ਨੇਪਾਲੀ ਐਵੀਏਸ਼ਨ ਨੂੰ ਰਿਫ਼ਾਰਮ ਦੀ ਜ਼ਰੂਰਤ?

ਨੇਪਾਲ ’ਚ ਸਰਕਾਰਾਂ ਤਾਂ ਜ਼ਲਦੀ-ਜ਼ਲਦੀ ਬਣਦੀਆਂ-ਵਿਗੜਦੀਆਂ ਰਹਿੰਦੀਆਂ ਹਨ, ਪਰ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਪ੍ਰਬੰਧ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿੰਦੇ ਹਨ, ਸਗੋਂ ਵਿਗੜ ਹੋਰ ਜਾਂਦੇ ਹਨ। ਉੱਥੇ ਸਰਕਾਰ ਬਦਲ ਚੱੁਕੀ ਹੈ, ਨਵੇਂ ਨਿਜ਼ਾਮ ਵੀ ਆ ਗਏ ਹਨ ਅਤੇ ਜਹਾਜ਼ ਹਾਦਸੇ ਨੇ ਉਨ੍ਹਾਂ ਦਾ ਸਵਾਗਤ ਵੀ ਕਰ ਦਿੱਤਾ ਹੈ। ਹਾਦਸੇ ਨੇ ਦੱਸ ਦਿੱਤਾ ਹੈ ਕਿ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨਾਲ ਨਵੇਂ ਪ੍ਰਧਾਨ ਮੰਤਰੀ ਨੂੰ ਲੜਨਾ ਪੈਣਾ ਹੈ।

ਸਰਕਾਰ ਵੀ ਮੰਨਦੀ ਹੈ ਕਿ ਉਨ੍ਹਾਂ ਦਾ ਐਵੀਏਸ਼ਨ (Nepali Aviation) ਖੇਤਰ ਬਹੁਤ ਕਮਜ਼ੋਰ ਹੈ ਕਦੋਂ ਮਜ਼ਬੂਤ ਹੋਵੇਗਾ, ਇਹ ਭਵਿੱਖ ਹੀ ਦੱਸੇਗਾ, ਪਰ ਹਵਾਈ ਯਾਤਰੀਆਂ ਦੇ ਜ਼ਿਹਨ ’ਚੋਂ ਕਿਸੇ ਇੱਕ ਘਟਨਾ ਦਾ ਡਰ ਨਿੱਕਲਦਾ ਵੀ ਨਹੀਂ, ਕਿ ਦੂਜੀ ਘਟਨਾ ਵਾਪਰ ਜਾਂਦੀ ਹੈ ਸੰਸਾਰ ਭਰ ’ਚ ਖਤਰਿਆਂ ਦੀ ਸਮੀਖਿਆ ’ਤੇ ਅਧਾਰਿਤ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਸੁਰੱਖਿਆ ਪ੍ਰਣਾਲੀਆਂ ਨੂੰ ਲਗਾਤਾਰ ਵਿਕਸਿਤ ਅਤੇ ਮੁੜ-ਪਰਿਭਾਸ਼ਿਤ ਕਰਦਾ ਰਹਿੰਦਾ ਹੈ, ਪਰ ਨਤੀਜਾ ਪਰਨਾਲਾ ਉੱਥੇ ਦਾ ਉੱਥੇ ਵਾਲਾ ਹੁੰਦਾ ਹੈ? ਅਲਜ਼ੀਰੀਆ ਜਹਾਜ਼ ਹਾਦਸੇ ਤੋਂ ਬਾਅਦ ਸਾਰੇ ਦੇਸ਼ਾਂ ਦੀਆਂ ਹਵਾਬਾਜ਼ੀ ਕੰਪਨੀਆਂ ਨੇ ਕੁਝ ਚੌਕਸੀ ਜ਼ਰੂਰ ਦਿਖਾਈ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਿਆ, ਚੌਕਸੀ ਵੀ ਫੁੱਸ ਹੋ ਗਈ ਸਵਾਲ ਵੱਡਾ ਹੈ ਜਿਸ ਦਾ ਉੱਠਣਾ ਲਾਜ਼ਮੀ ਸੀ ਕਿ ਆਖ਼ਰ ਜਹਾਜ਼ ਹਾਦਸੇ ਕਦੋਂ ਤੱਕ ਵਾਪਰਦੇ ਰਹਿਣਗੇ?

ਹਰਿਆਲੀ ਤੇ ਪਹਾੜੀ ਖੇਤਰ

ਹੁਣ ਇੱਕ ਹੋਰ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਜਹਾਜ਼ ਹਾਦਸਾ ਹੋ ਗਿਆ, ਲੈਂਡਿੰਗ ਤੋਂ ਸਿਰਫ਼ ਕੁਝ ਹੀ ਮਿੰਟ ਪਹਿਲਾਂ 72 ਸੀਟਰ ਜਹਾਜ਼ ਅਸਮਾਨ ’ਚੋਂ ਪਤੰਗ ਵਾਂਗ ਜ਼ਮੀਨ ’ਤੇ ਆ ਡਿੱਗਾ। ਹਾਦਸਾ ਗੁਆਂਢੀ ਪਹਾੜੀ ਦੇਸ਼ ਨੇਪਾਲ (Nepali Aviation) ’ਚ ਹੋਇਆ ਹੈ। ਨੇਪਾਲ ਦੇ ਪੋਖਰਾ ਦੇ ਜਿਸ ਏਅਰਪੋਰਟ ’ਤੇ ਹਾਦਸਾ ਹੋਇਆ ਹੈ। ਉਸ ਦੇ ਆਸ-ਪਾਸ ਬਹੁਤ ਜ਼ਿਆਦਾ ਹਰਿਆਲੀ ਅਤੇ ਪਹਾੜੀ ਖੇਤਰ ਹੈ। ਇਸ ਲਈ ਉੱਥੇ ਦੂਜੇ ਏਅਰਪੋਰਟਸ ਦੇ ਮੁਕਾਬਲੇ ਵਿਜ਼ੀਬਿਲਟੀ ਘੱਟ ਹੁੰਦੀ ਹੈ। ਇਸ ਕਾਰਨ ਉਸ ਰਨਵੇ ’ਤੇ ਹਾਦਸੇ ਦੀਆਂ ਸੰਭਾਵਨਾਵਾਂ ਹਮੇਸ਼ਾ ਤੋਂ ਰਹੀਆਂ ਹਨ। ਐਨਾ ਸਭ ਕੁਝ ਜਾਣਨ ਤੋਂ ਬਾਅਦ ਵੀ ਏਅਰਪੋਰਟ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੈ ਅਤੇ ਦੇਖਦਿਆਂ-ਦੇਖਦਿਆਂ ਹਾਦਸਾ ਵੀ ਹੋ ਜਾਂਦਾ ਹੈ ਦਸ ਸਾਲ ਪਹਿਲਾਂ ਵੀ ਉੱਥੇ ਇੱਕ ਹਾਦਸਾ ਹੋਇਆ ਸੀ ਜਿਸ ਵਿਚ ਜਹਾਜ਼ ਦੋ ਹਿੱਸਿਆਂ ’ਚ ਟੁੱਟ ਗਿਆ ਸੀ ਹਾਦਸੇ ਦਾ ਤਰੀਕਾ ਮੌਜੂਦਾ ਹਾਦਸੇ ਵਰਗਾ ਹੀ ਸੀ।

ਹਾਦਸਾ ਭਿਆਨਕ ਸੀ (Nepali Aviation)

ਇਹ ਤਕਨੀਕੀ ਸਮੱਸਿਆ ਹੈ, ਜਾਂ ਐਵੀਏਸ਼ਨ ਦੀ ਲਾਪਰਵਾਹੀ, ਫ਼ਿਲਹਾਲ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਭਿਆਨਕ ਜਹਾਜ਼ ਹਾਦਸੇ ਨੇ ਇੱਕ ਵਾਰ ਫ਼ਿਰ ਹਵਾਈ ਯਾਤਰਾ ਦੀ ਸੁਰੱਖਿਆ ’ਤੇ ਸਵਾਲ ਖੜ੍ਹਾ ਕੀਤਾ ਹੈ। ਜਹਾਜ਼ ਜਿਸ ਤਰ੍ਹਾਂ ਹਾਦਸਾਗ੍ਰਸਤ ਹੋਇਆ, ਉਸ ਨੂੰ ਦੇਖ ਕੇ ਉੱਥੋਂ ਦੇ ਲੋਕਾਂ ਦੀਆਂ ਚੀਕਾਂ ਨਿੱਕਲ ਗਈਆਂ, ਚਾਰੇ ਪਾਸੇ ਭਾਜੜ ਪੈ ਗਈ। ਨਿਯਮਿਤ ਹਵਾਈ ਯਾਤਰਾ ਕਰਨ ਵਾਲੇ ਹਾਦਸਾ ਦੇਖ ਕੇ ਇਸ ਸੋਚ ’ਚ ਪੈ ਗਏ ਕਿ ਉਨ੍ਹਾਂ ਨੂੰ ਯਾਤਰਾ ਕਰਨੀ ਚਾਹੀਦੀ ਹੈ ਜਾਂ ਨਹੀਂ? ਹਾਦਸਾ ਐਨਾ ਭਿਆਨਕ ਸੀ ਕਿ ਪਲੇਨ ਕਈ ਹਿੱਸਿਆਂ ’ਚ ਟੱੁਟ ਕੇ ਚਕਨਾਚੂਰ ਹੋ ਗਿਆ।

ਫ਼ਿਲਹਾਲ ਘਟਨਾ ਦੇ ਜੋ ਤੱਤਕਾਲੀ ਕਾਰਨ ਸਾਹਮਣੇ ਆਏ ਹਨ, ਉਸ ਨਾਲ ਸਿੱਧੇ ਸਵਾਲ ਏਅਰਪੋਰਟ ਅਥਾਰਟੀ, ਹਵਾਬਾਜ਼ੀ ਕੰਪਨੀਆਂ ਅਤੇ ਉਡਾਣ ਵਿਭਾਗ ’ਤੇ ਖੜੇ੍ਹ ਹੁੰਦੇ ਹਨ ਹਾਦਸਾਗ੍ਰਸਤ ਹੋਇਆ ਏਅਰਲਾਈਨਸ ਦਾ ਜਹਾਜ਼ ਪੰਦਰਾਂ ਸਾਲ ਪੁਰਾਣਾ ਦੱਸਿਆ ਗਿਆ ਹੈ, ਕੁਝ ਕਮੀਆਂ ਪਿਛਲੇ ਸਾਲ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਨੂੰ ਠੀਕ ਕਰਕੇ ਫ਼ਿਰ ਤੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ।

1992 ’ਚ ਕਾਠਮਾਂਡੂ ’ਚ ਹੋਏ ਹਾਦਸੇ ਦੀ ਯਾਦ ਤਾਜ਼ਾ ਕਰਵਾਈ

ਇਸ ਹਾਦਸੇ ਨੇ 1992 ’ਚ ਨੇਪਾਲ ਦੇ ਕਾਠਮਾਂਡੂ ’ਚ ਹੋਏ ਜਹਾਜ਼ ਹਾਦਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਜਿਸ ’ਚ 167 ਯਾਰਤੀਆਂ ਦੀਆਂ ਜਾਨਾਂ ਗਈਆਂ ਸਨ ਪੋਖਰਾ ਏਅਰਪੋਰਟ ਬਹੁਤ ਛੋਟਾ ਹੈ, ਪ੍ਰਸਿੱਧ ਧਾਰਮਿਕ ਸਥਾਨ ਹੋਣ ਦੇ ਚੱਲਦਿਆਂ ਯਾਤਰੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣ ਲੱਗਾ ਸੀ, ਜਿਸ ਨੂੰ ਦੇਖਦਿਆਂ ਨੇਪਾਲ ਸਰਕਾਰ ਵੱਲੋਂ ਪੁਰਾਣੇ ਪੋਖਰਾ ਏਅਰਪੋਰਟ ਨੂੰ ਨਵੇਂ ਏਅਰਪੋਰਟ ’ਚ ਤਬਦੀਲ ਕੀਤਾ ਜਾ ਰਿਹਾ ਸੀ।

ਚੀਨ ਤੋਂ ਕਰਜ਼ਾ ਲੈ ਕੇ ਨੇਪਾਲ ਵੱਡਾ ਏਅਰਪੋਰਟ ਬਣਾ ਰਿਹਾ ਸੀ ਕੁਝ ਮਹੀਨਿਆਂ ਤੋਂ ਉਡਾਨਾਂ ’ਚ ਦਿੱਕਤਾਂ ਵੀ ਆ ਰਹੀਆਂ ਸਨ ਹਾਦਸਿਆਂ ਨੂੰ ਦੇਖ ਕੇ ਸਾਡੇ ਐਵੀਏਸ਼ਨ ਤੰਤਰ ਨੇ ਵੀ ਸਬਕ ਲਿਆ ਹੈ। ਸਾਰੇ ਜਹਾਜ਼ਾਂ ਦੇ ਰੱਖ-ਰਖਾਅ ਅਤੇ ਜਾਂਚ-ਪੜਤਾਲ ਦੇ ਆਦੇਸ਼ ਹਵਾਬਾਜ਼ੀ ਵਿਭਾਗ ਨੇ ਦਿੱਤੇ ਹਨ ਇਹ ਸਹੀ ਗੱਲ ਹੈ, ਛੋਟੇ ਰਨਵੇਆਂ ’ਤੇ ਖਰਾਬ ਮੌਸਮ ’ਚ ਜਹਾਜ਼ਾਂ ਦੀ ਲੈਂਡਿੰਗ ਕਰਾਉਣਾ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਹੁੰਦਾ ਸਰਦੀ ਦੇ ਦਿਨਾਂ ’ਚ ਜਦੋਂ ਰਨਵੇ ਨਮੀਦਾਰ ਹੁੰਦਾ ਹੈ ਤਾਂ ਜਹਾਜ਼ਾਂ ਦੇ ਤਿਲ੍ਹਕਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

ਦਸ ਸਾਲ ਪਹਿਲਾਂ ਬੰਗਲੁਰੂ ਦੇ ਏਅਰਪੋਰਟ ’ਤੇ ਵੀ ਕੁਝ ਅਜਿਹਾ ਹੀ ਹਾਦਸਾ ਹੋਇਆ ਸੀ 22 ਮਈ 2010 ਨੂੰ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਆਉਂਦੇ ਸਮੇਂ ਰਨਵੇ ਨੂੰ ਪਾਰ ਕਰਦਿਆਂ ਕੋਲ ਦੀਆਂ ਪਹਾੜੀਆਂ ’ਚ ਜਾ ਡਿੱਗਾ ਸੀ, ਜਿਸ ’ਚ 158 ਜਣਿਆਂ ਦੀ ਮੌਤ ਹੋ ਗਈ ਸੀ।

ਚੌਕਸੀ ਨਾ ਦਿਖਾਈ ਤਾਂ ਹਾਦਸੇ ਰੋਕਣੇ ਮੁਸ਼ਕਿਲ

ਨੇਪਾਲ ਨੇ ਇਸ ਹਾਦਸੇ ਤੋਂ ਬਾਅਦ ਵੀ ਜੇਕਰ ਕੋਈ ਚੌਕਸੀ ਨਾ ਦਿਖਾਈ, ਤਾਂ ਅਜਿਹੇ ਦਰਦਨਾਕ ਹਾਦਸੇ ਹੁੰਦੇ ਰਹਿਣਗੇ ਅਤੇ ਹਵਾਈ ਯਾਤਰੀ ਬੇਵਕਤੀ ਮੌਤ ਦੇ ਮੂੰਹ ’ਚ ਜਾਂਦੇ ਰਹਿਣਗੇ ਏਅਰਪੋਰਟ ਦੀ ਸੁਰੱਖਿਆ ਸਮੀਖਿਆ ਸਮੇਂ-ਸਮੇਂ ’ਤੇ ਕੀਤੀ ਜਾਂਦੀ ਰਹਿਣੀ ਚਾਹੀਦੀ ਹੈ ਕਈ ਅਜਿਹੇ ਰਨਵੇ ਹਨ ਜੋ ਬੋਇੰਗ ਜਹਾਜ਼ਾਂ ਦਾ ਭਾਰ ਝੱਲਣ ਲਾਇਕ ਨਹੀਂ ਹਨ। ਬੋਇੰਗ ਜਹਾਜ਼ਾਂ ਦਾ ਵਜ਼ਨ ਲਗਭਗ 70 ਤੋਂ 100 ਟਨ ਦੇ ਆਸ-ਪਾਸ ਹੁੰਦਾ ਹੈ ਲੈਂਡਿੰਗ ਦੇ ਸਮੇਂ ਇੱਕਦਮ ਤੇਜ਼ੀ ਨਾਲ ਐਨਾ ਭਾਰ ਜ਼ਮੀਨ ’ਤੇ ਪੈਂਦਾ ਹੈ ਤਾਂ ਘੱਟ ਦੂਰੀ ਦੇ ਰਨਵੇ ਮੁਕਾਬਲਾ ਨਹੀਂ ਕਰ ਸਕਦੇ ਸਰਦੀ, ਬਰਸਾਤ ’ਚ ਛੋਟੇ ਰਨਵੇ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਰਹਿੰਦੀ ਹੈ।

ਖਰਾਬ ਮੌਸਮ ’ਚ ਜਦੋਂ ਇਹ ਜਹਾਜ਼ ਲੈਂਡ ਕਰਦੇ ਹਨ ਤਾਂ ਰਨਵੇ ’ਤੇ ਉਨ੍ਹਾਂ ਦੇ ਟਾਇਰਾਂ ਦੀ ਰਬੜ ਉੱਤਰ ਜਾਂਦੀ ਹੈ ਜਿਸ ਨਾਲ ਬਰੇਕ ਲਾਉਣ ਸਮੇਂ ਜਹਾਜ਼ਾਂ ਦੇ ਤਿਲ੍ਹਕਣ ਦੀ ਸੰਭਾਵਨਾ ਵਧ ਜਾਂਦੀ ਹੈ ਉਸ ਸਥਿਤੀ ’ਚ ਜੇਕਰ ਰਨਵੇ ਲੰਮੇ ਹੋਣ, ਤਾਂ ਪਾਇਲਟ ਕੰਟਰੋਲ ਕਰ ਲੈਂਦਾ ਹੈ, ਪਰ ਛੋਟੇ ਰਨਵੇ ’ਤੇ ਹਾਦਸੇ ਹੋ ਜਾਂਦੇ ਹਨ।

ਮੌਜ਼ੂਦਾ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਸਥਾਨਕ ਅਥਾਰਟੀ, ਪ੍ਰਸ਼ਾਸਨ ਅਤੇ ਏਅਰਪੋਰਟ ਅਥਾਰਟੀ ਆਫ਼ ਨੇਪਾਲ ਦੀ ਬਣਦੀ ਹੈ। ਜਿੰਮੇਵਾਰ ਸੀਨੀਅਰ ਅਧਿਕਾਰੀਆਂ ’ਤੇ ਕੇਸ ਦਰਜ ਹੋਣਾ ਚਾਹੀਦਾ ਹੈ, ਹਾਦਸੇ ’ਚ ਜ਼ਖ਼ਮੀ ਬੇਕਸੂਰ ਹਵਾਈ ਯਾਤਰੀਆਂ ਦੀ ਹੱਤਿਆ ਦਾ ਮੁਕੱਦਮਾ ਹੋਣਾ ਚਾਹੀਦਾ ਹੈ ਮਿ੍ਰਤਕਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਕੇ ਘੋਰ ਲਾਪਰਵਾਹੀ ਅਤੇ ਮੂੰਹ ਖੋਲ੍ਹੀ ਖੜ੍ਹੀਆਂ ਕਮੀਆਂ ’ਤੇ ਪਰਦਾ ਨਹੀਂ ਪਾਉਣਾ ਚਾਹੀਦਾ।

ਪਿਛਲੇ ਸਾਲ ਦਿੱਲੀ ’ਚ ਹਾਦਸਾ ਹੋਣੋਂ ਬਚਿਆ ਸੀ

ਐਵੀਏਸ਼ਨ ਖੇਤਰ ’ਚ ਨੇਪਾਲ ਅੱਜ ਵੀ ਦੂਜੇ ਦੇਸ਼ਾਂ ਤੋਂ ਕਾਫ਼ੀ ਪੱਛੜਿਆ ਹੋਇਆ ਹੈ ਨਵੇਂ ਜਹਾਜ਼ ਨਿਯਮ, ਨਵੀਆਂ ਸਹੂਲਤਾਂ, ਆਧੁਨਿਕ ਸਾਜੋ-ਸਾਮਾਨ, ਯਾਤਰਾ ’ਚ ਅਸਾਨੀ ਦੀ ਗਾਰੰਟੀ ਅਤੇ ਹੋਰ ਵੀ ਕਈ ਹਵਾਈ ਕਾਗਜ਼ੀ ਗੱਲਾਂ ਉਸ ਸਮੇਂ ਧਰੀਆਂ ਰਹਿ ਜਾਂਦੀਆਂ ਹਨ, ਜਦੋਂ ਵੱਡੇ ਜਹਾਜ਼ ਹਾਦਸਿਆਂ ਦੀਆਂ ਖ਼ਬਰਾਂ ਆ ਜਾਂਦੀਆਂ ਹਨ।

ਪਿਛਲੇ ਸਾਲ ਇਨ੍ਹੀਂ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ’ਤੇ ਵੀ ਆਹਮੋ-ਸਾਹਮਣੇ ਇਕੱਠੇ ਦੋ ਜਹਾਜ਼ਾਂ ਦੇ ਆਉਣ ਨਾਲ ਵੱਡਾ ਹਾਦਸਾ ਹੁੰਦਾ-ਹੁੰਦਾ ਬਚਿਆ ਸੀ ਹਰਿਆਣਾ ਦੇ ਚਰਖੀ ਜਹਾਜ਼ ਹਾਦਸੇ ਨੂੰ ਸ਼ਾਇਦ ਹੀ ਕੋਈ ਭੁੱਲ ਸਕੇ, ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਉਸ ਹਾਦਸੇ ਨੂੰ ਭਾਰਤ ’ਚ ਅੱਜ ਤੱਕ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ’ਚ ਗਿਣਿਆ ਜਾਂਦਾ ਹੈ ।

ਘਟਨਾ 12 ਨਵੰਬਰ 1996 ’ਚ ਵਾਪਰੀ ਸੀ, ਜਦੋਂ ਦੋ ਜਹਾਜ਼ਾਂ ’ਚ ਮਿੱਡ ਏਅਰ ਕਾਲੀਜਨ ਹੋਇਆ, ਇੱਕ ਜਹਾਜ਼ ਸਾਊਦੀ ਅਰਬ ਦਾ ਸੀ, ਤਾਂ ਦੂਜਾ ਕਜਾਖ਼ਿਸਤਾਨ ਦਾ ਉਸ ਹਾਦਸੇ ’ਚ ਦੋਵਾਂ ਜਹਾਜ਼ਾਂ ’ਚ ਸਵਾਰ ਸਾਰੇ 349 ਯਾਤਰੀਆਂ ’ਚੋਂ ਕੋਈ ਵੀ ਜਿੰਦਾ ਨਹੀਂ ਬਚਿਆ ਨੇਪਾਲ ’ਚ ਸਿਰਫ਼ ਇੱਕ ਤਿ੍ਰਭੂਵਨ ਇੰਟਰਨੈਸ਼ਨਲ ਏਅਰਪੋਰਟ ਸਟੈਂਡਰਡ ਕੁਆਲਿਟੀ ਦਾ ਹੈ।

ਬੀਤੇ ਕੁਝ ਸਾਲਾਂ ’ਚ ਉੱਥੇ ਐਵੀਏਸ਼ਨ ਖੇਤਰ ਨੇ ਆਧੁਨਿਕ ਤਕਨੀਕਾਂ ’ਚ ਜ਼ਰੂਰ ਥੋੜ੍ਹਾ ਬਦਲਾਅ ਕੀਤਾ ਹੈ ਪਰ, ਉਸ ਦੀ ਸਹੀ ਤਰੀਕੇ ਨਾਲ ਸ਼ੁਰੂਆਤ ਨਹੀਂ ਕੀਤੀ ਗਈ ਪੋਖਰਾ ਜਹਾਜ਼ ਹਾਦਸਾ ਉਸੇ ਦਾ ਨਤੀਜਾ ਹੈ ਇਸ ਘਟਨਾ ਤੋਂ ਬਾਅਦ ਨੇਪਾਲ ਹਵਾਬਾਜ਼ੀ ਨੈਟਵਰਕ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਘਟਨਾ ਦੇ ਸੰਭਾਵਿਤ ਪਹਿਲੂਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦਰੁਸਤ ਕਰਨਾ ਚਾਹੀਦਾ ਹੈ।

ਡਾ. ਰਮੇਸ਼ ਠਾਕੁਰ
ਇਹ ਲੇਖਕ ਦੇ ਆਪਣੇ ਵਿਚਾਰ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here