ਸਰਕਾਰੀ ਏਜੰਸੀ ਮਾਰਕਫੈਡ ਨੂੰ ਸਾਰਾ ਠੇਕਾ ਦੇ ਕੇ ਬਾਹਰ ਨਿਕਲਣਾ ਚਾਹੁੰਦੀ ਐ ਸਰਕਾਰ | New Atta Dal Scheme
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜਾਰੀ ਕੀਤੀ ਗਈ ਨਵੀਂ ਆਟਾ ਸਕੀਮ ’ਤੇ ਪਹਿਲਾਂ ਵਾਂਗ ਹੀ ਸੁਆਲ ਖੜੇ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਨਵੀਂ ਸਕੀਮ ਵਿੱਚ ਵੀ ਕੁਝ ਜਿਆਦਾ ਫੇਰਬਦਲ ਕਰਨ ਦੀ ਥਾਂ ’ਤੇ ਪੰਜਾਬ ਸਰਕਾਰ ਨੇ 90 ਫੀਸਦੀ ਤੋਂ ਜਿਆਦਾ ਪੁਰਾਣੀ ਆਟਾ ਸਕੀਮ ਨੂੰ ਹੀ ਕੈਬਨਿਟ ਵਿੱਚ ਪਾਸ ਕਰਵਾ ਲਿਆ ਗਿਆ ਹੈ।
ਵੱਡੀ ਕੰਪਨੀਆਂ ਤੋਂ ਆਟਾ ਪਿਸਵਾਉਣ ਲਈ ਟੈਂਡਰ ਜਾਰੀ ਕਰੇਗੀ ਮਾਰਕਫੈਡ, ਘਰ ਪਹੁੰਚਾਉਣ ਲਈ ਵੱਖਰੀ ਹੋਏਗੀ ਕੰਪਨੀ
ਨਵੀਂ ਸਕੀਮ ਵਿੱਚ ਫਰਕ ਸਿਰਫ਼ ਇੰਨਾ ਹੈ ਕਿ ਆਟੇ ਦੀ ਸਪਲਾਈ ਕਰਨ ਵਿੱਚ ਡੀਪੂ ਹੋਲਡਰ ਵੀ ਭਾਗ ਲੈ ਸਕਦੇ ਹਨ ਅਤੇ ਇਸ ਵਾਰ ਸਿੱਧੇ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ ਕਰਨ ਦੀ ਥਾਂ ’ਤੇ ਮਾਰਕਫੈੱਡ ਕੋਆਪਰੇਟਿਵ ਸੁਸਾਇਟੀ ਰਾਹੀਂ ਟੈਂਡਰ ਦਾ ਕੰਮ ਕਰਵਾਇਆ ਜਾਏਗਾ ਪਰ ਵੱਡੀਆਂ ਕੰਪਨੀਆਂ ਤੋਂ ਟੈਂਡਰ ਰਾਹੀਂ ਆਟਾ ਪਿਸਵਾਉਣ ਤੋਂ ਲੈ ਕੇ ਘਰ ਘਰ ਸਪਲਾਈ ਕਰਨ ਵਾਲੀ ਪ੍ਰਕਿਰਿਆ ਵਿੱਚ ਕੋਈ ਜਿਆਦਾ ਫੇਰਬਦਲ ਨਹੀਂ ਕੀਤਾ ਗਿਆ ਹੈ। ਨਵੀਂ ਆਟਾ ਸਪਲਾਈ ਵਾਲੀ ਪਾਲਿਸੀ ਵੀ ਉਨਾਂ ਸੁਆਲਾਂ ਨੂੰ ਮੁੜ ਖੜਾ ਕਰ ਰਹੀ ਹੈ, ਜਿਹੜੇ ਸੁਆਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 24 ਸਤੰਬਰ 2022 ਨੂੰ ਪੱਤਰ ਲਿਖਦੇ ਹੋਏ ਪੁੱਛੇ ਗਏ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਟਰੈਫਿਕ ਹਾਕਸ’ ਐਪ ਲਾਂਚ
ਰਾਜਪਾਲ ਦੇ ਤਿੰਨਾ ਸੁਆਲਾਂ ਅਤੇ ਸ਼ੰਕੇ ਨੂੰ ਇਸ ਨਵੀਂ ਪਾਲਿਸੀ ਵਿੱਚੋਂ ਵੀ ਬਾਹਰ ਨਹੀਂ ਕੀਤਾ ਗਿਆ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਆਟਾ ਅਤੇ ਕਣਕ ਸਪਲਾਈ ਦੀ ਨਵੀਂ ਪਾਲਿਸੀ ਨੂੰ ਪਾਸ ਕਰਦੇ ਹੋਏ ਲਾਗੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਪੰਜਾਬ ਕੈਬਨਿਟ ਵਿੱਚ ਪਾਸ ਕੀਤੀ ਗਈ ਨਵੀਂ ਪਾਲਿਸੀ ਵਿੱਚ ਪੰਜਾਬ ਦੇ 8000 ਦੇ ਲਗਭਗ ਡੀਪੂ ਹੋਲਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹੜੇ ਕਿ ਇਸ ਆਟੇ ਜਾਂ ਫਿਰ ਕਣਕ ਨੂੰ ਸਪਲਾਈ ਕਰਨ ਦੇ ਟੈਂਡਰ ’ਚ ਭਾਗ ਲੈ ਸਕਦੇ ਹਨ ਪਰ ਉਨਾਂ ਨੂੰ ਇਹ ਸਪਲਾਈ ਘਰ ਘਰ ਜਾ ਕੇ ਹੀ ਕਰਨੀ ਪਏਗੀ।
ਇੱਥੇ ਹੀ ਆਟੇ ਦੀ ਸਪਲਾਈ ਲਈ ਵੱਡੀਆਂ ਕੰਪਨੀਆਂ ਵੀ ਟੈਂਡਰ ਵਿੱਚ ਭਾਗ ਲੈ ਸਕਣਗੀਆ, ਜਿਹੜਾ ਵੀ ਘੱਟ ਰੇਟ ’ਤੇ ਸਪਲਾਈ ਕਰੇਗਾ, ਉਸ ਨੂੰ ਹੀ ਟੈਂਡਰ ਮਿਲੇਗਾ। ਕਣਕ ਤੋਂ ਆਟਾ ਪਿਸਵਾਉਣ ਤੱਕ ਦਾ ਸਾਰਾ ਕੰਮ ਮਾਰਕਫੈਡ ਰਾਹੀਂ ਕੀਤਾ ਜਾਏਗਾ ਅਤੇ ਮਾਰਕਫੈਡ ਹੀ ਮੁੱਖ ਏਜੰਸੀ ਦੇ ਤੌਰ ’ਤੇ ਟੈਂਡਰ ਤੋਂ ਲੈ ਕੇ ਬਾਕੀ ਸਾਰੇ ਕੰਮ ਕਰੇਗਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਤਿੰਨ ਸੁਆਲ
1. ਕੀ ਨਵੀਂ ਪਾਲਿਸੀ ਨਾਲ ਛੋਟੀ ਚੱਕੀ ਮਾਲਕ ਤੇ ਡੀਪੂ ਹੋਲਡਰਾਂ ਨੂੰ ਨੁਕਸਾਨ ਨਹੀਂ ਹੋਏਗਾ ?
2. ਵੱਡੀਆਂ ਕੰਪਨੀਆਂ ਆਟਾ ਸਪਲਾਈ ਮੌਕੇ ਕੀ ਚੰਗੀ ਕਿਸਮ ਦਾ ਆਟਾ ਸਪਲਾਈ ਕਰਨਗੀਆ, ਕਣਕ ਦੀ ਸਪਲਾਈ ਮੌਕੇ ਖਰਾਬ ਕਣਕ ਦਾ ਪਤਾ ਲੱਗ ਸਕਦਾ ਸੀ ਪਰ ਖਰਾਬ ਕੁਆਲਿਟੀ ਦੇ ਆਟੇ ਦਾ ਕਿਵੇਂ ਪਤਾ ਲੱਗੇਗਾ ?
3. ਕੀ ਉਸ ਵਿੱਚ ਮੈਦਾ, ਸੂਜੀ ਜਾਂ ਫਿਰ ਹੋਰ ਮਿਲਵਾਟ ਨਹੀਂ ਕੀਤੀ ਜਾਏਗੀ ? ਕੀ ਇਹ ਸਕੀਮ ਮਿਲਾਵਟ ਦੇ ਨਾਲ ਭਿ੍ਰਸ਼ਟਾਚਾਰ ’ਚ ਵਾਧਾ ਨਹੀਂ ਕਰੇਗੀ ?