ਤਿੰਨ ਭਾਰਤੀ ਸੈਨਿਕਾਂ ਨੂੰ ਮਾਰਨ ‘ਤੇ ਡੂੰਘਾ ਦੁੱਖ ਤੇ ਗੁੱਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ”ਸਾਡੇ ਸੈਨਿਕ ਕੋਈ ਖੇਡ ਨਹੀਂ”
ਚੰਡੀਗੜ, (ਅਸ਼ਵਨੀ ਚਾਵਲਾ)। ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹਿੰਸਕ ਝੜਪ ਦੌਰਾਨ ਤਿੰਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ ‘ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਕੀਤੀ ਰਹੀ ਉਲੰਘਣਾ ਖਿਲਾਫ ਭਾਰਤ ਸਰਕਾਰ ਵੱਲੋਂ ਕਰਾਰ ਜਵਾਬ ਦੇਣ ਦਾ ਸੱਦਾ ਦਿੱਤਾ।
ਇਸ ਘਟਨਾ ਤੋਂ ਗੁੱਸੇ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ”ਸਾਡੇ ਸੈਨਿਕ ਕੋਈ ਖੇਡ ਨਹੀਂ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਥੋੜ੍ਹੇ ਦਿਨਾਂ ਬਾਅਦ ਮਾਰ ਜਾਂ ਜਖ਼ਮੀ ਕਰ ਦਿੱਤਾ ਜਾਵੇ।” ਉਨਾਂ ਕਿਹਾ ਕਿ ਇਹ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਪਾਸਿਆਂ ਤੋਂ ਫੌਜਾਂ ਕਈ ਦਿਨਾਂ ਦੇ ਤਣਾਅ ਦੀ ਸਥਿਤੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਵਿੱਚ ਸਨ।

ਮੁੱਖ ਮੰਤਰੀ ਨੇ ਕਿਹਾ, ”ਹੁਣ ਵੇਲਾ ਆ ਗਿਆ ਹੈ ਕਿ ਭਾਰਤ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਵੇ ਜੋ ਸਾਡੇ ਖੇਤਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਖੇਤਰੀ ਖੁਦਮੁਖਤਿਆਰੀ ਉਤੇ ਹੁੰਦੇ ਹਮਲਿਆਂ ਨੂੰ ਰੋਕੇ।” ਉਨਾਂ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਦੇ ਸੰਕੇਤ ਨਾਲ ਚੀਨ ਦੀ ਪ੍ਰਕਿਰਿਆ ਹੋਰ ਹਿੰਸਕ ਹੋ ਜਾਂਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਸਰਹੱਦ ਉਤੇ ਤਣਾਅ ਘਟਾਉਣਾ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਭਾਰਤ ਜੰਗ ਦੇ ਹੱਕ ਵਿੱਚ ਨਹੀਂ ਹੈ ਪਰ ਫੇਰ ਵੀ ਸਾਡਾ ਦੇਸ਼ ਇਸ ਮੌਕੇ ਕਮਜ਼ੋਰੀ ਨਹੀਂ ਦਿਖਾ ਸਕਦਾ ਅਤੇ ਚੀਨ ਨੂੰ ਕਿਸੇ ਹੋਰ ਘੁਸਪੈਠ ਤੋਂ ਰੋਕਣ ਅਤੇ ਆਪਣੀਆਂ ਸੀਮਾਵਾਂ ਤੇ ਆਦਮੀਆਂ ਉਤੇ ਹਮਲੇ ਨੂੰ ਠੱਲ ਪਾਉਣ ਲਈ ਸਖਤ ਰੁਖ ਅਪਣਾਉਣ ਦੀ ਲੋੜ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














