ਦੇਸ਼ ਵਿਆਪੀ ਬੰਦ ਅੱਜ, ਸੂਬੇ ਭਰ ਅੰਦਰ 200 ਤੋਂ ਵੱਧ ਥਾਵਾਂ ‘ਤੇ ਹੋਣਗੇ ਪ੍ਰਦਰਸ਼ਨ

ਦੁਪਹਿਰ ਤਿੰਨ ਵਜੇ ਤੱਕ ਰੱਖਿਆ ਜਾਵੇਗਾ ਚੱਕਾ ਜਾਮ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਿਸਾਨਾਂ ਵੱਲੋਂ 8 ਦਸੰਬਰ ਨੂੰ ਦਿੱਤੇ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਲੈ ਕੇ ਪੰਜਾਬ ਅੰਦਰ ਸਾਰੇ ਹੀ ਵਰਗਾਂ ਅਤੇ ਜਥੇਬੰਦੀਆਂ ਵੱਲੋਂ ਸਮਰੱਥਨ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਸਰਕਾਰੀ ਦਫ਼ਤਰਾਂ ਚੋਂ ਮੁਲਾਜ਼ਮਾਂ ਵੱਲੋਂ ਛੁੱਟੀ ਲੈ ਕੇ ਇਸ ਬੰਦ ਵਿੱਚ ਸ਼ਾਮਲ ਹੋਇਆ ਜਾ ਰਿਹਾ ਹੈ। ਪੰਜਾਬ ਅੰਦਰ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨੀ ਧਿਰਾਂ ਵੱਲੋਂ ਸ਼ਹਿਰਾਂ, ਪਿੰਡਾਂ ਅੰਦਰ ਸਪੀਕਰਾਂ ਰਾਹੀਂ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਉਂਜ ਵੱਡੀ ਗਿਣਤੀ ਵਪਾਰੀਆਂ ਅਤੇ ਹੋਰਨਾਂ ਧਿਰਾਂ ਵੱਲੋਂ ਆਪ ਮੁਹਾਰੇ ਹੀ ਕਿਸਾਨਾਂ ਦੇ ਬੰਦ ਦੀ ਹਮਾਇਤ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਸਵੇਰੇ ਤੋਂ ਹੀ ਬੰਦ ਦਾ ਅਸਰ ਸ਼ੁਰੂ ਹੋ ਜਾਵੇਗਾ ਅਤੇ 11 ਤੋਂ ਤਿੰਨ ਵਜੇ ਤੱਕ ਸੜਕੀ ਆਵਾਜਾਈ ਠੱਪ ਰਹੇਗੀ। ਪੰਜਾਬ ਅੰਦਰ ਕਿਸਾਨਾਂ ਵੱਲੋਂ ਪਹਿਲਾ ਤੋਂ ਚੱਲ ਰਹੇ ਧਰਨਿਆਂ ਸਮੇਤ ਹੋਰਨਾਂ ਥਾਵਾਂ ‘ਤੇ ਪ੍ਰਰਦਸ਼ਨ ਕੀਤੇ ਜਾਣਗੇ। ਭਾਵੇਂ ਪੰਜਾਬ ਭਰ ਦੀ ਕਿਸਾਨ ਲੀਡਰਸ਼ਿਪ ਦਿੱਲੀ ਵਿਖੇ ਡਟੇ ਹੋਏ ਹਨ, ਪਰ ਪਿੱਛੋਂ ਅਨੇਕਾਂ ਔਰਤਾਂ, ਨੌਜਵਾਨਾਂ ਅਤੇ ਹੋਰਨਾ ਆਗੂਆਂ ਵੱਲੋਂ ਆਪਣੇ ਮੋਰਚੇ ਸੰਭਾਲੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਢਕੌਦਾ ਦੇ ਆਗੂ ਨਰੈਣ ਦੱਤ ਦਾ ਕਹਿਣਾ ਹੈ ਕਿ ਪੰਜਾਬ ਭਰ ਅੰਦਰ 200 ਤੋਂ ਵੱਧ ਥਾਵਾਂ ਤੇ ਪ੍ਰਦਰਸ਼ਨ ਹੋਣਗੇ ਅਤੇ ਇਸ ਦੇ ਨਾਲ ਹੀ ਸ਼ਹਿਰਾਂ ਅਤੇ ਕਬਸਿਆਂ ਅੰਦਰ ਮਾਰਚ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬੰਦ ਨੂੰ ਸਾਰੇ ਵਰਗਾਂ ਦਾ ਹੀ ਸਾਥ ਮਿਲ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਮਨਜੀਤ ਸਿੰਘ ਨਿਆਲ ਦਾ ਕਹਿਣਾ ਹੈ ਕਿ ਸੂਬੇ ਭਰ ਅੰਦਰ ਜਥੇਬੰਦੀਆਂ ਵੱਲੋਂ ਬੰਦ ਲਈ ਪਿਛਲੇ ਦੋਂ ਦਿਨਾਂ ਤੋਂ ਸ਼ਹਿਰਾਂ, ਕਸਬਿਆਂ, ਬਜ਼ਾਰਾਂ ਅਤੇ ਪਿੰਡਾਂ ਅੰਦਰ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਸਾਰੇ ਕਾਰੋਬਾਰ ਬੰਦ ਰੱਖਣ ਲਈ ਕਿਹਾ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਅੰਦਰ ਪੈਟਰੋਲ ਪੰਪਾਂ ਵੱਲੋਂ ਵੀ ਸ਼ਾਮ ਪੰਜ ਵਜੇਂ ਤੱਕ ਆਪਣੇ ਪੰਪ ਬੰਦ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਦਰਜ਼ਨ ਭਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਪੰਜਾਬ ਅੰਦਰ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਵੀ ਛੁੱਟੀ ਲੈ ਕੇ ਇਸ ਇਸ ਬੰਦ ਵਿੱਚ ਸ਼ਾਮਲ ਹੋਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਖ਼ਬਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.