ਅਮਰਿੰਦਰ ਸਿੰਘ ਨੂੰ ਮਨਾਉਣ ਖ਼ੁਦ ਜਾਣਗੇ ਨਵਜੋਤ ਸਿੱਧੂ, 60 ਵਿਧਾਇਕ ਵੀ ਹੋਣਗੇ ਕਾਫਲੇ ’ਚ ਸ਼ਾਮਲ

ਸ਼ੁੱਕਰਵਾਰ ਸਵੇਰੇ 10 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜਣਗੇ ਸਿੱਧੂ, ਅਮਰਿੰਦਰ ਤੋਂ ਲੈਣਗੇ ਆਸ਼ੀਰਵਾਦ

  • ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲਿਆਇਆ ਜਾਏਗਾ ਕਾਂਗਰਸ ਭਵਨ, ਤਾਜਪੋਸ਼ੀ ਸਮਾਗਮ ’ਚ ਲੈਣਗੇ ਹਿੱਸਾ
  •  60 ਵਿਧਾਇਕਾਂ ਨੇ ਪੱਤਰ ਲਿਖਦੇ ਹੋਏ ਅਮਰਿੰਦਰ ਸਿੰਘ ਤੋਂ ਕੀਤੀ ਮੰਗ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਖ਼ੁਦ ਨਵਜੋਤ ਸਿੱਧੂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਫਾਰਮ ਹਾਉਸ ਸਿਸਵਾਂ ਵਿਖੇ ਜਾਣਗੇ। ਇਸ ਮੌਕੇ ਨਵਜੋਤ ਸਿੱਧੂ ਦੇ ਨਾਲ 60 ਦੇ ਕਰੀਬ ਵਿਧਾਇਕ ਵੀ ਸ਼ਾਮਲ ਹੋਣਗੇ। ਨਵਜੋਤ ਸਿੱਧੂ ਇਸ ਮੌਕੇ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈਂਦੇ ਹੋਏ ਤਾਜਪੋਸ਼ੀ ਸਮਾਗਮ ਵਿੱਚ ਨਾਲ ਚਲਣ ਲਈ ਬੇਨਤੀ ਵੀ ਕਰਨਗੇ। ਇਥੇ ਹੀ ਉਨਾਂ ਨਾਲ ਗਏ 60 ਦੇ ਕਰੀਬ ਵਿਧਾਇਕ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਨੂੰ ਦਰਖ਼ਾਸਤ ਕਰਨਗੇ ਕਿ ਉਹ ਇਸ ਸਮਾਗਮ ਵਿੱਚ ਆ ਕੇ ਉਸ ਦੀ ਸ਼ਾਨ ਵਧਾਉਣ। ਇਸ ਸਬੰਧੀ ਫੈਸਲਾ ਕਰ ਲਿਆ ਗਿਆ ਹੈ ਅਤੇ ਨਵਜੋਤ ਸਿੱਧੂ ਸਣੇ ਵਿਧਾਇਕਾਂ ਵਲੋਂ ਸੱਦੇ ਪੱਤਰ ਦੇ ਲਿਖਤੀ ਦਸਤਖ਼ਤ ਕਰ ਦਿੱਤੇ ਗਏ ਹਨ।

ਅਮਰਿੰਦਰ ਸਿੰਘ ਤੋਂ ਬਿਨਾਂ ਨਹੀਂ ਹੋਵੇਗਾ ਤਾਜਪੋਸ਼ੀ ਸਮਾਗਮ

ਅਮਰਿੰਦਰ ਸਿੰਘ ਤੋਂ ਬਿਨਾਂ ਤਾਜਪੋਸ਼ੀ ਸਮਾਗਮ ਨਹੀਂ ਹੋਵੇਗਾ ਅਤੇ ਇਸ ਸਬੰਧ ਵਿੱਚ ਸਾਰੇ ਵਿਧਾਇਕ ਅਤੇ ਮੰਤਰੀ ਵੀ ਸਹਿਮਤ ਹੋ ਗਏ ਹਨ। ਜਿਸ ਕਾਰਨ ਹੀ 10 ਵਜੇ ਹੀ ਇਹ ਸਾਰੇ ਵਿਧਾਇਕ ਅਤੇ ਨਵਜੋਤ ਸਿੱਧੂ ਸਿਸਵਾ ਫਾਰਮ ਹਾਉਸ ’ੱਚ ਪੁੱਜ ਜਾਣਗੇ, ਜਿਥੋਂ ਕਿ 11 ਵਜੇ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਕਾਫਲਾ ਪੰਜਾਬ ਕਾਂਗਰਸ ਭਵਨ ਲਈ ਚੱਲੇਗਾ। ਇਸ ਦੀ ਪੁਸ਼ਟੀ ਵਿਧਾਇਕਾਂ ਵਲੋਂ ਸੱਚ ਕਹੂੰ ਨਾਲ ਗੱਲਬਾਤ ਕਰਦੇ ਹੋਏ ਕਰ ਦਿੱਤੀ ਗਈ ਹੈ।

ਵਿਧਾਇਕਾਂ ਨੇ ਦੱਸਿਆ ਕਿ ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਦੋਬਾਰਾ ਲੈ ਕੇ ਆਉਣ ਲਈ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਾ ਨਾਲ ਤੁਰਨਾ ਜਰੂਰੀ ਹੈ ਅਤੇ ਅਮਰਿੰਦਰ ਸਿੰਘ ਸਾਰੀਆਂ ਨਾਲੋਂ ਵੱਡੇ ਅਤੇ ਸੀਨੀਅਰ ਹਨ, ਜਿਸ ਕਰਕੇ ਹੀ ਇਹ ਫੈਸਲਾ ਕੀਤਾ ਗਿਆ ਹੈ ਕਿ ਅਮਰਿੰਦਰ ਸਿੰਘ ਨੂੰ ਲੈਣ ਲਈ ਨਵਜੋਤ ਸਿੱਧੂ ਖ਼ੁਦ ਜਾਣਗੇ ਅਤੇ ਉਨਾਂ ਦਾ ਸਾਥ ਸਾਰੇ ਵਿਧਾਇਕ ਦੇਣਗੇ।

ਨਵਜੋਤ ਸਿੱਧੂ ਕਰਨਗੇ ਅਮਰਿੰਦਰ ਸਿੰਘ ਦੀ ਹਰ ਨਰਾਜ਼ਗੀ ਦੂਰ

ਵਿਧਾਇਕਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਮੌਕੇ ’ਤੇ ਅਮਰਿੰਦਰ ਸਿੰਘ ਦੀ ਹਰ ਨਰਾਜ਼ਗੀ ਦੂਰ ਕਰਨਗੇ ਅਤੇ ਲੋੜ ਪਈ ਤਾਂ ਮੌਕੇ ’ਤੇ ਹੀ ਮੁਆਫ਼ੀ ਮੰਗਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਤਾਂ ਕਿ ਇਸ ਸਾਰੇ ਮਾਮਲੇ ਨੂੰ ਨਿਪਟਾਇਆ ਜਾ ਸਕੇ। ਨਵਜੋਤ ਸਿੱਧੂ ਖ਼ੁਦ ਇਸ ਲਈ ਤਿਆਰ ਹੋ ਗਏ ਹਨ। ਜਿਸ ਕਾਰਨ ਹੀ ਸ਼ੁੱਕਰਵਾਰ ਸਵੇਰੇ 10 ਵਜੇ ਦਾ ਪ੍ਰੋਗਰਾਮ ਫਾਈਨਲ ਕਰ ਦਿੱਤਾ ਗਿਆ ਹੈ। ਸਿਸਵਾਂ ਫਾਰਮ ਤੋਂ ਪਹਿਲਾਂ ਸਾਰੇ ਵਿਧਾਇਕ ਇਕੱਠੇ ਹੋਣਗੇ ਅਤੇ ਨਵਜੋਤ ਸਿੱਧੂ ਨਾਲ ਹੀ ਮੁੱਖ ਮੰਤਰੀ ਕੋਲ ਜਾਣਗੇ।

ਹਰ ਵਿਧਾਇਕ ਨੂੰ ਇਕ ਹਜ਼ਾਰ ਵਰਕਰ ਲੈ ਕੇ ਆਉਣ ਦੇ ਆਦੇਸ਼

ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਪੰਜਾਬ ਕਾਂਗਰਸ ਆਪਣਾ ਵੱਡਾ ਇਕੱਠ ਕਰਨ ਦੀ ਤਿਆਰੀ ਵਿੱਚ ਹੈ। ਜਿਸ ਕਰਕੇ ਹੀ ਅੰਮ੍ਰਿਤਸਰ ਵਿਖੇ ਸਾਰੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ 23 ਜੁਲਾਈ ਨੂੰ ਚੰਡੀਗੜ ਵਿਖੇ ਤਾਜਪੋਸ਼ੀ ਸਮਾਗਮ ਵਿੱਚ ਘੱਟ ਤੋਂ ਘੱਟ ਇਕ ਹਜ਼ਾਰ ਵਰਕਰ ਲੈ ਕੇ ਆਉਣ ਤਾਂ ਕਿ ਰਿਕਾਰਡ ਤੋੜ ਇਕੱਠ ਨਾਲ ਪੰਜਾਬ ਵਿੱਚ ਕਾਂਗਰਸ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ। ਮਾਲਵੇ ਦੇ ਕਈ ਵਿਧਾਇਕਾਂ ਨੇ ਇੱਕ ਦੀ ਥਾਂ ’ਤੇ ਦੋ ਹਜ਼ਾਰ ਤੋਂ ਜਿਆਦਾ ਵਰਕਰ ਲੈ ਕੇ ਆਉਣ ਦਾ ਭਰੋਸਾ ਨਵਜੋਤ ਸਿੱਧੂ ਨੂੰ ਦੇ ਵੀ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।