ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਗ ਕਦੇ ਨਾ ਲਾਈਏ
ਵਾਤਾਵਰਨ ਦੀ ਸ਼ੁੱਧਤਾ ਮਨੁੱਖ ਸਮੇਤ ਹਰ ਸਜੀਵ ਲਈ ਬੇਹੱਦ ਜ਼ਰੂਰੀ ਹੈ। ਤਕਨਾਲੋਜੀ ਦੇ ਵਿਕਾਸ ਦੇ ਬੇਅੰਤ ਫ਼ਾਇਦਿਆਂ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਨੁਕਸਾਨ ਵੀ ਹੋਏ ਹਨ। ਉਦਾਹਰਨ ਦੇ ਤੌਰ ’ਤੇ ਆਵਾਜਾਈ ਦੇ ਅਜੋਕੇ ਸਾਧਨਾਂ ਨਾਲ ਦੂਰੀ ਭਾਵੇਂ ਸੁੰਗੜ ਕੇ ਛੋਟੀ ਰਹਿ ਗਈ ਹੈ ਪਰ ਵਾਤਾਵਰਨ ਦਾ ਤੇਜ਼ ਗਤੀ ਨਾਲ ਪ੍ਰਦੂਸ਼ਿਤ ਹੋਣਾ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ। ਅਜਿਹੀ ਹੀ ਇੱਕ ਸਮੱਸਿਆ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਵਿਚ ਹੋ ਰਹੇ ਪ੍ਰਦੂਸ਼ਣ ਦੀ ਹੈ। ਪੰਜਾਬ ਵਿਚ ਤਕਰੀਬਨ 220 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦਾ ਵੱਡਾ ਹਿੱਸਾ ਖੇਤਾਂ ’ਚ ਅੱਗ ਲਾ ਕੇ ਸਾੜਿਆ ਜਾਂਦਾ ਹੈ। ਅੱਜ-ਕੱਲ੍ਹ ਅਸੀਂ ਆਮ ਹੀ ਇਹ ਸੁਣ ਰਹੇ ਹਾਂ ਕਿ ਪਰਾਲੀ ਨੂੰ ਅੱਗ ਲਾਉਣਾ ਮਨ੍ਹਾ ਹੈ। ਕਿਸਾਨ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ, ਪਰਾਲੀ ਨੂੰ ਅੱਗ ਲਾਉਣ ਦੀ ਥਾਂ ਇਸ ਦੇ ਬਦਲਵੇਂ ਪ੍ਰਬੰਧਾਂ ਪ੍ਰਤੀ ਰੁਝਾਨ ਵਧਾਉਣਾ ਚਾਹੀਦਾ ਹੈ।
ਕੋਈ ਸਮਾਂ ਸੀ ਜਦ ਮੁਲਕ ਵਿਚ ਅੰਨ ਦੀ ਥੋੜ ਦੇ ਬਾਵਜੂਦ ਮਿਹਨਤਕਸ਼ ਕਿਸਾਨਾਂ ਨੇ ਧਰਤੀ ਦੀ ਹਿੱਕ ’ਚੋਂ ਧੜਾਧੜ ਅਨਾਜ ਪੈਦਾ ਕਰਕੇ ਮੁਲਕ ਦੇ ਅੰਨ ਭੰਡਾਰ ਟੀਸੀ ਤੱਕ ਭਰ ਦਿੱਤੇ ਸਨ ਜੋ ਹਰੀ-ਕ੍ਰਾਂਤੀ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਜੇ ਉਸ ਸਮੇਂ ਦੇ ਸੂਬੇ ਦੇ ਵਾਤਾਵਰਨ ਤੇ ਲੋਕਾਂ ਦੀ ਸਿਹਤ ਵੱਲ ਝਾਤ ਮਾਰੀਏ ਤਾਂ ਸਾਨੂੰ ਸਾਫ਼-ਸ਼ੁੱਧ ਵਾਤਾਵਰਨ ਯਾਦ ਆਉਂਦਾ ਹੈ ਤੇ ਸਿਹਤਮੰਦ ਅੱਖਾਂ ਦੇ ਝਰੋਖਿਆਂ ਵਿਚ ਦੀ ਝਾਕਦੇ ਹਨ। ਇਸ ਦਾ ਰਾਜ਼ ਲੋਕਾਂ ਦੀ ਰੁੱਖੀ-ਮਿੱਸੀ, ਰਲਵੀਂ-ਮਿਲਵੀਂ ਖ਼ੁਰਾਕ ਸੀ। ਲਗਭਗ ਹਰ ਘਰ ਵਿਚ ਝੋਨੇ, ਬਾਜਰੇ, ਮੱਕੀ ਆਦਿ ਦੀ ਮਿੱਸੀ ਰੋਟੀ ਪੱਕਦੀ ਸੀ। ਕਣਕ ਦੀ ਰੋਟੀ ਤਾਂ ਕਿਸੇ ਖ਼ਾਸ ਪ੍ਰਾਹੁਣੇ ਦੇ ਆਉਣ ’ਤੇ ਹੀ ਪੱਕਦੀ।
ਘਰ ਦਾ ਕਮਾਦ ਬੀਜਿਆ ਜਾਂਦਾ ਤੇ ਗੰਨੇ ਦੀ ਰਹੁ, ਗੁੜ, ਸ਼ੱਕਰ ਵਿਚ ਤਰਦਾ ਦੇਸੀ ਘਿਓ ਲੋਕਾਂ ਦੀ ਖ਼ੁਰਾਕ ਦੇ ਅਨਿੱਖੜਵੇਂ ਅੰਗ ਸਨ।
ਜੇ ਅਸੀਂ ਉਸ ਸਮੇਂ ਦੀਆਂ ਇਨ੍ਹਾਂ ਨਿਆਮਤਾਂ ਨੂੰ ਮੌਜੂਦਾ ਸਮੇਂ ਨਾਲ ਮਿਲਾਨ ਕਰਕੇ ਦੇਖੀਏ ਤਾਂ ਫ਼ਸਲੀ ਵਿਭਿੰਨਤਾ ਦੇ ਕਿਸੇ ਪਾਸੇ ਗੁਆਚ ਜਾਣ ਕਾਰਨ ਸਭ ਨਿਆਮਤਾਂ ਖ਼ਤਮ ਹੋ ਗਈਆਂ ਹਨ। ਮਨੁੱਖ ਨੇ ਆਧੁਨਿਕ ਖੇਤੀ ਦੇ ਚੱਕਰ ਵਿਚ ਬਹੁਤ ਸਾਰੀਆਂ ਅਲਾਮਤਾਂ ਸਹੇੜ ਲਈਆਂ ਹਨ। ਰਲਵੀਂ ਮਿੱਸੀ ਰੋਟੀ ਦੀ ਥਾਂ ਕਣਕ ਦੀਆਂ ਰੋਟੀਆਂ ਨੇ ਲੈ ਲਈ ਹੈ। ਸਾਉਣੀ ਦੀਆਂ ਸਾਰੀਆਂ ਨਿੱਕੀਆਂ-ਮੋਟੀਆਂ ਫ਼ਸਲਾਂ ਦੀ ਥਾਂ ਇਕੱਲੀ ਝੋਨੇ ਦੀ ਫ਼ਸਲ ਦੀ ਸਰਦਾਰੀ ਹੈ।
ਕਣਕ-ਝੋਨਾ ਸੂਬਿਆਂ ਦਾ ਪ੍ਰਮੁੱਖ ਫ਼ਸਲੀ ਚੱਕਰ ਬਣ ਗਿਆ ਹੈ। ਇਨ੍ਹਾਂ ਫ਼ਸਲਾਂ ਦਾ ਘੱਟੋ-ਘੱਟ ਸਮੱਰਥਨ ਮੁੱਲ ਤੈਅ ਹੋਣਾ ਵੀ ਇਨ੍ਹਾਂ ਫ਼ਸਲਾਂ ਦੇ ਹਰਮਨਪਿਆਰਾ ਹੋਣ ਦੇ ਮੁੱਖ ਕਾਰਨਾਂ ’ਚੋਂ ਇੱਕ ਹੈ। ਝੋਨੇ ਦੀ ਫ਼ਸਲ ਦੀ ਵਾਢੀ ਤੋਂ ਬਾਅਦ ਉਸ ਦੀ ਪਰਾਲੀ ਨੂੰ ਆਮ ਤੌਰ ’ਤੇ ਅੱਗ ਲਾ ਕੇ ਸਾੜਿਆ ਜਾਂਦਾ ਹੈ ਪਰ ਇਸ ਨਾਲ ਜੋ ਜ਼ਹਿਰੀਲਾ ਧੂੰਆਂ ਨਿੱਕਲਦਾ ਹੈ, ਉਹ ਵਾਤਾਵਰਨ ਤੇ ਜੀਵਨ ਪੱਧਰ ਲਈ ਸਿਰੇ ਦਾ ਖ਼ਤਰਨਾਕ ਹੈ।
ਇੱਕ ਰਿਪੋਰਟ ਵਿਚ ਇਹ ਤੱਥ ਸਾਫ਼ ਕੀਤੇ ਗਏ ਹਨ ਕਿ ਜੇਕਰ ਇੱਕ ਕਿੱਲੇ ਦੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜੋ ਕਿ 2.5 ਤੋਂ 3 ਟਨ ਤੱਕ ਹੁੰਦੀ ਹੈ, ਇਸ ਦੇ ਸੜਨ ਨਾਲ ਤਕਰੀਬਨ 32 ਕਿੱਲੋ ਯੂਰੀਆ, 5.5 ਕਿੱਲੋ ਡੀਏਪੀ ਅਤੇ 51 ਕਿੱਲੋ ਪੋਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸਾਡੇ ਮਿੱਤਰ-ਕੀੜੇ ਵੀ ਬਲੀ ਚੜ੍ਹ ਜਾਂਦੇ ਹਨ ਜਿਸ ਨਾਲ ਸਾਡੀ ਖੇਤੀਬਾੜੀ ਨੂੰ ਘੱਟ-ਉਪਜਾਊ ਸ਼ਕਤੀ ਅਤੇ ਵੱਧ ਬਿਮਾਰੀਆਂ ਜਾਂ ਹਾਨੀਕਾਰਕ ਕੀੜਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੱਗ ਦਾ ਅਗਲਾ ਭਿਆਨਕ ਅਸਰ ਜ਼ਮੀਨ ਦੀ ਜੈਵਿਕ ਸਿਹਤ ’ਤੇ ਵੀ ਪੈਂਦਾ ਹੈ ਕਿਉਂਕਿ ਪਰਾਲੀ ਸਾੜਨ ਨਾਲ ਸਾਡੀ ਜ਼ਮੀਨ ਉੱਪਰਲਾ ਜੈਵਿਕ ਮੱਲੜ੍ਹ ਵੀ ਮੱਚ ਕੇ ਸੁਆਹ ਹੋ ਜਾਂਦਾ ਹੈ। ਅਗਲੀ ਅਲਾਮਤ ਜੋ ਕਿ ਪਰਾਲੀ ਸੜਨ ਨਾਲ ਮਨੁੱਖ ਨੇ ਸਹੇੜੀ ਹੈ, ਉਹ ਹੈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ ਜੋ ਕਿ ਸਾਡੇ ਸਰੀਰ ਦੀ ਆਕਸੀਜਨ ਲੈਣ ਦੀ ਸਮਰੱਥਾ ਨੂੰ ਘੱਟ ਕਰਦੀ ਹੈ ਤੇ ਇਸ ਤਰ੍ਹਾਂ ਕਿੰਨੇ ਹੀ ਮਨੁੱਖ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
ਇਹ ਗੈਸ ਅੱਖਾਂ ਵਿਚ ਜਲਣ ਦਾ ਕਾਰਨ ਵੀ ਬਣਦੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ’ਤੇ ਪੈਦਾ ਹੋਇਆ ਹਾਨੀਕਾਰਕ ਧੂੰਆਂ ਫੇਫੜਿਆਂ, ਚਮੜੀ, ਖ਼ੂਨ ਤੇ ਸਾਹ ਕਿਰਿਆ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਅੱਜ ਜੇਕਰ ਅਸੀਂ ਮੌਜੂਦਾ ਸਿਹਤ ਦਾ ਮਿਲਾਨ ਪੁਰਾਣੀ ਪੀੜ੍ਹੀ ਨਾਲ ਕਰੀਏ ਤਾਂ ਇਹ ਸਾਫ਼ ਝਲਕਦਾ ਹੈ ਕਿ ਅੱਜ ਦੇ ਸੂਬਾ ਵਾਸੀ ਸਿਹਤ ਪੱਖੋਂ ਵੀ ਹਾਰ ਗਏ ਹਨ। ਸਾਡਾ ਜਰਖੇਜ਼ ਜ਼ਮੀਨੀ ਖਿੱਤਾ ਕਿੰਨੀਆਂ ਹੀ ਨਾ-ਮੁਰਾਦ ਬਿਮਾਰੀਆਂ ਦੀ ਲਪੇਟ ਵਿਚ ਆ ਗਿਆ ਹੈ।
ਸੂਬਿਆਂ ਦੀ ਧਰਤੀ ਅਜਿਹੀ ਹੈ ਜੋ ਹਰ ਇੱਕ ਰੁੱਤ ਦਾ ਜੋਬਨ ਮਾਣਦੀ ਹੈ ਪਰ ਪਿਛਲੇ ਵਰਿ੍ਹਆਂ ਵਿਚ ਸਰਦੀ ਦੀ ਰੁੱਤ ਵਿਚ ਪਿਆ ਫ਼ਰਕ, ਸਰਦੀ ਦਾ ਘੱਟ ਪੈਣਾ ਜਿੱਥੇ ਵਾਤਾਵਰਨ ਪੱਖੋਂ ਵੱਡੀ ਸਮੱਸਿਆ ਹੈ, ਉੱਥੇ ਸੂਬੇ ਦੇ ਕਣਕ ਉਤਪਾਦਨ ਲਈ ਵੀ ਖ਼ਤਰਾ ਬਣ ਸਕਦਾ ਹੈ। ਫਿਰ ਇਸ ਤੋਂ ਅੱਗੇ ਧੂੰਏਂ ਵਿਚ ਕਿੰਨੀ ਵਾਰ ਆਵਾਜਾਈ ਵਿਚ ਜਾਨੀ-ਮਾਲੀ ਨੁਕਸਾਨ ਹੋ ਜਾਣ ਦੇ ਮਾੜੇ ਸੁਨੇਹੇ ਸੁਣਨ ਨੂੰ ਮਿਲਦੇ ਹਨ। ਇਸ ਲਈ ਵਾਤਾਵਰਨ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਦੇ ਹੋਏ ਸਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਥਾਂ, ਇਸ ਦੇ ਢੁੱਕਵੇਂ ਬਦਲ ਅਪਨਾਉਣੇ ਚਾਹੀਦੇ ਹਨ।
ਸੂਬੇ ਦੀ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਦੇ ਸਹਿਯੋਗ ਲਈ ਵਚਨਬੱਧ ਹੈ। ਯੂਨੀਵਰਸਿਟੀ ਵੱਲੋਂ ਸੁਝਾਈਆਂ ਤਕਨੀਕਾਂ ਜਿਵੇਂ ਸੁਪਰ ਸੀਡਰ ਦੀ ਵਰਤੋਂ ਲਾਭਕਾਰੀ ਹੈ। ਇਸ ਮਸ਼ੀਨ ਨਾਲ ਕੰਬਾਈਨ ਨਾਲ ਕੱਟੇ ਹੋਏ ਝੋਨੇ ਦੇ ਨਾੜ ਦੇ ਵੱਢ ਵਿਚ ਕਣਕ ਸਿੱਧੇ ਤੌਰ ’ਤੇ ਬੀਜੀ ਜਾ ਸਕਦੀ ਹੈ। ਇਸ ਤਰ੍ਹਾਂ ਪਾਣੀ ਦੀ ਵੀ ਬੱਚਤ ਹੁੰਦੀ ਹੈ ਤੇ ਨਦੀਨ ਵੀ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਅਸੀਂ ਪਰਾਲੀ ਨੂੰ ਖੇਤ ’ਚ ਇੱਕ ਪਾਸੇ, ਜਿੱਥੇ ਪਾਣੀ ਸੌਖਾ ਮੁਹੱਈਆ ਹੋਵੇ, ਟੋਏ ਵਿਚ ਦੱਬ ਸਕਦੇ ਹਾਂ ਅਤੇ ਇਸ ਵਿਚ ਗਊ ਦਾ ਗੋਬਰ ਤੇ ਪਾਣੀ ਦੇ ਛਿੜਕਾਅ ਦੀ ਮੱਦਦ ਨਾਲ ਇੱਕ ਵਧੀਆ ਕੰਪੋਸਟ ਖਾਦ ਤਿਆਰ ਕਰ ਸਕਦੇ ਹਾਂ। ਪਰਾਲੀ ਨੂੰ ਅਸੀਂ ਬਾਇਓ-ਗੈਸ ਪਲਾਂਟ ਵਿਚ ਵਰਤ ਕੇ ਵੀ ਲਾਹਾ ਪ੍ਰਾਪਤ ਕਰ ਸਕਦੇ ਹਾਂ।
ਸੂਬਾ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖ ਕੇ ਇਸ ਮਸਲੇ ਨੂੰ ਕਿਸਾਨ ਤੇ ਸਰਕਾਰ ਦੋਵੇਂ ਧਿਰਾਂ ਰਲ ਕੇ ਹੱਲ ਕਰ ਸਕਦੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਝਾਏ ਬਾਇਓ-ਗੈਸ ਪਲਾਂਟ ਪਿੰਡ ਪੱਧਰ ’ਤੇ ਪੰਚਾਇਤਾਂ ਸਰਕਾਰ ਦੀ ਮੱਦਦ ਨਾਲ ਤਿਆਰ ਕਰਵਾ ਸਕਦੀਆਂ ਹਨ ਤੇ ਸਾਰੇ ਪਿੰਡ ਦੀ ਪਰਾਲੀ, ਪਿੰਡ ਵਿਚਲੀ ਸ਼ਾਮਲਾਟ ਵਿਚ ਇਕੱਠੀ ਕਰ ਕੇ ਇਸ ਬਾਇਓ-ਗੈਸ ਪਲਾਂਟ ਵਿਚ ਵਰਤ ਲਈ ਜਾਵੇ ਅਤੇ ਸਾਰਾ ਪਿੰਡ ਇਸ ਤੋਂ ਈਂਧਨ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਸਾਡਾ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚ ਜਾਵੇਗਾ ਤੇ ਨਾਲ ਦੀ ਨਾਲ ਲੋਕਾਂ ਨੂੰ ਗੈਸ ਵੀ ਮਿਲੇਗੀ।
ਇਸ ਤੋਂ ਇਲਾਵਾ ਪੰਚਾਇਤ ਪਿੰਡ ਵਿਚਲੇ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਲਈ ਭੇਜ ਸਕਦੀ ਹੈ ਅਤੇ ਸਿਖਲਾਈ ਪ੍ਰਾਪਤ ਕਰ ਕੇ ਇਹ ਵੀਰ ਸਾਂਝੀ ਜਗ੍ਹਾ ’ਤੇ ਖੁੰਬਾਂ ਦੀ ਕਾਸ਼ਤ ਪਰਾਲੀ ਵਰਤ ਕੇ ਕਰ ਸਕਦੇ ਹਨ ਜਿਸ ਤੋਂ ਪੰਚਾਇਤ ਮੁਨਾਫ਼ਾ ਕਮਾ ਸਕਦੀ ਹੈ ਅਤੇ ਪਿੰਡ ਦੇ ਮਿਹਨਤਕਸ਼ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਹੋ ਜਾਣਗੇ। ਹੈਪੀ ਸੀਡਰ ਵਰਗੀ ਮਸ਼ੀਨਰੀ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਮੁਹੱਈਆ ਹੋਣੀ ਚਾਹੀਦੀ ਹੈ ਤਾਂ ਜੋ ਹਰ ਆਮ-ਖ਼ਾਸ ਕਿਰਸਾਨ ਇਸ ਮਸ਼ੀਨਰੀ ਨੂੰ ਕਿਰਾਏ ’ਤੇ ਲੈ ਕੇ ਵਰਤ ਸਕੇ। ਆਓ! ਰਲ ਕੇ ਪੰਜਾਬ ਦੀ ਸੁਰਗ ਵਰਗੀ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਈਏ।
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਵਿਜੈ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ