Neha Ahlawat murder case: ਚੰਡੀਗੜ੍ਹ (ਐਮਕੇ ਸ਼ਾਇਨਾ)। ਚੰਡੀਗੜ੍ਹ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ 21 ਸਾਲਾ ਐਮਬੀਏ ਵਿਦਿਆਰਥਣ ਨੇਹਾ ਅਹਿਲਾਵਤ ਦੇ ਬਹੁਤ ਚਰਚਿਤ ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ 35 ਸਾਲਾ ਟੈਕਸੀ ਡਰਾਈਵਰ ਮੋਨੂੰ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ 30 ਜੁਲਾਈ 2010 ਦਾ ਹੈ, ਜਦੋਂ ਸੈਕਟਰ 38 ਦੇ ਜੰਗਲੀ ਖੇਤਰ ਵਿੱਚ ਇੱਕ ਨੌਜਵਾਨ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਪੁਲਿਸ ਨੇ ਇਸ ਨੂੰ ਕਤਲ ਅਤੇ ਜ਼ਬਰ-ਜਨਾਹ ਦਾ ਮਾਮਲਾ ਮੰਨਦੇ ਹੋਏ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ।
ਪੀੜਤ ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 21 ਸਾਲਾ ਧੀ ਨੇਹਾ ਸ਼ਾਮ 6 ਵਜੇ ਸੈਕਟਰ 15 ਵਿੱਚ ਇੰਗਲਿਸ਼ ਸਪੀਕਿੰਗ ਕਲਾਸ ਲਈ ਆਪਣੇ ਸਕੂਟਰ ’ਤੇ ਘਰੋਂ ਨਿਕਲੀ ਸੀ। ਜਦੋਂ ਉਹ ਰਾਤ 9 ਵਜੇ ਤੱਕ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸ ਦੇ ਦੋਸਤਾਂ ਨਾਲ ਸੰਪਰਕ ਕੀਤਾ। ਇੱਕ ਦੋਸਤ ਨੇ ਦੱਸਿਆ ਕਿ ਨੇਹਾ ਸ਼ਾਮ 7:30 ਵਜੇ ਆਪਣੇ ਘਰ ਪਹੁੰਚੀ ਸੀ ਅਤੇ ਸ਼ਾਮ 7:45 ਵਜੇ ਚਲੀ ਗਈ ਸੀ। ਤਲਾਸ਼ੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੇਹਾ ਦਾ ਸਕੂਟਰ ਸੈਕਟਰ 38 ਵੈਸਟ ਦੇ ਟੈਕਸੀ ਸਟੈਂਡ ਦੇ ਕੋਲ ਖੜ੍ਹਾ ਸੀ, ਜਿਸ ’ਤੇ ਖੂਨ ਦੇ ਧੱਬੇ ਸਨ। Neha Ahlawat murder case
ਜਦੋਂ ਪਰਿਵਾਰ ਮੌਕੇ ’ਤੇ ਪਹੁੰਚਿਆ ਤਾਂ ਨੇਹਾ ਸੜਕ ਦੇ ਪਾਰ ਝਾੜੀਆਂ ਵਿੱਚ ਖੂਨ ਨਾਲ ਲੱਥਪੱਥ ਪਈ ਸੀ। ਉਸ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸ਼ੀ ਨਾ ਮਿਲਿਆ ਤਾਂ 2020 ਵਿੱਚ ਕੇਸ ਬੰਦ ਕਰ ਦਿੱਤਾ ਗਿਆ
ਕਈ ਸਾਲਾਂ ਦੀ ਜਾਂਚ ਦੇ ਬਾਵਜ਼ੂਦ, ਪੁਲਿਸ ਦੋਸ਼ੀ ਦਾ ਪਤਾ ਲਗਾਉਣ ਵਿੱਚ ਅਸਮਰੱਥ ਰਹੀ ਅਤੇ 2020 ਵਿੱਚ ਕੇਸ ਬੰਦ ਕਰ ਦਿੱਤਾ ਗਿਆ। ਪਰਿਵਾਰ ਇਨਸਾਫ਼ ਦੀ ਉਮੀਦ ਕਰਦਾ ਰਿਹਾ, ਪਰ ਦੋਸ਼ੀ ਦਾ ਕੋਈ ਅਤਾ ਪਤਾ ਨਹੀਂ ਸੀ।
2022 ਦੇ ਇੱਕ ਹੋਰ ਕਤਲ ਤੇ ਜ਼ਬਰ-ਜਨਾਹ ਮਾਮਲੇ ਤੋਂ ਬਾਅਦ ਸੁਲਝਿਆ ਮਾਮਲਾ
ਇਹ ਮਾਮਲਾ ਉਦੋਂ ਸੁਲਝ ਗਿਆ ਜਦੋਂ 2022 ਵਿੱਚ ਉਸੇ ਖੇਤਰ ਵਿੱਚ ਇੱਕ ਔਰਤ ਨਾਲ ਜ਼ਬਰ-ਜਨਾਹ ਤੇ ਕਤਲ ਕਰਨ ਦੇ ਦੋਸ਼ੀ ਮੋਨੂੰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਨਦੀਪ ਦੀ ਲਾਸ਼ ਵੀ ਜੰਗਲੀ ਖੇਤਰ ਵਿੱਚੋਂ ਮਿਲੀ।
Read Also : ਪੰਜਾਬ ’ਚ ਬਦਲ ਰਹੇ ਮੌਸਮ ਵਿਚਕਾਰ ਰੇਲਵੇ ਨੇ ਲਿਆ ਅਹਿਮ ਫੈਸਲਾ
ਜਾਂਚ ਤੋਂ ਪਤਾ ਲੱਗਾ ਕਿ ਦੋਵਾਂ ਮਾਮਲਿਆਂ ਵਿੱਚ ਅਪਰਾਧ ਦਾ ਪੈਟਰਨ ਇੱਕੋ ਜਿਹਾ ਸੀ। ਵਿਗਿਆਨਕ ਸਬੂਤਾਂ ਅਤੇ ਜਾਂਚ ਦੇ ਆਧਾਰ ’ਤੇ ਮੋਨੂੰ ਦਾ ਨੇਹਾ ਅਹਿਲਾਵਤ ਕੇਸ ਨਾਲ ਸਬੰਧ ਵੀ ਸਥਾਪਿਤ ਹੋ ਗਿਆ, ਜਿਸ ਤੋਂ ਬਾਅਦ ਉਸ ਮਾਮਲੇ ਵਿੱਚ ਵੀ ਉਸ ’ਤੇ ਦੋਸ਼ ਲਗਾਇਆ ਗਿਆ। ਅਦਾਲਤ ਨੇ ਸਾਰੇ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਨਾਲ ਹੀ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।














