ਨਵ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ‘ਤੇ ਗਰਮ ਪ੍ਰੈਸ ਤੇ ਚਿਮਟਿਆਂ ਨਾਲ ਜਖ਼ਮ ਕਰਨ ਦੇ ਦੋਸ਼

New Marriage, Accuses, Laws Family, Injured

ਰਜਿੰਦਰਾ ਹਸਪਤਾਲ ਵਿਖੇ ਦਾਖਲ, ਪਰਿਵਾਰ ਵੱਲੋਂ ਕਾਰਵਾਈ ਦੀ ਮੰਗ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਇੱਥੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਇੱਕ ਨਵ ਵਿਆਹੁਤਾ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ‘ਤੇ ਦਾਜ ਲਿਆਉਣ ਦੇ ਨਾਂਅ ‘ਤੇ ਬੁਰੀ ਤਰ੍ਹਾਂ ਕੁੱਟਮਾਰ ਦੇ ਕਥਿਤ ਦੋਸ਼ ਲਾਏ ਹਨ। ਲੜਕੀ ਨੇ ਆਪਣੇ ਸਰੀਰ ‘ਤੇ ਜਖਮ ਦਿਖਾਉਂਦਿਆ ਦੱਸਿਆ ਕਿ ਉਸ ਦੇ ਗਰਮ ਚਿਮਟੇ, ਪ੍ਰੈਸ ਆਦਿ ਲਾ ਕੇ ਬੁਰਾ ਹਾਲ ਕੀਤਾ ਗਿਆ ਹੈ ਅਤੇ ਉਹ ਆਪਣੀ ਜਾਨ ਬਚਾ ਕੇ ਆਪਣੇ ਮਾਪਿਆਂ ਕੋਲ ਪੁੱਜੀ ਹੈ। ਰਜਿੰਦਰਾ ਹਸਪਤਾਲ ਦੀ ਵਾਰਡ ਨੰਬਰ 23 ‘ਚ ਦਾਖਲ ਜਸਵਿੰਦਰ ਕੌਰ ਪੁੱਤਰੀ ਰਾਮ ਦਿਆਲ ਵਾਸੀ ਨਦਾਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 13 ਦਸੰਬਰ 2018 ਨੂੰ ਨਾਭਾ ਦੀ ਆਸਾਰਾਮ ਕਲੌਨੀ ਵਿਖੇ ਸੰਜੀਵ ਸ਼ਰਮਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਨਾਲ ਬੁਰਾ ਵਿਵਹਾਰ ਕੀਤਾ ਜਾਣ ਲੱਗਿਆ ਅਤੇ ਦਾਜ ਦੀ ਮੰਗ ਕਰਨ ਲੱਗੇ। ਜਸਵਿੰਦਰ ਕੌਰ ਦੇ ਪਿਤਾ ਰਾਮ ਦਿਆਲ ਨੇ ਦੱਸਿਆ ਕਿ ਉਹ ਪੰਜ ਲੜਕੀਆਂ ਦਾ ਪਿਤਾ ਹੈ ਅਤੇ ਉਸ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਵਿਆਹ ‘ਤੇ ਪੂਰਾ ਜੋਰ ਲਾਇਆ ਗਿਆ ਸੀ।

ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੇ ਪਤੀ ਅਤੇ ਸੱਸ ਵੱਲੋਂ ਉਸ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਅਜੇ ਪਰਸੋਂ ਉਹ ਦੋਹਾਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਆਏ ਸੀ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੜਕੀ ਅਤੇ ਉਸ ਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਗਿਆ ਸੀ। ਕੱਲ ਫਿਰ ਲੜਕੀ ਦੇ ਸਰੀਰ ਤੇ ਗਰਮ ਪ੍ਰੈਸ, ਚਿਮਟੇ ਆਦਿ ਲਾਕੇ ਉਸਦੇ ਸ਼ਰੀਰ ਤੇ ਜਖ਼ਮ ਦਿੱਤੇ ਗਏ ਅਤੇ ਉਸਦੀ ਧੀ ਆਪਣੀ ਜਾਨ ਬਚਾਕੇ ਉੱਥੋਂ ਨਿੱਕਲ ਆਈ। ਇਸ ਦੀ ਹਾਲਤ ਨੂੰ ਦੇਖਦਿਆ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇੱਥੇ ਰਜਿੰਦਰਾ ਹਸਪਤਾਲ ‘ਚ ਪੁਲਿਸ ਚੌਂਕੀ ਨੂੰ ਕੱਲ ਹੀ ਇਤਲਾਹ ਦਿੱਤੀ ਗਈ ਸੀ, ਪਰ ਨਾਭਾ ਥਾਣਾ ਤੋਂ ਅੱਜ ਮੁਲਾਜ਼ਮ ਆਏ ਸਨ ਅਤੇ ਉਨ੍ਹਾਂ ਵੱਲੋਂ ਲੜਕੀ ਦੇ ਬਿਆਨ ਦਰਜ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਸਾਨੂੰ ਹੀ ਭਲਾ ਬੁਰਾ ਬੋਲ ਰਹੇ ਸਨ। ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਉਨ੍ਹਾਂ ਦੀ ਅਵਾਜ਼ ਸੁਣੇ ਅਤੇ ਉਨ੍ਹਾਂ ਦੀ ਧੀ ਨੂੰ ਇਨਸਾਫ਼ ਦਿਵਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।