ਕੇਂਦਰ ਸਰਕਾਰ ਨੇ ਪ੍ਰੋਗਰਾਮ ਬਣਾ ਕੇ ਭੇਜਿਆ ਸੀ ਸਰਕਾਰ ਕੋਲ, ਪੰਜਾਬ ਸਰਕਾਰ ਨੇ ਨਹੀਂ ਕੀਤੀ ਕੋਈ ਫੇਰਬਦਲ ਦੀ ਮੰਗ
- ਸ੍ਰੀ ਕਰਤਾਰਪੁਰ ਸਾਹਿਬ ਇੱਕ ਦਿਨ ਨਹੀਂ ਜਾ ਸਕਦੇ ਸਾਰੇ ਇਕੱਠੇ ਤਾਂ ਕੇਂਦਰ ਨੇ ਤਿੰਨ ਦਿਨਾਂ ਵਿੱਚ ਵੰਡੀ ਸੀ ਪੰਜਾਬ ਦੀ ਲਿਸਟ
- ਪੰਜਾਬ ਸਰਕਾਰ ਵੱਲੋਂ ਇਤਰਾਜ਼ ਜ਼ਾਹਰ ਨਹੀਂ ਕਰਨ ਦੇ ਕਰਕੇ ਕੇਂਦਰ ਸਰਕਾਰ ਨੇ ਸੂਚੀ ਕਰ ਦਿੱਤੀ ਫਾਈਨਲ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 18 ਨਵੰਬਰ ਨੂੰ ਨਹੀਂ ਸਗੋਂ 20 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ, ਇਹ ਪ੍ਰੋਗਰਾਮ ਕੇਂਦਰ ਸਰਕਾਰ ਨੇ ਖ਼ੁਦ ਨਹੀਂ ਸਗੋਂ ਪੰਜਾਬ ਸਰਕਾਰ ਨੂੰ ਦਿਖਾਉਣ ਤੋਂ ਬਾਅਦ ਆਖਰੀ ਰੂਪ ਦਿੱਤਾ ਸੀ। ਪੰਜਾਬ ਸਰਕਾਰ ਨੇ ਨਵਜੋਤ ਸਿੱਧੂ ਨੂੰ 20 ਨਵੰਬਰ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਸਬੰਧੀ ਕੋਈ ਇਤਰਾਜ਼ ਹੀ ਜ਼ਾਹਰ ਨਹੀਂ ਕੀਤਾ, ਜਿਸ ਕਾਰਨ ਕੇਂਦਰ ਸਰਕਾਰ ਨੇ ਇਸ ਨੂੰ ਪੰਜਾਬ ਦੀ ਸਹਿਮਤੀ ਮੰਨਦੇ ਹੋਏ ਤੈਅ ਸੂਚੀ ਵਿੱਚ ਨਵਜੋਤ ਸਿੱਧੂ ਨੂੰ 18 ਨਵੰਬਰ ਦੀ ਥਾਂ ’ਤੇ 20 ਨਵੰਬਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨਵਜੋਤ ਸਿੱਧੂ 18 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਸਨ ਪਰ ਨਵਜੋਤ ਸਿੱਧੂ ਦਾ ਸੂਚੀ ਵਿੱਚ ਨਾਂਅ ਸ਼ਾਮਲ ਨਹੀਂ ਹੋਣ ਕਰਕੇ ਉਹ ਨਹੀਂ ਜਾ ਸਕੇ।
ਜਾਣਕਾਰੀ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਕੋਰੋਨਾ ਦੇ ਕਾਰਨ 20 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਬਾਅਦ ਵਿੱਚ ਭਾਰਤ ਸਰਕਾਰ ਇਸ ਮਾਮਲੇ ਵਿੱਚ ਕੋਈ ਵੀ ਫੈਸਲਾ ਨਹੀਂ ਲੈ ਰਹੀ ਸੀ, ਜਦੋਂ ਕਿ ਕੁਝ ਸਮੇਂ ਬਾਅਦ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਲਈ ਹਾਮੀ ਭਰ ਦਿੱਤੀ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਲਗਾਤਾਰ ਇਸ ਲਾਂਘੇ ਨੂੰ ਖੋਲਣ ਲਈ ਬਿਆਨਬਾਜ਼ੀ ਕਰ ਰਹੇ ਸਨ ਤਾਂ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਗਈ ਸੀ। ਬੀਤੇ ਦਿਨਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖਦੇ ਹੋਏ ਲਾਂਘੇ ਨੂੰ ਖੋਲ੍ਹਣ ਦੀ ਮੰਗ ਕੀਤੀ ਸੀ।
ਇਸ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ 18 ਨਵੰਬਰ ਨੂੰ ਸਿਰਫ਼ ਵੀਆਈਪੀਜੀ ਲਈ ਰਾਖਵਾਂ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਆਪਣੀ ਸੂਚੀ ਭੇਜਣ ਲਈ ਕਿਹਾ ਸੀ ਤਾਂ ਕਿ ਪੰਜਾਬ ਸਰਕਾਰ ਦੀ ਸੂਚੀ ਅਨੁਸਾਰ ਵੀਆਈਪੀਜੀ ਨੂੰ ਇਜਾਜ਼ਤ ਦਿੱਤੀ ਜਾ ਸਕੇ। ਪੰਜਾਬ ਸਰਕਾਰ ਵਲੋਂ 44 ਵੀਆਈਪੀਜੀ ਦੀ ਸੂਚੀ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਗਈ ਸੀ। ਕੇਂਦਰ ਸਰਕਾਰ ਵੱਲੋਂ ਇੱਕੋ ਦਿਨ ਇਨਾਂ 44 ਵੀਆਈਪੀਜੀ ਦੀ ਸੂਚੀ ਨੂੰ ਮਨਜ਼ੂਰੀ ਦੇਣ ਦੀ ਥਾਂ ’ਤੇ ਇਨਾਂ ਨੂੰ ਤਿੰਨ ਦਿਨ ਵਿੱਚ ਵੰਡ ਦਿੱਤਾ ਤਾਂ ਕਿ ਬਾਕੀ ਸਿਆਸੀ ਪਾਰਟੀਆਂ ਦੇ ਵੀਆਈਪੀਜੀ ਨੂੰ ਵੀ ਜਾਣ ਦਾ ਮੌਕਾ ਮਿਲ ਸਕੇ।
ਕੇਂਦਰ ਸਰਕਾਰ ਵੱਲੋਂ ਇਸ ਸੂਚੀ ਨੂੰ ਤਿੰਨ ਦਿਨਾਂ ਵਿੱਚ ਵੰਡਣ ਤੋਂ ਬਾਅਦ ਲਿਸਟ ਨੂੰ ਫਾਈਨਲ ਕਰਨ ਲਈ ਪੰਜਾਬ ਸਰਕਾਰ ਕੋਲ ਭੇਜਿਆ ਗਿਆ ਤਾਂ ਕਿ ਸਰਕਾਰ ਹੀ ਉਸ ਲਿਸਟ ਨੂੰ ਫਾਈਨਲ ਕਰੇ ਅਤੇ ਬਾਅਦ ਵਿੱਚ ਕੋਈ ਵਿਵਾਦ ਨਾ ਹੋਵੇ। ਕੇਂਦਰ ਸਰਕਾਰ ਵੱਲੋਂ ਕੀਤੀ ਗਈ ਵੰਡ ਅਨੁਸਾਰ ਨਵਜੋਤ ਸਿੱਧੂ ਨੂੰ 18 ਨਵੰਬਰ ਦੀ ਥਾਂ ’ਤੇ 20 ਨਵੰਬਰ ਦੀ ਸੂਚੀ ਵਿੱਚ ਪਾਇਆ ਹੋਇਆ ਸੀ। ਪੰਜਾਬ ਸਰਕਾਰ ਸਮਾਂ ਰਹਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਇਸ ਸੂਚੀ ’ਤੇ ਕੋਈ ਨੁਕਤਾਚੀਨੀ ਨਹੀਂ ਕੀਤੀ ਅਤੇ ਨਾ ਹੀ ਕੋਈ ਫੇਰਬਦਲ ਕਰਨ ਲਈ ਮੰਗ ਕੀਤੀ। ਜਿਸ ਕਾਰਨ ਕੇਂਦਰ ਸਰਕਾਰ ਨੇ ਉਸ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਅਨੁਸਾਰ ਫਾਈਨਲ ਮੰਨਦੇ ਹੋਏ ਆਪਣੀ ਸੂਚੀ ਜਾਰੀ ਕਰ ਦਿੱਤੀ। ਜਿਸ ਅਨੁਸਾਰ ਨਵਜੋਤ ਸਿੱਧੂ 18 ਦੀ ਥਾਂ ’ਤੇ 20 ਨਵੰਬਰ ਨੂੰ ਹੀ ਕਰਤਾਰਪੁਰ ਸਾਹਿਬ ਜਾਣਗੇ।
ਇਹ ਕਿਉਂ ਹੋਇਆ ਅਤੇ ਕਿਹਨੇ ਕੀਤਾ, ਦੇਣਾ ਪਏਗਾ ਸਪੱਸ਼ਟੀਕਰਨ : ਸਿੱਧੂ
ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ 18 ਨਵੰਬਰ ਨੂੰ ਹੀ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਸਨ ਪਰ ਉਨਾਂ ਨੂੰ 19 ਨਵੰਬਰ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਣ ਪਿੱਛੇ ਕੌਣ ਲੋਕ ਹਨ ਅਤੇ ਇਹ ਸਾਰਾ ਕੁਝ ਕਿਸ ਦੇ ਕਹਿਣ ’ਤੇ ਹੋਇਆ ਹੈ। ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਜ਼ਰੂਰ ਜਾਏਗਾ ਅਤੇ ਮਾਮਲੇ ਦੀ ਘੋਖ ਵੀ ਕੀਤੀ ਜਾਏਗੀ। ਉਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਬਹੁਤ ਹੀ ਜਿਆਦਾ ਦੁੱਖ ਹੋਇਆ ਹੈ ਕਿ ਉਹ ਗੁਰਪੁਰਬ ਤੋਂ ਪਹਿਲਾਂ ਜਾਂ ਫਿਰ ਗੁਰਪੁਰਬ ਵਾਲੇ ਦਿਨ ਕਰਤਾਰਪੁਰ ਸਾਹਿਬ ਨਹੀਂ ਜਾ ਪਾਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ