ਜ਼ਿੰਦਗੀ ਦੇ ਆਖ਼ਰੀ ਪੜਾਅ ‘ਤੇ ਅਣਗੌਲਿਆ ਹੋਇਆ ਦੇਸ਼ ਦਾ ਜਵਾਨ
ਸੰਗਰੂਰ (ਗੁਰਪ੍ਰੀਤ ਸਿੰਘ) | ਹੌਸਲੇ ਤੇ ਜੁਝਾਰੂਪਣ ਨਾਲ 20 ਸਾਲ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਪਿੰਡ ਬੱਲਰਾਂ ਦੇ ਸਾਬਕਾ ਫੌਜੀ ਨਛੱਤਰ ਸਿੰਘ ਅੱਜ ਉਮਰ ਦੇ ਅੰਤਲੇ ਪੜਾਅ ‘ਤੇ ਗੁਰਬਤ ਤੇ ਲਾਚਾਰੀ ਨਾਲ ਜੰਗ ਲੜ ਰਿਹਾ ਹੈ 1971 ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੇ ਨਛੱਤਰ ਅੱਜ ਖੁਦ ਸਹਾਰੇ ਤੋਂ ਬਿਨਾਂ ਤੁਰ ਫਿਰ ਨਹੀਂ ਸਕਦਾ ਇੱਕ ਲੱਤ ਕਟਣ ਕਾਰਨ ਅੱਜ ਉਸ ਦੀ ਸਿਰਫ਼ ਖੂੰਡੀ ਤੇ ਬਣਾਉਟੀ ਲੱਤ ਹੈ, ਜਿਹੜੇ ਉਸ ਨੂੰ ਤੋਰਾ-ਫੇਰਾ ਕਰਾਉਣ ਵਿੱਚ ਉਸ ਦਾ ਸਹਾਰਾ ਬਣੇ ਹੋਏ ਹਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸੇ ਸਰਕਾਰੀ ਕੰਮ ਆਏ ਨਛੱਤਰ ਸਿੰਘ ਨਾਲ ਜਦੋਂ ਉਸ ਦੀ ਹਾਲਤ ਬਾਰੇ ਗੱਲ ਕੀਤੀ ਗਈ ਤਾਂ ਮਜ਼ਬੂਤ ਦਿਲ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਨਛੱਤਰ ਸਿੰਘ ਦਾ ਅੰਦਰਲਾ ਗੁਬਾਰ ਹਾਉਂਕਿਆਂ ਰਾਹੀਂ ਬਾਹਰ ਆ ਗਿਆ ਹੁਬਕੀਂ-ਹੁਬਕੀਂ ਰੋਂਦਿਆਂ ਨਛੱਤਰ ਸਿੰਘ ਨੇ ਦੱਸਿਆ ਕਿ 20 ਸਾਲ ਉਸ ਨੇ ਜੀਅ-ਜਾਨ ਨਾਲ ਦੇਸ਼ ਦੀ ਰਾਖੀ ਕੀਤੀ ਪਰ ਉਮਰ ਦੇ ਅੰਤਲੇ ਪੜਾਅ ‘ਤੇ ਆ ਕੇ ਉਸ ਦੀ ਸਾਰ ਲੈਣ ਵਾਲਾ ਸ਼ਾਇਦ ਹੁਣ ਕੋਈ ਨਹੀਂ ਰਿਹਾ ਉਸ ਨੇ ਦੱਸਿਆ ਕਿ 1967 ਵਿੱਚ ਭਰ ਜੁਆਨੀ ਦੀ ਉਮਰੇ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ ਭਰਤੀ ਹੋਏ ਨੂੰ ਹਾਲੇ ਕੁਝ ਸਮਾਂ ਹੀ ਹੋਇਆ ਸੀ ਕਿ 1971 ਦੀ ਲੜਾਈ ਲੱਗ ਪਈ ਅਤੇ ਜਿਸ ਵਿੱਚ ਸਾਰੇ ਫੌਜੀਆਂ ਨਾਲ ਮਿਲ ਕੇ ਉਸ ਨੇ ਵੀ ਬਹਾਦਰੀ ਦਾ ਸਬੂਤ ਦਿੰਦਿਆਂ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਕਿਲਾ ਫਤਹਿ ਕਰ ਲਿਆ
ਨਛੱਤਰ ਸਿੰਘ ਦੱਸਦਾ ਹੈ ਕਿ ਦਿਨ ਲੰਘਦੇ ਗਏ ਅਤੇ ਪਤਾ ਹੀ ਨਾ ਲੱਗਿਆ ਕਦੋਂ ਉਸਦੀ ਨੌਕਰੀ ਤੋਂ ਸੇਵਾ ਮੁਕਤੀ ਦਾ ਸਮਾਂ ਆ ਗਿਆ 1986 ਵਿੱਚ ਉਹ ਸੇਵਾ ਮੁਕਤ ਹੋ ਗਿਆ ਅਤੇ ਉਸ ਨੇ ਪਰਿਵਾਰ ਨਾਲ ਮਿਲ ਕੇ ਘਰੇਲੂ ਜੀਵਨ ਦਾ ਆਰੰਭ ਕੀਤਾ ਉਸ ਨੇ ਦੱਸਿਆ ਕਿ ਲੰਘਦੇ ਲੰਘਾਉਂਦੇ ਸਾਲ 2007 ਵਿੱਚ ਆਪਣੇ ਖੇਤ ਨੂੰ ਜਾਂਦਿਆਂ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਬੈਲ ਗੱਡੀ ਦਾ ਇੱਕ ਟਾਇਰ ਉਸ ਦੇ ਸੱਜੇ ਪੱਟ ਉਪਰੋਂ ਦੀ ਲੰਘ ਗਿਆ ਪਹਿਲਾਂ ਤਾਂ ਉਹ ਗੌਲਿਆ ਨਹੀਂ ਥੋੜ੍ਹਾ ਬਹੁਤਾ ਇਲਾਜ ਕਰਵਾਉਂਦਾ ਰਿਹਾ ਹੈ ਪਰ ਹੌਲੀ-ਹੌਲੀ ਸਮਾਂ ਪੈਣ ਪਿੱਛੋਂ ਉਸ ਨੂੰ ਲੱਤ ਵਿੱਚ ਤਕਲੀਫ਼ ਆਉਣ ਲੱਗੀ ਅਤੇ ਉਸ ਦੀ ਲੱਤ ਵਿੱਚ ਪਸ ਫੈਲ ਗਈ ਮਿਲਟਰੀ ਹਸਪਤਾਲ ਵਿੱਚੋਂ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਫਿਰ ਉਸ ਨੇ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ, ਗਿਆਨ ਸਾਗਰ ਤੇ ਚੰਡੀਗੜ੍ਹ ਦੇ ਕਈ ਹਸਪਤਾਲਾਂ ਵਿੱਚ ਉਸ ਨੇ ਲੱਖਾਂ ਰੁਪਏ ਖਰਚ ਕੇ ਇਲਾਜ ਕਰਵਾਇਆ ਕੋਈ ਫਰਕ ਨਾ ਪੈਂਦਾ ਵੇਖ ਡਾਕਟਰਾਂ ਨੇ ਉਸ ਦੀ ਸੱਜੀ ਲੱਤ ਪੱਟ ਕੋਲੋਂ ਕੱਟ ਦਿੱਤੀ ਅਤੇ ਉਸ ਦਾ ਸਾਥ ਸਦਾ ਲਈ ਬਣਾਉਟੀ ਲੱਤ ਅਤੇ ਖੂੰਡੀ ਨਾਲ ਪੈ ਗਿਆ
ਨਛੱਤਰ ਸਿੰਘ ਨੇ ਦੱਸਿਆ ਕਿ ਜ਼ਿੰਦਗੀ ਨੇ ਹਾਲੇ ਹੋਰ ਇਮਤਿਹਾਨ ਲੈਣੇ ਸੀ ਕਿ 2010 ਵਿੱਚ ਉਸ ਦੀ ਘਰਵਾਲੀ ਦਾ ਦਿਹਾਂਤ ਹੋ ਗਿਆ ਘਰੇ ਰੋਟੀ ਟੁੱਕ ਦਾ ਔਖਾ ਹੋਣ ਕਰਕੇ ਆਪਣੀ ਇੱਕਲੌਤੀ ਧੀ ਤੇ ਜਵਾਈ ਨੂੰ ਆਪਣੇ ਕੋਲ ਪਿੰਡ ਰੱਖ ਲਿਆ ਜਿਹੜੇ ਉਸ ਨੂੰ ਦੋ ਡੰਗ ਦੀ ਰੋਟੀ ਦੇ ਰਹੇ ਹਨ ਉਸ ਨੇ ਦੱਸਿਆ ਕਿ ਉਸ ਨੂੰ ਤੁਰਨ ਫ਼ਿਰਨ ਦੀ ਤਕਲੀਫ਼ ਹੋਣ ਕਾਰਨ ਆਸੇ-ਪਾਸੇ ਜਾਣ ਲਈ ਕਿਸੇ ਦਾ ਸਹਾਰਾ ਤੱਕਣਾ ਪੈਂਦਾ ਹੈ ਉਸ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਦੋ ਤਿੰਨ ਵਾਰ ਟ੍ਰਾਈਸਾਈਕਲ ਜਾਂ ਹੋਰ ਵਾਹਨ ਦੇਣ ਦੀ ਅਪੀਲ ਵੀ ਕੀਤੀ ਪਰ ਕੋਈ ਅਸਰ ਨਹੀਂ ਹੋਇਆ ਅੱਜ ਉਸਦਾ ਗੁਜ਼ਾਰਾ ਸਿਰਫ਼ ਫੌਜ ਦੀ ਪੈਨਸ਼ਨ ਨਾਲ ਚੱਲ ਰਿਹਾ ਹੈ, ਹੋਰ ਕੋਈ ਉਸ ਦਾ ਸਹਾਰਾ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ