ਲੋਕ ਸਭਾ ’ਚ ਨਵਜੋਤ ਸਿੱਧੂ ਦਾ ਰਿਕਾਰਡ ਰਿਹਾ ਕਾਫ਼ੀ ਮਾੜਾ, ਗੈਰ-ਹਾਜ਼ਰ ਰਹਿਣ ਦੇ ਤੋੜੇ ਸਨ ਕਈ ‘ਰਿਕਾਰਡ’

ਪੰਜਾਬ ਦੇ ਮੁੱਦੇ ਕੀ ਚੁੱਕਣੇ ਸੀ ਨਹੀਂ ਜਾਂਦੇ ਸਨ ਲੋਕ ਸਭਾ ’ਚ, ਲੱਗੀਆਂ 72 ਫੀਸਦੀ ਗੈਰ ਹਾਜ਼ਰੀਆਂ

  • 14ਵੀਂ ਅਤੇ 15ਵੀਂ ਲੋਕ ਸਭਾ ਵਿੱਚ 695 ਬੈਠਕਾਂ ਵਿੱਚੋਂ 501 ਬੈਠਕਾਂ ਵਿੱਚ ਗੈਰ ਹਾਜ਼ਰ ਸਨ ਸਿੱਧੂ
  • 2006 ਵਿੱਚ ਨਵਜੋਤ ਸਿੱਧੂ ਨੇ ਦਿੱਤਾ ਸੀ ਅਸਤੀਫ਼ਾ, 2007 ਵਿੱਚ ਮੁੜ ਕੀਤੀ ਸੀ ਵਾਪਸੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੀ ‘ਕਪਤਾਨੀ’ ਸੰਭਾਲਣ ਵਾਲੇ ਨਵਜੋਤ ਸਿੱਧੂ ਦਾ ਲੋਕ ਸਭਾ ਵਿੱਚ ਹਾਜਰ ਰਹਿਣ ਦਾ ਰਿਕਾਰਡ ਕਾਫ਼ੀ ਜਿਆਦਾ ਮਾੜਾ ਰਿਹਾ ਹੈ। ਨਵਜੋਤ ਸਿੱਧੂ ਦੇਸ਼ ਦੀ ਸਾਰਿਆਂ ਨਾਲੋਂ ਵੱਡੀ ਪੰਚਾਇਤ ’ਚ ਜਿੱਤ ਕੇ ਪੁੱਜ ਤਾਂ ਗਏ ਪਰ ਉਥੇ ਜਿਆਦਾ ਸਮਾਂ ਪੰਜਾਬ ਦੇ ਮੁੱਦੇ ਚੁੱਕਣ ਦੀ ਥਾਂ ’ਤੇ ਉਹ ਗੈਰ ਹਾਜ਼ਰ ਹੀ ਨਜ਼ਰ ਆਏ। ਉਨ੍ਹਾਂ ਲੋਕ ਸਭਾ ਵਿੱਚ ਗੈਰ ਹਾਜ਼ਰ ਰਹਿਣ ਦੇ ਹੀ ਕਈ ਰਿਕਾਰਡ ਤੋੜ ਦਿੱਤੇ ਸਨ, ਜਿਸ ਕਾਰਨ ਉਹ ਜਿਆਦਾ ਸਮਾਂ ਲੋਕ ਸਭਾ ਵਿੱਚੋਂ ਗੈਰ ਹਾਜ਼ਰ ਰਹਿਣ ਦੇ ਚਲਦੇ ਪੰਜਾਬ ਦੇ ਮੁੱਦੇ ਚੁੱਕ ਹੀ ਨਹੀਂ ਸਕੇ।

ਲੋਕ ਸਭਾ ਵਿੱਚ ਨਵਜੋਤ ਸਿੱਧੂ ਤਿੰਨ ਵਾਰ ਪੁੱਜੇ ਸਨ ਅਤੇ ਇਸ ਦੌਰਾਨ ਲੋਕ ਸਭਾ ਵਿੱਚ ਲਗਭਗ 30 ਵਾਰ ਸੈਸ਼ਨ ਸੱਦਿਆ ਗਿਆ। ਇਸ ਦੌਰਾਨ ਕੁੱਲ 695 ਬੈਠਕਾਂ ਹੋਈਆ ਪਰ ਇਨਾਂ ਬੈਠਕਾਂ ਵਿੱਚ ਉਹ ਸਿਰਫ਼ 194 ਦਿਨ ਹੀ ਹਾਜ਼ਰ ਰਹੇ, ਜਦੋਂ ਕਿ 501 ਦਿਨ ਉਨ੍ਹਾਂ ਗੈਰ ਹਾਜ਼ਰੀ ਹੀ ਦਰਜ਼ ਕਰਵਾਈ। ਨਵਜੋਤ ਸਿੱਧੂ ਨੇ ਹਰ ਲੋਕ ਸਭਾ ਸੈਸ਼ਨ ਵਿੱਚ ਆਪਣੀ ਗੈਰ ਹਾਜ਼ਰੀ ਦਰਜ਼ ਕਰਵਾਈ ਹੈ।

ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਸਿਆਸਤ ਵਿੱਚ ਕਦਮ ਰੱਖਣ ਤੋਂ ਬਾਅਦ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਸਾਲ 2004 ’ਚ ਲੋਕ ਸਭਾ ਚੋਣਾਂ ਜਿੱਤਦੇ ਹੋਏ ਉਹ ਪਹਿਲੀ ਵਾਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ’ਚ ਪੁੱਜੇ ਸਨ। ਲੋਕ ਸਭਾ ’ਚ ਪੁੱਜਣ ਤੋਂ ਬਾਅਦ ਸਾਲ 2006 ਵਿੱਚ ਉਨ੍ਹਾਂ ਪਟਿਆਲਾ ਦੇ ਇੱਕ ਪੁਰਾਣੇ ਮਾਮਲੇ ਵਿੱਚ ਸਜਾ ਮਿਲਣ ਤੋਂ ਬਾਅਦ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ 2007 ਦੀ ਉਪ ਚੋਣ ਵਿੱਚ ਨਵਜੋਤ ਸਿੱਧੂ ਨੇ ਮੁੜ ਤੋਂ ਅੰਮ੍ਰਿਤਸਰ ਤੋਂ ਚੋਣ ਜਿੱਤੀ ਸੀ। ਇਸ 14ਵੀਂ ਲੋਕ ਸਭਾ ਵਿੱਚ ਉਹ ਮੈਂਬਰ ਰਹੇ।

14ਵੀਂ ਲੋਕ ਸਭਾ ਵਿੱਚ ਲਗਭਗ 335 ਬੈਠਕਾਂ ਸੱਦੀਆਂ ਗਈਆਂ ਤਾਂ ਕਿ ਜਿਥੇ ਸਰਕਾਰ ਦਾ ਕੰਮਕਾਜ ਹੋ ਸਕੇ ਉਥੇ ਸੰਸਦ ਮੈਂਬਰ ਆਪਣੇ ਸੂਬੇ ਅਤੇ ਲੋਕ ਸਭਾ ਹਲਕੇ ਦਾ ਮੁੱਦਾ ਚੁੱਕ ਸਕਣ ਪਰ ਪਹਿਲੀਵਾਰ ਲੋਕ ਸਭਾ ਪੁੱਜੇ ਨਵਜੋਤ ਸਿੱਧੂ ਨੇ 335 ਵਿੱਚੋਂ ਸਿਰਫ਼ 95 ਬੈਠਕਾਂ ਵਿੱਚ ਹੀ ਭਾਗ ਲਿਆ ਅਤੇ 240 ਦਿਨ ਉਹ ਗੈਰ ਹਾਜ਼ਰ ਰਹੇ। ਇਸ ਹਿਸਾਬ ਨਾਲ ਨਵਜੋਤ ਸਿੱਧੂ 72 ਫੀਸਦੀ ਬੈਠਕਾਂ ਵਿੱਚ ਭਾਗ ਲੈਣ ਲਈ ਹੀ ਨਹੀਂ ਆਏ।

ਇੱਥੇ ਹੀ ਸਾਲ 2009 ਵਿੱਚ ਮੁੜ ਤੋਂ ਅੰਮ੍ਰਿਤਸਰ ਤੋਂ ਚੋਣ ਜਿੱਤਦੇ ਹੋਏ ਨਵਜੋਤ ਸਿੱਧੂ 15ਵੀਂ ਲੋਕ ਸਭਾ ਦਾ ਹਿੱਸਾ ਬਣੇ ਪਰ ਗੈਰ ਹਾਜ਼ਰ ਰਹਿਣ ਵਾਲੇ ਰਿਕਾਰਡ ਨੂੰ ਉਹ ਬਦਲ ਨਹੀਂ ਸਕੇ। 15ਵੀਂ ਲੋਕ ਸਭਾ ਵਿੱਚ ਲਗਭਗ 360 ਬੈਠਕਾਂ ਹੋਈਆ ਅਤੇ ਇਸ ਵਿੱਚ ਨਵਜੋਤ ਸਿੱਧੂ ਨੇ ਸਿਰਫ਼ 99 ਬੈਠਕਾਂ ਵਿੱਚ ਹੀ ਭਾਗ ਲਿਆ ਅਤੇ 261 ਬੈਠਕਾਂ ਵਿੱਚ ਨਵਜੋਤ ਸਿੱਧੂ ਗੈਰ
ਹਾਜ਼ਰ ਰਹੇ।
ਇਸ ਦੌਰਾਨ ਪਿਛਲੀ ਵਾਰ ਵਾਂਗ ਨਵਜੋਤ ਸਿੱਧੂ 72 ਫੀਸਦੀ ਬੈਠਕਾਂ ਵਿੱਚੋਂ ਗੈਰ ਹਾਜ਼ਰ ਹੀ ਰਹੇ ਸਨ। ਨਵਜੋਤ ਸਿੱਧੂ ਨੇ ਗੈਰ ਹਾਜ਼ਰ ਰਹਿਣ ਦਾ ਰਿਕਾਰਡ 15ਵੀਂ ਲੋਕ ਸਭਾ ਵਿੱਚ ਵੀ ਜਾਰੀ ਰੱਖਿਆ ਸੀ।

14ਵੀਂ ਲੋਕ ਸਭਾ ਦੌਰਾਨ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ

ਸਾਲ     ਕੁਲਬੈਠਕਾਂ      ਹਾਜ਼ਰ      ਗੈਰ ਹਾਜ਼ਰ
2004      48        27          21
2005      88        28         60
2006      77        15          62
2007      66        16          50
2008      46        7          39
2009      10        2           8

ਕੁਲ          335        95        240

15ਵੀਂ ਲੋਕ ਸਭਾ ਦੌਰਾਨ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ

ਸਾਲ        ਕੁਲ ਬੈਠਕਾਂ        ਹਾਜ਼ਰ        ਗੈਰ ਹਾਜ਼ਰ
2009        54              18              36
2010        81              30              51
2011        78               15             63
2012        74              14              60
2013        73              22              51

ਕੁਲ        360              99              261

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ