ਸੁਰੱਖਿਆ ਕਰਮੀਆਂ ਵੱਲੋਂ ਪੱਤਰਕਾਰਾਂ ‘ਤੇ ਹਮਲਾ
ਪ੍ਰੈਸ ਕਾਨਫਰੰਸ ਵਿੱਚ ਭਾਗ ਲੈਣ ਲਈ ਆਏ ਸਨ ਪੱਤਰਕਾਰ
ਸੁਰੱਖਿਆ ਕਰਮੀਆਂ ਨੇ ਗੇਟ ‘ਤੇ ਹੀ ਰੋਕ ਕੇ ਕੀਤੀ ਬਦਤਮੀਜ਼ੀ ਅਤੇ ਧੱਕੇ ਮਾਰ ਕੇ ਕੀਤਾ ਕੋਠੀ ਤੋਂ ਬਾਹਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਵਿਵਾਦਾਂ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਇੱਕ ਵਾਰ ਫਿਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਨਾ ਸਿਰਫ਼ ਮੀਡੀਆ ਕਰਮਚਾਰੀਆਂ ਨਾਲ ਚੰਡੀਗੜ੍ਹ ਵਿਖੇ ਧੱਕਾ-ਮੁੱਕੀ ਕੀਤੀ, ਸਗੋਂ 2 ਪੱਤਰਕਾਰਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਇੱਕ ਪੱਤਰਕਾਰ ‘ਤੇ ਹਮਲਾ ਕਰਦੇ ਹੋਏ ਉਸ ਦੇ ਹੱਥ ਤੋੜਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਖੜ੍ਹੇ ਮੀਡੀਆ ਕਰਮੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਨਵਜੋਤ ਸਿੱਧੂ ਨੂੰ ਕੈਬਨਿਟ ਦੀ ਕੁਰਸੀ ਤੋਂ ਲਾਹੁਣ ਤੱਕ ਦੀ ਮੰਗ ਕਰ ਦਿੱਤੀ।
ਨਵਜੋਤ ਸਿੱਧੂ ਖ਼ਿਲਾਫ਼ ਜਲਦ ਹੀ ਇੱਕ ਪੱਤਰਕਾਰਾਂ ਦਾ ਵਫ਼ਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਜਾਵੇਗਾ, ਜਿੱਥੇ ਸਿੱਧੂ ਦੀ ਹਰ ਕਥਿਤ ਬਦਤਮੀਜ਼ੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਕੇ ਸਖ਼ਤ ਕਾਰਵਾਈ ਤੱਕ ਦੀ ਮੰਗ ਕੀਤੀ ਜਾਵੇਗੀ। ਅੱਜ ਨਵਜੋਤ ਸਿੱਧੂ ਚੰਡੀਗੜ੍ਹ ਵਿਖੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਕਿ ਮੌਕੇ ‘ਤੇ ਕੁਝ ਦੇਰੀ ਨਾਲ ਪੁੱਜੇ ਪੱਤਰਕਾਰਾਂ ਨੂੰ ਸੁਰੱਖਿਆ ਕਰਮੀਆਂ ਨੇ ਅੰਦਰ ਆਉਣ ਤੋਂ ਰੋਕ ਦਿੱਤਾ।
ਪੱਤਰਕਾਰਾਂ ਨੇ ਜਦੋਂ ਅੰਦਰ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਨਵਜੋਤ ਸਿੱਧੂ ਦਾ ਆਦੇਸ਼ ਹੈ ਕਿ ਜਿਹੜੇ ਅੰਦਰ ਆ ਚੁੱਕੇ ਹਨ, ਉਹ ਹੀ ਪ੍ਰੈਸ ਕਾਨਫਰੰਸ ਵਿੱਚ ਬੈਠਣਗੇ, ਜਦੋਂ ਕਿ ਤੁਹਾਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਗੱਲ ਸਬੰਧੀ ਨਵਜੋਤ ਸਿੱਧੂ ਦੇ ਸੁਰੱਖਿਆ ਕਰਮੀਆਂ ਨਾਲ ਪੱਤਰਕਾਰਾਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਸ ਸਬੰਧੀ ਜਾਣਕਾਰੀ ਨਵਜੋਤ ਸਿੱਧੂ ਨੂੰ ਦਿੱਤੀ ਗਈ ਪਰ ਇਸ ਦੇ ਬਾਵਜੂਦ ਪੱਤਰਕਾਰਾਂ ਨੂੰ ਅੰਦਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਬਹਿਸ ਜਿਆਦਾ ਹੋਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪੱਤਰਕਾਰਾਂ ਨੂੰ ਧੱਕੇ ਮਾਰਦੇ ਹੋਏ ਸਰਕਾਰੀ ਰਿਹਾਇਸ਼ ਦੇ ਮੁੱਖ ਗੇਟ ਤੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ 2 ਪੱਤਰਕਾਰਾਂ ਨਾਲ ਕਾਫ਼ੀ ਜਿਆਦਾ ਬਦਤਮੀਜ਼ੀ ਵੀ ਕੀਤੀ ਗਈ ਅਤੇ ਇਥੇ ਹੀ ਇੱਕ ਟੀਵੀ ਚੈਨਲ ਪੱਤਰਕਾਰ ਵਿਸ਼ਾਲ ਇੰਗਰੀਸ ਦਾ ਹੱਥ ਗੇਟ ਵਿੱਚ ਆ ਗਿਆ, ਜਿਸ ਨਾਲ ਉਹ ਮੌਕੇ ‘ਤੇ ਫੱਟੜ ਵੀ ਹੋ ਗਏ।
ਨਵਜੋਤ ਸਿੱਧੂ ਅਤੇ ਉਨਾਂ ਦੇ ਸੁਰੱਖਿਆ ਕਰਮਚਾਰੀਆਂ ਤੋਂ ਨਰਾਜ਼ ਹੋ ਕੇ ਮੀਡੀਆ ਕਰਮਚਾਰੀਆਂ ਨੇ ਮੌਕੇ ‘ਤੇ ਰੋਸ ਜ਼ਾਹਿਰ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲਣ ਲਈ ਸਮਾਂ ਮੰਗ ਲਿਆ ਹੈ, ਜਿਥੇ ਕਿ ਨਵਜੋਤ ਸਿੱਧੂ ਦੀ ਸ਼ਿਕਾਇਤ ਕਰਦੇ ਹੋਏ ਉਨਾਂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਜਾਂ ਫਿਰ ਉਨਾਂ ਨੂੰ ਤਮੀਜ਼ ਸਿਖਾਉਣ ਦੀ ਮੰਗ ਕੀਤੀ ਜਾਏਗੀ।
ਸਿੱਧੂ ਦੀਆਂ ਹਰਕਤਾਂ ਨਿੰਦਣਯੋਗ, ਪ੍ਰੈਸ ਕੌਂਸਲ ਕਰੇਗੀ ਕਾਰਵਾਈ : ਬਲਵਿੰਦਰ ਜੰਮੂ
ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਅਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਗਿਆ ਪੱਤਰਕਾਰਾਂ ‘ਤੇ ਹਮਲਾ ਨਿੰਦਣਯੋਗ ਹੈ ਅਤੇ ਸਿੱਧੂ ਵਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਮੀਡੀਆ ਕਰਮਚਾਰੀਆਂ ਨਾਲ ਕੀਤੀ ਗਈਆਂ ਹਨ। ਜਿਹੜੀਆਂ ਕਿ ਸਹਿਣਯੋਗ ਨਹੀਂ ਹਨ, ਇਸ ਲਈ ਪ੍ਰੈਸ ਕੌਂਸਲ ਆਫ਼ ਇੰਡੀਆ ਦੀ ਅਗਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾਏਗੀ।
ਪਹਿਲਾਂ ਵੀ ਕਈ ਵਾਰ ਮੀਡੀਆ ਨਾਲ ਰਿਹਾ ਟਕਰਾਅ
ਨਵਜੋਤ ਸਿੱਧੂ ਵੱਲੋਂ ਪਹਿਲਾਂ ਵੀ ਕਈ ਵਾਰ ਮੀਡੀਆ ਕਰਮਚਾਰੀਆਂ ਨਾਲ ਬਦਤਮੀਜ਼ੀ ਕੀਤੀ ਗਈ ਹੈ। ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿੱਚ ਇੱਕ ਸੁਆਲ ‘ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਤੂੰ ਟੂਚੀਆਂ ਟੂਚਿਆਂ ਗੱਲਾਂ ਕਰ ਰਿਹਾ ਹੈ’। ਨਵਜੋਤ ਸਿੱਧੂ ਤੋਂ ਜਿਹੜਾ ਵੀ ਪੱਤਰਕਾਰ ਸੁਆਲ ਪੁੱਛ ਲੈਂਦਾ ਹੈ ਤਾਂ ਉਹ (ਸਿੱਧੂ) ਜ਼ਿਆਦਾਤਰ ਔਖੇ ਹੋ ਜਾਂਦੇ ਹਨ ਉਹ ਪੱਤਰਕਾਰਾਂ ਨੂੰ ਭਰੀ ਪ੍ਰੈਸ ਕਾਨਫਰੰਸ ਵਿੱਚ ਹੀ ਪੁੱਠਾ-ਸਿੱਧਾ ਬੋਲਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।