ਕੌਮੀ ਪ੍ਰਦਰਸ਼ਨ ਇੰਡੈਕਸ: ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਪ੍ਰਾਪਤੀ ਮਾਣਮੱਤੀ

School Education Department Sachkahoon

ਕੌਮੀ ਪ੍ਰਦਰਸ਼ਨ ਇੰਡੈਕਸ: ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਪ੍ਰਾਪਤੀ ਮਾਣਮੱਤੀ

ਰਾਸ਼ਟਰੀ ਪੱਧਰ ’ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀ ਸਕੂਲ ਸਿੱਖਿਆ ਵਿਵਸਥਾ ਦੇ ਮੁਲਾਂਕਣ ਲਈ ਸ਼ੁਰੂ ਕੀਤੇ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ ਦੀ 2019-20 ਸੈਸ਼ਨ ਦੀ ਰਿਪੋਰਟ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੇ ਦਰਜ਼ੇ ਦੀ ਮਾਣਮੱਤੀ ਪ੍ਰਾਪਤੀ ਨਾਲ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਤੇ ਪੜ੍ਹਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਬਾਰੇ ਕੀਤੇ ਜਾ ਰਹੇ ਦਾਅਵੇ ਦੀ ਤਸਦੀਕ ਹੋਈ ਹੈ ਇਸ ਪ੍ਰਾਪਤੀ ਨਾਲ ਸਰਕਾਰੀ ਸਕੂਲਾਂ ਤੇ ਸਰਕਾਰੀ ਅਧਿਆਪਕਾਂ ਦੇ ਮਾਣ ਵਿੱਚ ਵੀ ਇਜ਼ਾਫਾ ਹੋਇਆ ਹੈ ਇਸ ਪ੍ਰਾਪਤੀ ਨੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਕਮੀ ਤੇ ਪੜ੍ਹਾਈ ਘੱਟ ਹੋਣ ਬਾਰੇ ਮਾਪਿਆਂ ਦੇ ਮਨਾਂ ’ਚ ਪੈਦਾ ਕੀਤੇ ਜਾ ਰਹੇ ਭਰਮ-ਭੁਲੇਖਿਆਂ ਨੂੰ ਵੀ ਬਾਖੂਬੀ ਦੂਰ ਕੀਤਾ ਹੈ।

ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਹਰ ਸੂਬੇ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀ ਸਕੂਲ ਸਿੱਖਿਆ ਦੀ ਵੱਖ-ਵੱਖ ਪੈਰਾਮੀਟਰਾਂ ਤੋਂ ਸਥਿਤੀ ਦਾ ਪਤਾ ਲਾਉਣ ਲਈ 2017-18 ਵਿੱਚ ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਸ਼ੁਰੂ ਕੀਤਾ ਗਿਆ ਪਹਿਲੀ ਵਾਰ 2019 ਵਿੱਚ ਇੰਡੈਕਸ ਜਾਰੀ ਕਰਦਿਆਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਉਨ੍ਹਾਂ ਦੀ ਸਕੂਲ ਸਿੱਖਿਆ ਵਿਵਸਥਾ ਤੋਂ ਜਾਣੂ ਕਰਵਾਇਆ ਗਿਆ ਸੈਸ਼ਨ 2018-19 ਲਈ ਦੂਜਾ ਇੰਡੈਕਸ 2020 ਵਿੱਚ ਜਾਰੀ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਦਾ ਤੇਰ੍ਹਵਾਂ ਸਥਾਨ ਰਿਹਾ ਸੈਸ਼ਨ 2019-20 ਲਈ ਪਿਛਲੇ ਦਿਨੀਂ ਜਾਰੀ ਕੀਤੇ ਇੰਡੈਕਸ ’ਚ ਪੰਜਾਬ ਦਾ ਸਥਾਨ ਪਹਿਲਾ ਰਿਹਾ ਪੰਜਾਬ ਵੱਲੋਂ ਜਿੱਥੇ ਏ ਪਲੱਸ ਪਲੱਸ ਗਰੇਡ ਹਾਸਲ ਕੀਤਾ ਗਿਆ, ਉੱਥੇ ਹੀ 1000 ਵਿੱਚੋਂ 929 ਅੰਕਾਂ ਦੀ ਪ੍ਰਾਪਤੀ ਨਾਲ ਪੰਜਾਬ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚੋਂ ਸਿਖ਼ਰ ’ਤੇ ਵੀ ਰਿਹਾ।

ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਤਿਆਰ ਕਰਨ ਲਈ ਹਰ ਸੂਬੇ ਤੇ ਕੇਂਦਰੀ ਸ਼ਾਸਿਤ ਸੂਬੇ ਦੀ ਸਕੂਲ ਸਿੱਖਿਆ ਵਿਵਸਥਾ ਨੂੰ ਪੰਜ ਵਰਗਾਂ ਦੇ ਸੱਤਰ ਪੈਰਾਮੀਟਰਾਂ ਦੀ ਤੱਕੜੀ ’ਚ ਪਰਖਿਆ-ਪੜਚੋਲਿਆ ਜਾਂਦਾ ਹੈ ਇਨ੍ਹਾਂ ’ਚੋਂ ਇੱਕ ਸੌ ਅੱਸੀ ਅੰਕ ਲਰਨਿੰਗ ਆਊਟਕਮਜ਼ ਅਤੇ ਕੁਆਲਿਟੀ ਦੇ, ਪਹੁੰਚ ਦੇ ਅੱਸੀ ਅੰਕ, ਬੁਨਿਆਦੀ ਸਹੂਲਤਾਂ ਦੇ ਇੱਕ ਸੌ ਪੰਜਾਹ ਅੰਕ, ਸਮਾਨਤਾ ਦੇ ਦੋ ਸੌ ਤੀਹ ਅੰਕ, ਗਰਵਰਨੈਂਸ ਅਤੇ ਪ੍ਰੋਸੈਸਿੰਗ ਦੇ ਤਿੰਨ ਸੌ ਸੱਠ ਅੰਕ ਹੁੰਦੇ ਹਨ ਪੰਜਾਬ ਵੱਲੋਂ ਪਹਿਲੇ ਵਰਗ ਲਰਨਿੰਗ ਆਊਟਕਮਜ਼ ਅਤੇ ਕੁਆਲਿਟੀ ਜਾਣੀ ਕਿ ਗੁਣਵੱਤਾ ਦੇ ਇੱਕ ਸੌ ਅੱਸੀ ਅੰਕਾਂ ਵਿੱਚੋਂ ਇੱਕ ਸੌ ਛੱਬੀ ਅੰਕ ਪ੍ਰਾਪਤ ਕੀਤੇ ਗਏ ਹਨ ਪਹੁੰਚ ਦੇ ਅੱਸੀ ਅੰਕਾਂ ’ਚੋਂ ਉਨਾਸੀ ਅੰਕ, ਬੁਨਿਆਦੀ ਸਹੂਲਤਾਂ ਦੇ ਇੱਕ ਸੌ ਪੰਜਾਹ ਅੰਕਾਂ ਵਿੱਚੋਂ ਇੱਕ ਸੌ ਪੰਜਾਹ ਅੰਕ, ਸਮਾਨਤਾ ਦੇ ਦੋ ਸੌ ਤੀਹ ਅੰਕਾਂ ਵਿੱਚੋਂ ਦੋ ਸੌ ਅਠਾਈ ਅੰਕ ਅਤੇ ਗਵਰਨੈਂਸ ਅਤੇ ਪ੍ਰੋਸੈਸਿੰਗ ਦੇ ਤਿੰਨ ਸੌ ਸੱਠ ਅੰਕਾਂ ਵਿੱਚੋਂ ਤਿੰਨ ਸੌ ਛਿਆਲ਼ੀ ਅੰਕ ਪ੍ਰਾਪਤ ਕੀਤੇ ਹਨ।

ਇਸ ਤਰ੍ਹਾਂ ਪੰਜਾਬ ਕੁੱਲ ਇੱਕ ਹਜ਼ਾਰ ਅੰਕਾਂ ਵਿੱਚੋਂ ਨੌ ਸੌ ਉਨੱਤੀ ਅੰਕਾਂ ਦੀ ਪ੍ਰਾਪਤੀ ਨਾਲ ਰਾਸ਼ਟਰੀ ਪੱਧਰ ’ਤੇ ਮੋਹਰੀ ਬਣਨ ਵਿੱਚ ਕਾਮਯਾਬ ਰਿਹਾ ਹੈ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਰਾਸ਼ਟਰੀ ਪੱਧਰ ’ਤੇ ਅੱਵਲ ਰਹਿਣਾ ਕੋਈ ਅਸ਼ਚਰਜਤਾ ਵਾਲਾ ਨਤੀਜਾ ਨਹੀਂ ਇਸ ਪੁਜੀਸ਼ਨ ਦੀ ਪ੍ਰਾਪਤੀ ਨਾਲ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਦੇ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ ਸਰਕਾਰੀ ਸਕੂਲਾਂ ਦੀ ਵਿਵਸਥਾ ਵੱਲ ਉਠਾਈ ਜਾ ਰਹੀ ਉਂਗਲ ਨੂੰ ਕਰਾਰਾ ਜਵਾਬ ਵੀ ਮਿਲਿਆ ਹੈ।

ਜੇਕਰ ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਅਨੁਸਾਰ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਦੀ ਪੜਚੋਲ ਕੀਤੀ ਜਾਵੇ ਤਾਂ ਇੰਡੈਕਸ ਦੇ ਆਧਾਰ ਪੰਜਾਂ ਵਿੱਚੋਂ ਚਾਰ ਵਰਗਾਂ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਕਾਬਲੇ ਤਾਰੀਫ ਰਹੀਆਂ ਹਨ, ਪਰ ਪਹਿਲੇ ਗੁਣਾਤਮਕਤਾ ਵਾਲੇ ਵਰਗ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਨਿਰਾਸ਼ ਕਰਨ ਵਾਲੀਆਂ ਜਾਪਦੀਆਂ ਹਨ ਪਹਿਲੇ ਵਰਗ ਵਿੱਚ ਨਿਰਾਸ਼ਾਜਨਕ ਪ੍ਰਾਪਤੀਆਂ ਨੂੰ ਵਿਸਥਾਰ ਵਿੱਚ ਅਤੇ ਤਰਕਮਈ ਤਰੀਕੇ ਨਾਲ ਸਮਝਣ ਦੀ ਜਰੂਰਤ ਹੈ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਪਹਿਲੇ ਗੁਣਾਤਮਕਤਾ ਵਾਲੇ ਵਰਗ ਲਈ ਅੰਕ ਕਿਸ ਤਰ੍ਹਾਂ ਦਿੱਤੇ ਗਏ ਹਨ ਸੈਸ਼ਨ 2019-20 ਦਾ ਇੰਡੈਕਸ ਤਿਆਰ ਕਰਨ ਸਮੇਂ ਦੂਜੇ ਤੋਂ ਪੰਜਵੇਂ ਵਰਗ ਤੱਕ ਦਾ ਆਧਾਰ ਸੈਸ਼ਨ 2019-20 ਦੌਰਾਨ ਕੀਤੇ ਕੰਮਾਂ ਨੂੰ ਬਣਾਇਆ ਗਿਆ ਹੈ, ਜਦਕਿ ਪਹਿਲੇ ਗੁਣਾਤਮਕਤਾ ਵਾਲੇ ਵਰਗ ਲਈ ਆਧਾਰ 2017 ਵਿੱਚ ਹੋਏ ਰਾਸ਼ਟਰੀ ਪ੍ਰਾਪਤੀ ਸਰਵੇਖਣ ਟੈਸਟ ਨੂੰ ਬਣਾਇਆ ਗਿਆ ਹੈ।

ਪਹਿਲੇ ਵਰਗ ਅਧੀਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀ ਸਕੂਲ ਸਿੱਖਿਆ ਗੁਣਵੱਤਾ ਨੂੰ ਪਰਖਣ ਲਈ ਐਨ. ਸੀ. ਈ. ਆਰ. ਟੀ. ਵੱਲੋਂ ਕਰਵਾਈ ਜਾਣ ਵਾਲੀ ਰਾਸ਼ਟਰੀ ਪ੍ਰਾਪਤੀ ਸਰਵੇਖਣ ਨੂੰ ਬਣਾਇਆ ਜਾਂਦਾ ਹੈ ਇਸ ਸਰਵੇਖਣ ਲਈ ਐਨ. ਸੀ. ਈ. ਆਰ. ਟੀ. ਵੱਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਵਿਸ਼ਾਵਾਰ ਪ੍ਰੀਖਿਆ ਲਈ ਜਾਂਦੀ ਹੈ ਐਨ. ਸੀ. ਈ. ਆਰ. ਟੀ. ਵੱਲੋਂ ਇਹ ਪ੍ਰੀਖਿਆ 2017 ਵਿੱਚ ਲਈ ਗਈ ਸੀ ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਹ ਪ੍ਰੀਖਿਆ ਨਹੀਂ ਕਰਵਾਈ ਜਾ ਸਕੀ।

ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਸਮੇਂ ਸਿਰ ਜਾਰੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਹਿਲੇ ਵਰਗ ਦੇ ਅੰਕਾਂ ਲਈ ਤਕਰੀਬਨ ਚਾਰ-ਪੰਜ ਵਰ੍ਹੇ ਪਹਿਲਾਂ ਹੋਈ ਪ੍ਰੀਖਿਆ ਨੂੰ ਬਣਾ ਲਿਆ ਗਿਆ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਦੂਜੇ ਤੋਂ ਪੰਜਵੇਂ ਵਰਗ ਵਿਚ ਹੈਰਾਨੀਜਨਕ ਸੁਧਾਰ ਕਰਨ ਵਾਲੇ ਪੰਜਾਬ ਨੇ ਲਾਜ਼ਮੀ ਤੌਰ ’ਤੇ ਪਹਿਲੇ ਗੁਣਾਤਮਕਤਾ ਵਰਗ ਵਿੱਚ ਵੀ ਸੁਧਾਰ ਕੀਤਾ ਹੋਵੇਗਾ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਤਕਨੀਕਾਂ ਪੱਖੋਂ ਆਈ ਤਬਦੀਲੀ ਅਤੇ ਅਧਿਆਪਕਾਂ ਦੀ ਸਮੱਰਪਣ ਭਾਵਨਾ ਦੇ ਚੱਲਦਿਆਂ ਜੇਕਰ ਰਾਸ਼ਟਰੀ ਪ੍ਰਾਪਤੀ ਸਰਵੇਖਣ ਪ੍ਰੀਖਿਆ ਸੈਸ਼ਨ 2019-20 ਦੌਰਾਨ ਹੋ ਜਾਂਦੀ ਤਾਂ ਸ਼ਾਇਦ ਸੂਬੇ ਦੇ ਅੰਕ 929 ਤੋਂ ਵੀ ਵੱਧ ਬਣਦੇ ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ’ਚ ਸੂਬੇ ਦੇ ਪਹਿਲੇ ਵਰਗ ਵਿੱਚੋਂ ਕਮਜ਼ੋਰ ਪ੍ਰਦਰਸ਼ਨ ਨੂੰ ਤਰਕ ਦੇ ਆਧਾਰ ’ਤੇ ਸਮਝਣ ਦੀ ਜਰੂਰਤ ਹੈ ਕਿਹਾ ਜਾ ਸਕਦਾ ਹੈ ਕਿ ਇਹ ਪ੍ਰਦਰਸ਼ਨ ਬੁਨਿਆਦੀ ਸਹੂਲਤਾਂ ਤੇ ਪੜ੍ਹਾਉਣ ਤਕਨੀਕਾਂ ਪੱਖੋਂ ਤਬਦੀਲ ਹੋ ਚੁੱਕੇ ਸਕੂਲਾਂ ਦਾ ਨਹੀਂ ਹੈ।

ਰਾਸ਼ਟਰੀ ਪੱਧਰ ’ਤੇ ਸਰਕਾਰੀ ਸਕੂਲਾਂ ਦੀ ਸ਼ਾਨਾਮੱਤੀ ਪ੍ਰਾਪਤੀ ਦਾ ਸਿਹਰਾ ਸਮੂਹ ਪੰਜਾਬੀਆਂ ਦੇ ਸਿਰ ਬੱਝਦਾ ਹੈ ਬੁਨਿਆਦੀ ਸਹੂਲਤਾਂ ਦੀ ਉਪਲੱਬਧਤਾ ਦੇ ਤੀਜੇ ਵਰਗ ਵਿੱਚੋਂ ਸੌ ਫੀਸਦੀ ਅੰਕਾਂ ਦੀ ਪ੍ਰਾਪਤੀ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਤੇ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਤਬਦੀਲੀ ’ਚ ਸਮਾਜ ਦਾ ਸਹਿਯੋਗ ਇਤਿਹਾਸ ਦਾ ਹਿੱਸਾ ਬਣੇਗਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਮਾਜ ਨੂੰ ਸਕੂਲਾਂ ਦੀ ਦਿੱਖ ਤਬਦੀਲੀ ਲਈ ਜਾਗਰੂਕ ਤੇ ਪ੍ਰੇਰਿਤ ਕਰਨਾ ਆਪਣੇ-ਆਪ ਵਿੱਚ ਮਾਣਮੱਤਾ ਹੈ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਹੁਪੱਖੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ ਮਾਣ ਕਰਨਾ ਬਣਦਾ ਹੈ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ’ਤੇ ਉਮੀਦ ਕਰਦੇ ਹਾਂ ਕਿ ਪੰਜਾਬ ਭਵਿੱਖ ਵਿੱਚ ਨਾ ਸਿਰਫ ਇਹ ਪੁਜੀਸ਼ਨ ਕਾਇਮ ਰੱਖੇਗਾ ਬਲਕਿ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੇ ਬਲਬੂਤੇ ਇਸ ਤੋਂ ਵੀ ਬਿਹਤਰ ਪ੍ਰਾਪਤੀਆਂ ਕਰੇਗਾ।

ਬਿੰਦਰ ਸਿੰਘ ਖੁੱਡੀ ਕਲਾਂ ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।