂ ਸਿਰਿਓਂ ਫੈਸਲੇ ਲੈਣ ‘ਚ ਅਸਾਨੀ ਹੋਵੇਗੀ
ਪੁਰਾਣੇ ਨੂੰ ਭੁੱਲਣਾ ਨਾਮੁਮਕਿਨ ਹੁੰਦਾ ਹੈ ਫਿਰ ਵੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਵਰਤਮਾਨ ਦਾ ਹਿੱਸਾ ਬਣੀਏ ਅਜੋਕਾ ਮਨੁੱਖ ਜਾਂ ਤਾਂ ਇਤਿਹਾਸ ਵਿੱਚ ਜਿਉਂਦਾ ਹੈ ਜਾਂ ਫਿਰ ਭਵਿੱਖ ਵਿੱਚ ਸੋ ਇਹ ਲਾਜ਼ਮੀ ਹੈ ਕਿ ਅਸੀਂ ਵਰਤਮਾਨ ਵਿੱਚ ਜਿਉਣ ਦੀ ਜਾਚ ਸਿੱਖੀਏ ਤੇ ਪ੍ਰਣ ਕਰੀਏ ਵਰਤਮਾਨ ਵਿੱਚ ਜਿਉਣ ਦਾ ਦੋਸਤਾਂ -ਮਿੱਤਰਾਂ ਨਾਲ ਹੋਏ ਗਿਲੇ ਸ਼ਿਕਵੇ ਮਿਟਾਉਣ ਦਾ ਇਹ ਵਧੀਆ ਮੌਕਾ ਹੈ ਇਸਨੂੰ ਗਵਾਇਆ ਨਾ ਜਾਵੇ ਅਕਸਰ ਜ਼ਿੰਦਗੀ ‘ਚ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਅ ਆਉਂਦੇ ਹਨ ਜੇਕਰ ਸਮਾਂ ਰਹਿੰਦੇ ਇਨ੍ਹਾਂ ਨੂੰ ਨਾ ਸੁਲਝਾਇਆ ਜਾਵੇ ਤਾਂ ਸਿਉਂਕ ਵਾਂਗ ਇਹ ਗਿਲੇ ਸ਼ਿਕਵੇ ਰਿਸ਼ਤਿਆਂ ਨੂੰ ਚੱਟ ਕਰ ਜਾਂਦੇ ਹਨ
ਮਨੁੱਖੀ ਸੁਭਾਅ ਆਪਣੀਆਂ ਗਲਤੀਆਂ ਲਈ ਬਹੁਤ ਵੱਡਾ ਵਕੀਲ ਹੈ ਤੇ ਦੂਜਿਆਂ ਦੀ ਗਲਤੀ ਲਈ ਸਭ ਤੋਂ ਵੱਡਾ ਜੱਜ ਹੋ ਨਿੱਬੜਦਾ ਹੈ ਹਰ ਇਨਸਾਨ ਦੇ ਸਿੱਕੇ ਵਾਂਗ ਦੋ ਪਹਿਲੂ ਹੁੰਦੇ ਹਨ ਤੇ ਅਸੀਂ ਇੱਕ ਪਹਿਲੂ ਨੂੰ ਮੱਦੇਨਜ਼ਰ ਰੱਖ ਕੇ ਉਸ ਬਾਰੇ ਫੈਸਲੇ ਸੁਣਾ ਦਿੰਦੇ ਹਾਂ ਜੋ ਉਸ ਨਾਲ ਬੇਇਨਸਾਫੀ ਹੁੰਦੀ ਹੈ ਹਰ ਇਨਸਾਨ ਦੀ ਵੱਖਰੀ ਹਸਤੀ ਹੈ ਤੇ ਅਸੀਂ ਉਸਨੂੰ ਆਪਣੇ ਹੀ ਹਿਸਾਬ ਨਾਲ ਨਹੀਂ ਮਾਪ ਸਕਦੇ ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਹਾਲਾਤ ਤੇ ਹੋਰ ਕਾਰਨ ਹੁੰਦੇ ਹਨ ਉਸਨੂੰ ਅਜਿਹਾ ਬਣਾਉਣ ਲਈ ਇਹ ਲਾਜ਼ਮੀ ਹੈ ਅਸੀਂ ਇਸ ਸੰਕਲਪ ਨੂੰ ਜਰੂਰ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਇਨਸਾਨ ਨੂੰ ਇਨਸਾਨ ਸਮਝਣ ਦੇ ਰਾਹ ਤੁਰੀਏ ਜਾਣੇ ਅਣਜਾਣੇ ‘ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗ ਕੇ ਆਪਣੇ ਰਿਸ਼ਤਿਆਂ ਨੂੰ ਨਵੇਂ ਰਾਹਾਂ ਵੱਲ ਤੋਰੀਏ
ਮੁੱਕਦੀ ਗੱਲ ਅਸੀਂ ਸਾਰੇ ਨਵੇਂ ਸਾਲ ਦੀ ਆਮਦ ‘ਤੇ ਆਪਣੀ ਸੋਚ ਨੂੰ ਨਵੇਂ ਆਯਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿੱਤ ਤਿੱਖੀ ਕਰੀਏ ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ ਗੰਦੀ ਰਾਜਨੀਤੀ, ਔਰਤਾਂ ‘ਤੇ ਹੁੰਦੇ ਅੱਤਿਆਚਾਰ, ਧਾਰਮਿਕ ਕੱਟੜਤਾ ਅਤੇ ਨਾਬਰਾਬਰਤਾ ਜਿਹੇ ਵਰਤਾਰੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ ਜਦੋਂ ਨਵੇਂ ਵਰ੍ਹੇ ਨੂੰ ਗਲ ਲਾਉਣ ਲਈ ਅਸੀਂ ਇੰਨੇ ਉਤਾਵਲੇ ਹਾਂ ਤਾਂ ਲਾਜ਼ਮੀ ਹੀ ਸਾਨੂੰ ਪੁਰਾਣੇ ਭੇਦਭਾਵ, ਗਿਲੇ ਸ਼ਿਕਵੇ ਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ
ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਲਈ ਹਿਤਕਾਰੀ ਹੋਵੇਗੀ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਟੀਚੇ ਮਿੱਥਣ ਦੀ ਲੋੜ ਹੈ ਅਤੇ ਸਾਰਥਿਕ ਪਹੁੰਚ ਅਪਣਾਉਣ ਦੀ ਅਹਿਮ ਲੋੜ ਹੈ ਆਪਣੇ ਮੁਕਾਮ ਪਾਉਣ ਲਈ ਸਖ਼ਤ ਮਿਹਨਤ ਦਾ ਪੱਲਾ ਫੜ ਕੇ ਸਫਲਤਾ ਨੂੰ ਆਪਣੇ ਅਧਿਕਾਰ ਖੇਤਰ ਹੇਠ ਲਿਆ ਜਾਵੇ ਨਵੇਂ ਸਾਲ ਦੀ ਸਾਰਥਿਕਤਾ ਇਸ ਗੱਲ ਵਿੱਚ ਹੈ ਕਿ ਸਾਨੂੰ ਨਵੇਂ ਵਿਚਾਰ, ਨਵੇਂ ਕੰਮ ਦਾ ਆਗਾਜ਼ ਨਵੀਂ ਊਰਜਾ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲਾ ਸਾਡੇ ਲਈ ਸਾਰਥਿਕ ਸੁਨੇਹੇ ਲੈਕੇ ਆਵੇ
ਚੱਕ ਬਖਤੂ, (ਬਠਿੰਡਾ)
ਮੋ. 94641-72783
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ