ਨਾਇਬ ਤਹਿਸੀਲਦਾਰ ਨੇ ਸਾਂਝੀ ਰਸੋਈ ਦੀ ਕੀਤੀ ਅਚਨਚੇਤ ਚੈਕਿੰਗ
ਖਨੌਰੀ, (ਬਲਕਾਰ ਸਿੰਘ)। ਸਥਾਨਕ ਸਬ ਤਹਿਸੀਲ ਖਨੌਰੀ ਦੇ ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੇ ਸਥਾਨਕ ਬੱਸ ਸਟੈਂਡ ’ਤੇ ਬਣੀ ਸਾਂਝੀ ਰਸੋਈ ਦੀ ਅਚਨਚੇਤ ਚੈਂਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਸਹਾਇਕ ਕਲਰਕ ਨੇ ਦੱਸਿਆ ਕਿ ਨਗਰ ਪੰਚਾਇਤ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੁਆਰਾ ਸਥਾਨਕ ਬੱਸ ਸਟੈਂਡ ’ਤੇ ਬਣਾਈ ਗਈ ਸਾਂਝੀ ਰਸੋਈ ਜੋ ਕਿ ਨਾਇਬ ਤਹਿਸੀਲਦਾਰ ਦੀ ਦੇਖ ਰੇਖ ਵਿਚ ਚੱਲ ਰਹੀ ਹੈ। ਅੱਜ ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੇ ਪਹੁੰਚ ਕੇ ਖਾਣੇ ਦੀ ਜਾਂਚ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਖਾਣੇ ਵਿਚ ਕੋਈ ਕਮੀ ਨਹੀਂ ਪਾਈ ਗਈ ਹੈ ਅਤੇ ਰਸੋਈ ਤੇ ਖਾਣੇ ਦੀ ਵਧੀਆ ਸਾਫ਼-ਸਫ਼ਾਈ ਕੀਤੀ ਗਈ ਹੈ। ਇਸ ਸੰਬੰਧੀ ਜਦੋਂ ਬੱਸ ਸਟੈਂਡ ਤੇ ਬੈਠੇ ਰਾਹਗੀਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਰਸੋਈ ਦੇ ਖੁੱਲ੍ਹਣ ਨਾਲ ਰਾਹਗੀਰਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਇੱਥੇ ਕੁੱਲ ਦਸ ਰੁਪਏ ਵਿੱਚ ਭਰ ਪੇਟ ਖਾਣਾ ਮਿਲ ਰਿਹਾ ਹੈ। ਪਰ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਨਗਰ ਪੰਚਾਇਤ ਵੱਲੋਂ ਇੱਕ ਵਾਟਰ ਕੂਲਰ ਲਗਾਇਆ ਗਿਆ ਸੀ ਉਹ ਵੀ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ। ਜਿਸ ਨਾਲ ਖਾਣਾ-ਖਾਣ ਵਾਲੇ ਅਤੇ ਆਮ ਰਾਹਗੀਰਾਂ ਨੂੰ ਕਾਫੀ ਮੁਸ਼ਕਿਲ ਹੋ ਰਹੀ ਹੈ। ਜਦੋਂ ਇਸ ਸਬੰਧੀ ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮੇਰੀ ਜਾਣਕਾਰੀ ਵਿਚ ਨਹੀਂ ਹੈ ਇਸ ਦਾ ਪਤਾ ਕਰਕੇ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਕੌਰ ਰੀਡਰ, ਗੁਰਮੇਲ ਸਿੰਘ ਕਲਰਕ ਨਗਰ ਪੰਚਾਇਤ ਖਨੌਰੀ, ਜਗਦੇਵ ਸਿੰਘ ਸਹਾਇਕ ਕਲਰਕ, ਵਕੀਲ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ