ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, March 2, 2026
More
    Home Breaking News India France ...

    India France Partnership: ਮਜ਼ਬੂਤ ਹੋ ਰਹੀ ਭਾਰਤ-ਫਰਾਂਸ ਸਾਂਝੇਦਾਰੀ ਦਾ ਨਵਾਂ ਗੇੜ

    India France Partnership
    India France Partnership: ਮਜ਼ਬੂਤ ਹੋ ਰਹੀ ਭਾਰਤ-ਫਰਾਂਸ ਸਾਂਝੇਦਾਰੀ ਦਾ ਨਵਾਂ ਗੇੜ

    India France Partnership: ਮੁੰਬਈ ਦੀਆਂ ਸੜਕਾਂ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਸਹਿਜ਼ ਮੌਜੂਦਗੀ ਸਿਰਫ ਇੱਕ ਰਸਮੀ ਦੌਰੇ ਦਾ ਦਿ੍ਰਸ਼ ਨਹੀਂ ਸੀ, ਇਹ ਭਾਰਤ ਅਤੇ ਫਰਾਂਸ ਵਿਚਕਾਰ ਨਿਰੰਤਰ ਡੂੰਘੇ ਹੁੰਦੇ ਵਿਸ਼ਵਾਸ ਦਾ ਸੰਕੇਤ ਵੀ ਸੀ। ਪਿਛਲੇ ਢਾਈ ਦਹਾਕਿਆਂ ਵਿਚ ਦੋਵਾਂ ਦੇਸ਼ਾਂ ਦੇ ਸੰਬੰਧ ਇੱਕ ਆਮ ਕੂਟਨੀਤਕ ਸੰਪਰਕ ਤੋਂ ਅੱਗੇ ਵਧ ਕੇ ਵਿਸ਼ਾਲ ਰਣਨੀਤਕ ਸਾਂਝੇਦਾਰੀ ਵਿਚ ਬਦਲ ਚੁੱਕੇ ਹਨ। ਸਾਲ 1998 ਵਿਚ ਸਥਾਪਿਤ ਇਹ ਰਣਨੀਤਕ ਸਾਂਝੇਦਾਰੀ ਅੱਜ ਰੱਖਿਆ, ਪੁਲਾੜ, ਸਮੁੰਦਰੀ ਸੁਰੱਖਿਆ, ਊਰਜਾ, ਸਿੱਖਿਆ ਤੇ ਉੱਨਤ ਤਕਨਾਲੋਜੀ ਤੱਕ ਫੈਲੀ ਹੋਈ ਹੈ। ਸਮੇਂ ਦੀ ਕਸੌਟੀ ’ਤੇ ਪਰਖੀ ਗਈ ਇਹ ਨੇੜਤਾ ਹੁਣ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਰਾਸ਼ਟਰਪਤੀ ਮੈਕਰੋਂ ਦਾ ਹਾਲੀਆ ਭਾਰਤ ਦੌਰਾ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। India France Partnership

    ਇਹ ਖਬਰ ਵੀ ਪੜ੍ਹੋ : Tehran Attack News: ਤਹਿਰਾਨ ’ਚ 40 ਵਿਦਿਆਰਥਣਾਂ ਦੀ ਮੌਤ, ਇਜ਼ਰਾਈਲ ਦਾ ਦਾਅਵਾ, ਈਰਾਨ ਦੇ ਰੱਖਿਆ ਮੰਤਰੀ ਮਾਰੇ ਗਏ

    ਨਵੀਂ ਦਿੱਲੀ ਵਿਚ ਹੋਈਆਂ ਗੱਲਾਂਬਾਤਾਂ ਵਿਚ ਵਪਾਰ, ਰੱਖਿਆ ਉਤਪਾਦਨ, ਸਾਫ ਊਰਜਾ, ਪੁਲਾੜ ਖੋਜ ਅਤੇ ਉੱਨਤ ਡਿਜ਼ੀਟਲ ਢਾਂਚੇ ਵਰਗੇ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਭਾਰਤ ਅਤੇ ਫਰਾਂਸ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਆਰਟੀਫਿਸ਼ੀਅਲ ਇੰਟੈਲੀਜੈਂਸ, ਗ੍ਰੀਨ ਹਾਈਡ੍ਰੋਜਨ, ਰੱਖਿਆ ਨਿਰਮਾਣ ਤੇ ਉੱਚ ਸਿੱਖਿਆ ਵਿਚ ਸਾਂਝੀਆਂ ਖੋਜਾਂ ਨੂੰ ਤਰਜ਼ੀਹ ਦਿੱਤੀ ਗਈ। ਇਹ ਸਹਿਯੋਗ ਸਿਰਫ ਐਲਾਨਾਂ ਤੱਕ ਸੀਮਤ ਨਹੀਂ ਹੈ, ਇਸ ਦੇ ਪਿੱਛੇ ਸਪੱਸ਼ਟ ਰਣਨੀਤਕ ਨਜ਼ਰੀਆ ਦਿਖਾਈ ਦਿੰਦਾ ਹੈ। ਭਾਰਤ ਅਤੇ ਫਰਾਂਸ ਦੀ ਵਿਦੇਸ਼ ਨੀਤੀ ਵਿਚ ਰਣਨੀਤਕ ਖੁਦਮੁਖਤਿਆਰੀ ਦਾ ਸਿਧਾਂਤ ਇੱਕ ਸਾਂਝਾ ਆਧਾਰ ਪ੍ਰਦਾਨ ਕਰਦਾ ਹੈ। ਸੀਤ ਯੁੱਧ ਦੇ ਦੌਰ ਵਿਚ ਵੀ ਫਰਾਂਸ ਨੇ ਕਈ ਮੁੱਦਿਆਂ ’ਤੇ ਸੁਤੰਤਰ ਰੁਖ ਅਪਣਾਇਆ।

    ਸਾਲ 1998 ਵਿਚ ਭਾਰਤ ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਜਦੋਂ ਕਈ ਪੱਛਮੀ ਦੇਸ਼ਾਂ ਨੇ ਪਾਬੰਦੀਆਂ ਲਾਈਆਂ, ਤਾਂ ਫਰਾਂਸ ਨੇ ਸੰਤੁਲਿਤ ਨਜ਼ਰੀਆ ਰੱਖਿਆ ਅਤੇ ਸੰਵਾਦ ਦਾ ਰਾਹ ਨਹੀਂ ਬੰਦ ਕੀਤਾ। ਬਾਅਦ ਵਾਲੇ ਸਾਲਾਂ ਵਿਚ ਨਾਗਰਿਕ ਪਰਮਾਣੂ ਊਰਜਾ ਸਹਿਯੋਗ ਨੂੰ ਅੱਗੇ ਵਧਾਉਣ ਵਿਚ ਫਰਾਂਸ ਨੇ ਸਰਗਰਮ ਭੂਮਿਕਾ ਨਿਭਾਈ। ਇਹ ਰੁਖ ਭਾਰਤ ਵਿਚ ਸਕਾਰਾਤਮਕ ਰੂਪ ਵਿਚ ਵੇਖਿਆ ਗਿਆ ਤੇ ਪਰਸਪਰ ਵਿਸ਼ਵਾਸ ਨੂੰ ਬਲ ਮਿਲਿਆ। ਰੱਖਿਆ ਖੇਤਰ ਵਿਚ ਸਹਿਯੋਗ ਇਸ ਸੰਬੰਧ ਦਾ ਮੁੱਖ ਥੰਮ੍ਹ ਹੈ। ਭਾਰਤ ਵੱਲੋਂ ਖਰੀਦੇ ਗਏ ਰਾਫੇਲ ਲੜਾਕੂ ਜਹਾਜ਼ਾਂ ਨੇ ਹਵਾਈ ਸ਼ਕਤੀ ਨੂੰ ਨਵੀਂ ਸਮਰੱਥਾ ਦਿੱਤੀ ਹੈ। India France Partnership

    ਇਸ ਤੋਂ ਇਲਾਵਾ ਸਕਾਰਪੀਅਨ ਪਣਡੁੱਬੀਆਂ ਦੇ ਨਿਰਮਾਣ ਵਿਚ ਵੀ ਫਰਾਂਸੀਸੀ ਸਹਿਯੋਗ ਮਹੱਤਵਪੂਰਨ ਰਿਹਾ ਹੈ। ਦੋਵੇਂ ਦੇਸ਼ ਰੱਖਿਆ ਉਪਕਰਨਾਂ ਦੇ ਸਾਂਝੇ ਉਤਪਾਦਨ ਅਤੇ ਤਕਨਾਲੋਜੀ ਲੈਣ-ਦੇਣ ’ਤੇ ਵੀ ਕੰਮ ਕਰ ਰਹੇ ਹਨ, ਜਿਸ ਨਾਲ ਆਤਮ-ਨਿਰਭਰਤਾ ਨੂੰ ਬਲ ਮਿਲ ਸਕੇ। ਹਿੰਦ ਮਹਾਂਸਾਗਰ ਖੇਤਰ ਵਿਚ ਸਮੁੰਦਰੀ ਸੁਰੱਖਿਆ, ਸਾਂਝੇ ਅਭਿਆਸ ਤੇ ਜਾਣਕਾਰੀਆਂ ਦੇ ਆਦਾਨ-ਪ੍ਰਦਾਨ ਨਾਲ ਰਣਨੀਤਕ ਤਾਲਮੇਲ ਵੀ ਮਜ਼ਬੂਤ ਹੋਇਆ ਹੈ। ਫਰਾਂਸ ਕੋਲ ਇਸ ਖੇਤਰ ਵਿਚ ਟਾਪੂ ਖੇਤਰ ਅਧਿਕਾਰ ਅਤੇ ਫੌਜੀ ਅੱਡੇ ਹਨ, ਜੋ ਸਮੁੰਦਰੀ ਨਿਗਰਾਨੀ ਵਿਚ ਸਹਿਯੋਗ ਦਾ ਅਧਾਰ ਬਣਦੇ ਹਨ। India France Partnership

    ਇੰਡੋ-ਪੈਸੀਫਿਕ ਖੇਤਰ ਵਿਚ ਸਥਿਰਤਾ ਬਣਾਈ ਰੱਖਣ ਦੇ ਵਿਸ਼ੇ ’ਤੇ ਦੋਵਾਂ ਦੇਸ਼ਾਂ ਦੀ ਸੋਚ ਵਿਚ ਸਮਾਨਤਾ ਹੈ। ਭਾਰਤ ਬਹੁ-ਧਰੁਵੀ ਵਿਸ਼ਵ ਵਿਵਸਥਾ ਦਾ ਸਮੱਰਥਕ ਹੈ ਅਤੇ ਫਰਾਂਸ ਵੀ ਯੂਰਪ ਦੀ ਸੁਤੰਤਰ ਰਣਨੀਤਕ ਪਛਾਣ ਦੀ ਵਕਾਲਤ ਕਰਦਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ਵ ਚੁਣੌਤੀਆਂ ਦਾ ਹੱਲ ਗੱਲਬਾਤ ਅਤੇ ਸੰਤੁਲਨ ਨਾਲ ਹੀ ਸੰਭਵ ਹੈ। ਜਲਵਾਯੂ ਬਦਲਾਅ, ਅੱਤਵਾਦ, ਸਮੁੰਦਰੀ ਸੁਰੱਖਿਆ ਅਤੇ ਸਪਲਾਈ ਚੇਨ ਦੀ ਸਥਿਰਤਾ ਵਰਗੇ ਵਿਸ਼ਿਆਂ ’ਤੇ ਸਾਂਝੀਆਂ ਪਹਿਲਕਦਮੀਆਂ ਇਸ ਸੋਚ ਨੂੰ ਉਜਾਗਰ ਕਰਦੀਆਂ ਹਨ। ਊਰਜਾ ਅਤੇ ਜਲਵਾਯੂ ਖੇਤਰ ਵਿਚ ਸਹਿਯੋਗ ਵੀ ਜ਼ਿਕਰਯੋਗ ਹੈ।

    ਸਾਲ 2015 ਵਿਚ ਪੈਰਿਸ ਵਿਚ ਆਯੋਜਿਤ ਜਲਵਾਯੂ ਸੰਮੇਲਨ ਦੌਰਾਨ ਭਾਰਤ ਅਤੇ ਫਰਾਂਸ ਨੇ ਮਿਲ ਕੇ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਸਥਾਪਨਾ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਇਸ ਪਹਿਲਕਦਮੀ ਦਾ ਉਦੇਸ਼ ਸੌਰ ਊਰਜਾ ਨੂੰ ਸੌਖੀ ਅਤੇ ਸਸਤੀ ਬਣਾਉਣਾ ਹੈ। ਸਾਫ ਊਰਜਾ ਬਦਲਾਅ ਦੇ ਦੌਰ ਵਿਚ ਗ੍ਰੀਨ ਤਕਨਾਲੋਜੀ, ਪਰਮਾਣੂ ਥਰਮਲ ਪਲਾਂਟਾਂ ਅਤੇ ਗ੍ਰੀਨ ਹਾਈਡ੍ਰੋਜ਼ਨ ’ਤੇ ਸਹਿਯੋਗ ਭਵਿੱਖ ਦੀ ਦਿਸ਼ਾ ਤੈਅ ਕਰ ਸਕਦਾ ਹੈ। ਨਵੀਨਤਾ ਅਤੇ ਡਿਜ਼ੀਟਲ ਢਾਂਚੇ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਭਾਰਤ ਨੇ ਡਿਜ਼ੀਟਲ ਭੁਗਤਾਨ ਅਤੇ ਜਨ ਸੇਵਾ ਵੰਡ ਵਿਚ ਜ਼ਿਕਰਯੋਗ ਤਰੱਕੀ ਕੀਤੀ ਹੈ। ਵੱਡੇ ਪੈਮਾਨੇ ’ਤੇ ਡਿਜ਼ੀਟਲ ਪਛਾਣ, ਸਿੱਧੇ ਲਾਭ ਭੁਗਤਾਨ ਅਤੇ ਸਿਹਤ ਢਾਂਚੇ ਦੇ ਵਿਸਥਾਰ ਨੇ ਵਿਸ਼ਵ ਪੱਧਰ ’ਤੇ ਧਿਆਨ ਖਿੱਚਿਆ ਹੈ। India France Partnership

    ਫਰਾਂਸ ਇਸ ਅਨੁਭਵ ਤੋਂ ਸਿੱਖਣ ਅਤੇ ਸਾਂਝੀਆਂ ਖੋਜਾਂ ਨੂੰ ਵਧਾਉਣ ਵਿਚ ਰੁਚੀ ਰੱਖਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਪੁਲਾੜ ਤਕਨੀਕ ਅਤੇ ਜੈਵਿਕ ਮੈਡੀਕਲ ਰਿਸਰਚ ਵਿਚ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਅਤੇ ਉੱਦਮੀਆਂ ਨੂੰ ਨਵੇਂ ਮੌਕੇ ਮਿਲਣਗੇ। ਸਿੱਖਿਆ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵੀ ਸੰਬੰਧਾਂ ਦੀ ਡੂੰਘਾਈ ਦਾ ਪ੍ਰਮਾਣ ਹੈ। ਭਾਰਤੀ ਵਿਦਿਆਰਥੀਆਂ ਲਈ ਫਰਾਂਸ ਉੱਚ ਸਿੱਖਿਆ ਦਾ ਆਕਰਸ਼ਕ ਕੇਂਦਰ ਬਣ ਰਿਹਾ ਹੈ। ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਕਾਰ ਸਾਂਝੇ ਪ੍ਰੋਗਰਾਮ ਅਤੇ ਰਿਸਰਚ ਪ੍ਰੋਜੈਕਟ ਗਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰ ਰਹੇ ਹਨ। ਸੱਭਿਆਚਾਰਕ ਸੰਪਰਕ ਨਾਲ ਲੋਕ-ਪੱਧਰ ’ਤੇ ਸਮਝ ਅਤੇ ਨੇੜਤਾ ਵਧਦੀ ਹੈ, ਜੋ ਦੀਰਘਕਾਲੀ ਸਬੰਧਾਂ ਦੀ ਨੀਂਹ ਹੁੰਦੀ ਹੈ। ਯੂਰਪੀ ਸੰਘ ਵਿਚ ਫਰਾਂਸ ਦੀ ਪ੍ਰਭਾਵਸ਼ਾਲੀ ਭੂਮਿਕਾ ਭਾਰਤ ਲਈ ਵਧੇਰੇ ਮੌਕੇ ਪ੍ਰਦਾਨ ਕਰਦੀ ਹੈ।

    ਭਾਰਤ ਅਤੇ ਯੂਰਪੀ ਸੰਘ ਵਿਚਕਾਰ ਮੁਕਤ ਵਪਾਰ ਸਮਝੌਤੇ ’ਤੇ ਚੱਲ ਰਹੀਆਂ ਗੱਲਾਂਬਾਤਾਂ ਵਿਚ ਫਰਾਂਸ ਦੀ ਸਕਾਰਾਤਮਕ ਭੂਮਿਕਾ ਉਪਯੋਗੀ ਸਾਬਤ ਹੋ ਸਕਦੀ ਹੈ। ਅਫਰੀਕਾ ਅਤੇ ਹਿੰਦ ਮਹਾਂਸਾਗਰ ਖੇਤਰ ਵਿਚ ਤਿਕੋਣੀ ਸਹਿਯੋਗ ਦੀਆਂ ਸੰਭਾਵਨਾਵਾਂ ਵੀ ਚਰਚਾ ਦਾ ਵਿਸ਼ਾ ਹਨ, ਜਿੱਥੇ ਵਿਕਾਸ, ਸਮਰੱਥਾ ਨਿਰਮਾਣ ਤੇ ਸਮੁੰਦਰੀ ਸੁਰੱਖਿਆ ਵਿਚ ਸਾਂਝੀਆਂ ਪਹਿਲਕਦਮੀਆਂ ਕੀਤੀਆਂ ਜਾ ਸਕਦੀਆਂ ਹਨ। ਸਮੁੱਚੇ ਰੂਪ ਵਿਚ ਵੇਖੀਏ ਤਾਂ ਭਾਰਤ-ਫਰਾਂਸ ਸੰਬੰਧ ਸਿਰਫ ਦੁਵੱਲੇ ਹਿੱਤਾਂ ਤੱਕ ਸੀਮਤ ਨਹੀਂ ਹਨ।

    ਇਹ ਸਾਂਝੇਦਾਰੀ ਵਿਸ਼ਵ ਸੰਤੁਲਨ, ਤਕਨੀਕੀ ਤਰੱਕੀ ਅਤੇ ਸਥਾਈ ਵਿਕਾਸ ਦੇ ਵਿਸ਼ਾਲ ਟੀਚਿਆਂ ਨਾਲ ਜੁੜੀ ਹੋਈ ਹੈ। ਪਰਸਪਰ ਸਤਿਕਾਰ, ਰਣਨੀਤਕ ਆਤਮ-ਨਿਰਭਰਤਾ ਅਤੇ ਸਾਂਝੇ ਲੋਕਤੰਤਰੀ ਮੁੱਲਾਂ ਨੇ ਇਸ ਨੂੰ ਵਿਸ਼ੇਸ਼ ਰੂਪ ਦਿੱਤਾ ਹੈ। ਆਉਣ ਵਾਲੇ ਸਾਲਾਂ ਵਿਚ ਜੇਕਰ ਇਹ ਸਹਿਯੋਗ ਇੱਕੋ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਤਾਂ ਇਹ ਨਾ ਸਿਰਫ ਦੋਵਾਂ ਦੇਸ਼ਾਂ ਦੇ ਹਿੱਤਾਂ ਵਿਚ ਹੋਵੇਗਾ, ਸਗੋਂ ਵਿਸ਼ਵ ਸਥਿਰਤਾ ਵਿਚ ਵੀ ਯੋਗਦਾਨ ਦੇਵੇਗਾ। India France Partnership

    (ਇਹ ਲੇਖਕ ਦੇ ਨਿੱਜੀ ਵਿਚਾਰ ਹਨ)
    ਡਾ. ਡੀ. ਕੇ. ਗਿਰੀ