ਪੀਜੀਆਈ ਦੇ ਸੈਨੇਲਾਈਟ ਵਿੰਗ ਦਾ ਵੀ ਕੀਤਾ ਜਾਏਗਾ ਉਦਘਾਟਨ, ਕੱਲ੍ਹ ਜਲੰਧਰ ਮੀਟਿੰਗ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਜਾ ਸਕਦੇ ਹਨ। ਇਸ ਲਈ ਫਿਰੋਜ਼ਪੁਰ ਵਿਖੇ ਭਾਜਪਾ ਵੱਲੋਂ ਰੈਲੀ ਵੀ ਰੱਖ ਲਈ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪੀਜੀਆਈ ਦੇ ਸੈਟੇਲਾਈਟ ਵਿੰਗ ਦਾ ਉਦਘਾਟਨ ਵੀ ਕੀਤਾ ਜਾਏਗਾ। ਜਿਸ ਤੋਂ ਬਾਅਦ ਬਾਰਡਰ ਇਲਾਕੇ ਵਿੱਚ ਪੀਜੀਆਈ ਵਾਂਗ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀ ਸ਼ੁਰੂ ਹੋ ਜਾਣਗੀਆਂ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਦੇਖਦੇ ਹੋਏ ਭਾਜਪਾ ਵੱਲੋਂ ਕੱਲ੍ਹ ਜਲੰਧਰ ਵਿਖੇ ਮੀਟਿੰਗ ਸੱਦ ਲਈ ਗਈ ਹੈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਬਲਾਕ ਪ੍ਰਧਾਨ ਵੀ ਸੱਦੇ ਗਏ ਹਨ ਤਾਂ ਕਿ ਇਸ ਰੈਲੀ ਵਿੱਚ ਵੱਡਾ ਇਕੱਠ ਕਰਦੇ ਹੋਏ ਪੰਜਾਬ ਦੀ ਜਨਤਾ ਅੱਗੇ ਵੱਡਾ ਸੰਦੇਸ਼ ਰੱਖਿਆ ਜਾ ਸਕਦੇ। ਨਰਿੰਦਰ ਮੋਦੀ ਪੰਜਾਬ ਵਿੱਚ ਕਈ ਸਾਲਾਂ ਬਾਅਦ ਆ ਰਹੇ ਹਨ। ਬੀਤੇ ਮਹੀਨੇ ਹੀ ਡੇਢ ਸਾਲ ਤੱਕ ਕਿਸਾਨਾਂ ਦੇ ਵਿਰੋਧ ਬਾਅਦ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਗਏ ਸਨ ਅਤੇ ਇਸ ਡੇਢ ਸਾਲ ਦੌਰਾਨ ਭਾਜਪਾ ਲੀਡਰਾਂ ਨੂੰ ਘਰਾਂ ਵੱਲੋਂ ਬਾਹਰ ਤੱਕ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਪਰ ਕਾਨੂੰਨ ਵਾਪਸੀ ਤੋਂ ਬਾਅਦ ਭਾਜਪਾ ਦੇ ਖ਼ਿਲਾਫ਼ ਵਿਰੋਧ ਬੰਦ ਹੋ ਗਿਆ ਹੈ, ਇਸ ਲਈ ਪ੍ਰਧਾਨ ਮੰਤਰੀ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਦਿੱਲੀ ਤੋਂ ਉਨਾਂ ਨੂੰ ਇਸ ਦੌਰੇ ਸਬੰਧੀ ਪੁਸ਼ਟੀ ਕਰਦੇ ਹੋਏ ਸੁਨੇਹਾ ਆ ਗਿਆ ਹੈ, ਜਿਸ ਕਾਰਨ ਹੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਜਲੰਧਰ ਵਿਖੇ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਭਾਜਪਾ ਦੇ ਕਈ ਵੱਡੇ ਲੀਡਰ ਵੀ ਦਿੱਲੀ ਤੋਂ ਆਉਣਗੇ ਤਾਂ ਕਿ ਇਸ ਦੌਰੇ ਦੀ ਤਿਆਰੀਆਂ ਨੂੰ ਸ਼ੁਰੂ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ