ਕਾਨੂੰਨ ਅੰਨਾ ਹੋ ਸਕਦਾ ਐ ਪਰ ਪੰਜਾਬ ਦੇ ਲੋਕ ਨਹੀਂ ! ਝੂਠ ਮੈ ਨਹੀਂ ਤੁਸੀਂ ਬੋਲ ਰਹੇ ਹੋ
- ਇੱਕ ਤੋਂ ਬਾਅਦ ਇੱਕ 12 ਕੀਤੇ ਟਵੀਟ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਘੇਰਿਆ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ ਏ.ਪੀ.ਐਸ. ਦਿਉਲ ਨੂੰ ਘੇਰਦੇ ਹੋਏ ਉਨਾਂ ਨੂੰ ਝੂਠਾ ਕਰਾਰ ਦੇ ਦਿੱਤਾ ਹੈ। ਨਵਜੋਤ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਕੁਲ 12 ਟਵੀਟ ਕਰਦੇ ਹੋਏ ਐਡਵੋਕੇਟ ਜਨਰਲ ਏ.ਪੀ.ਐਸ. ਦਿਉਲ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਕਈ ਸੁਆਲ ਕਰ ਦਿੱਤੇ ਹਨ। ਨਵਜੋਤ ਸਿੱਧੂ ਨੇ ਇਹ ਟਵੀਟ ਐਡਵੋਕੇਟ ਜਨਰਲ ਏ.ਪੀ.ਐਸ. ਦਿਉਲ ਦੇ ਬੀਤੇ ਦਿਨੀਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਜੁਆਬ ਵਿੱਚ ਕੀਤੇ ਹਨ।
ਨਵਜੋਤ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਕਾਨੂੰਨ ਅੰਨਾ ਹੋ ਸਕਦਾ ਹੈ ਪਰ ਪੰਜਾਬ ਦੇ ਲੋਕ ਅੰਨੇ ਨਹੀਂ ਹਨ। ਉਨਾਂ ਨੂੰ ਸਾਰਾ ਕੁਝ ਦਿਖਾਈ ਦਿੰਦਾ ਹੈ। ਝੂਠ ਮੈ ਨਹੀਂ ਸਗੋਂ ਤੁਸੀਂ (ਏ.ਜੀ.) ਬੋਲ ਰਹੇ ਹੋ।
ਨਵਜੋਤ ਸਿੱਧੂ ਨੇ ਲਿਖਿਆ ਕਿ ਸੁਮੇਧ ਸੈਣੀ ਦੇ ਮਾਮਲੇ ਵਿੱਚ ਤੁਸੀਂ ਮੁੱਖ ਸਾਜ਼ਿਸਕਰਤਾ ਵਲੋਂ ਉੱਚ ਅਦਾਲਤਾਂ ਵਿੱਚ ਪੇਸ਼ ਹੁੰਦੇ ਹੋਏ ਆਏ ਹੋ ਅਤੇ ਸਰਕਾਰ ’ਤੇ ਹੀ ਗੰਭੀਰ ਦੋਸ਼ ਤੁਹਾਡੇ ਵਲੋਂ ਲਾਏ ਹੋਏ ਹਨ ਤਾਂ ਉਹ ਕਿਵੇਂ ਹੁਣ ਸਰਕਾਰ ਵਲੋਂ ਇਨਾਂ ਮਾਮਲੇ ਵਿੱਚ ਪੈਰਵੀ ਕਰ ਸਕਦੇ ਹਨ ? ਨਵਜੋਤ ਸਿੱਧੂ ਨੇ ਲਿਖਿਆ ਕਿ ਸੁਮੇਧ ਸੈਣੀ ਸਣੇ ਪੁਲਿਸ ਅਧਿਕਾਰੀਆਂ ਦੇ ਕੇਸ ਵਿੱਚ ਤੁਸੀਂ ਜਾਂਚ ਨੂੰ ਪੰਜਾਬ ਤੋਂ ਬਾਹਰ ਸੀਬੀਆਈ ਤੋਂ ਕਰਵਾਉਣ ਦੀ ਅਪੀਲ ਕੀਤੀ ਗਈ ਸੀ, ਕਿਉਂਕਿ ਇਸ ਵਿੱਚ ਤੁਹਾਨੂੰ ਰਾਜਨੀਤਕ ਦਖ਼ਲ-ਅੰਦਾਜ਼ੀ ਦਾ ਡਰ ਸੀ। ਜਿਹੜੀ ਸਰਕਾਰ ਖ਼ਿਲਾਫ਼ ਤੁਸੀਂ ਲੜ ਰਹੇ ਹਨ, ਅੱਜ ਤੁਸੀਂ ਉਸੇ ਸਰਕਾਰ ਦਾ ਅਦਾਲਤ ਵਿੱਚ ਅਹਿਮ ਹਿੱਸਾ ਹੋ ਤਾਂ ਤੁਸੀਂ ਮੇਰੇ ’ਤੇ ਅਫ਼ਵਾਹ ਫੈਲਾਉਣ ਦਾ ਦੋਸ਼ ਲਗਾ ਰਹੇ ਹੋ ?
ਸਿੱਧੂ ਨੇ ਇਥੇ ਹੀ ਸੁਆਲ ਕਰਦੇ ਹੋਏ ਪੁੱਛਿਆ ਕੀ ਤੁਸੀਂ ਕਿਸੇ ਹੋਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹੋ। ਕੀ ਤੁਸੀਂ ਉਨਾਂ ਲੋਕਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹੋ, ਜਿਨਾਂ ਨੇ ਤੁਹਾਨੂੰ ਇਸ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਹੈ। ਇਥੇ ਹੀ ਨਵਜੋਤ ਸਿੱਧੂ ਨੇ ਐਡਵੋਕੇਟ ਜਨਰਲ ਏ.ਪੀ.ਐਸ. ਦਿਉਲ ਨੂੰ ਸਲਾਹ ਦਿੱਤੀ ਕਿ ਉਹ ਰਾਜਨੀਤੀ ਪੰਜਾਬ ਦੇ ਲੀਡਰਾਂ ਲਈ ਹੀ ਛੱਡ ਦੇਣ ਅਤੇ ਉਹ ਰਾਜਨੀਤੀ ਨਾ ਕਰਨ।
ਪਹਿਲਾਂ ਸਿੱਧੂ ਨੂੰ ਖੁਸ ਕਰ ਲਓ, ਫਿਰ ਦੇ ਦੇਣਾ ਰਾਹਤ ਸਕੀਮਾਂ : ਰਵਨੀਤ ਬਿੱਟੂ
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ’ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ ਨਵਜੋਤ ਸਿੱਧੂ ਨੂੰ ਹੀ ਖੁਸ ਕਰ ਲਿਆ ਜਾਵੇ। ਉਸ ਤੋਂ ਬਾਅਦ ਹੀ ਸਰਕਾਰ ਵਲੋਂ ਰਾਹਤ ਸਕੀਮਾਂ ਨੂੰ ਦੇ ਦਿੱਤਾ ਜਾਵੇ, ਕਿਉਂਕਿ ਉਸ ਨੇ ਮੁੜ ਤੋਂ ਪੰਜਾਬ ਸਰਕਾਰ ’ਤੇ ਉਂਗਲ ਚੁੱਕਣੀ ਹੀ ਹੈ। ਐਤਵਾਰ ਨੂੰ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਚ ਵੈਟ ਕਟੌਤੀ ਦਾ ਐਲਾਨ ਕਰਨਾ ਸੀ ਤਾਂ ਠੀਕ ਉਸ ਤੋਂ ਪਹਿਲਾਂ ਇਸ ਤਰਾਂ ਦੇ ਟਵੀਟ ਆਉਣ ਤੋਂ ਬਾਅਦ ਰਵਨੀਤ ਬਿੱਟੂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਕਿ ਹਰ ਵਾਰ ਨਵਜੋਤ ਸਿੱਧੂ ਉਸੇ ਦਿਨ ਇਹੋ ਜਿਹਾ ਕਾਰਨਾਮਾ ਕਰਦੇ ਹਨ, ਜਿਸ ਦਿਨ ਸਰਕਾਰ ਨੇ ਕੋਈ ਵੱਡਾ ਕੰਮ ਕਰਨਾ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ