ਨਾਭਾ ਜੇਲ੍ਹ ਕਾਂਡ: ਗ੍ਰਿਫ਼ਤਾਰ ਪੰਜ ਦੋਸ਼ੀ 13 ਤੱਕ ਜੁਡੀਸ਼ੀਅਲ ਰਿਮਾਂਡ ‘ਤੇ
ਨਾਭਾ (ਤਰੁਣ ਕੁਮਾਰ ਸ਼ਰਮਾ) | 27 ਨਵੰਬਰ ਨੂੰ ਵਾਪਰੇ ਨਾਭਾ ਜੇਲ੍ਹ ਕਾਂਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਚਰਨਪ੍ਰੀਤ, ਰਣਜੀਤ, ਨਰੇਸ਼, ਹਰਜੋਤ ਅਤੇ ਰਮਨਦੀਪ ਨਾਮੀ ਪੰਜ ਦੋਸ਼ੀਆਂ ਨੂੰ ਉਨ੍ਹਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਅੱਜ ਨਾਭਾ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 13 ਜਨਵਰੀ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ। ਇਹ ਦੋਸ਼ੀ ਦਿੱਲੀ ਪੁਲਿਸ ਵੱਲੋ ਨਾਭਾ ਜੇਲ੍ਹ ਕਾਂਡ ਵਿੱਚ ਇਨ੍ਹਾਂ ਦੇ ਹੱਥ ਹੋਣ ਦੇ ਸ਼ੱਕ ਅਧੀਨ ਗ੍ਰਿਫ਼ਤਾਰ ਕੀਤੇ ਗਏ ਸਨ ਜਿਨ੍ਹਾਂ ਨੂੰ ਬੀਤੇ ਦਿਨੀ ਪ੍ਰੋਡਕਸ਼ਨ ਵਾਰੰਟਾਂ ‘ਤੇ ਨਾਭਾ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ 27 ਨਵੰਬਰ ਨੂੰ ਪੰਜਾਬ ਦੀ ਅਤਿ ਸੁਰੱਖਿਅਤ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ‘ਤੇ ਗੈਂਗਸਟਰਾਂ ਨੇ ਹਮਲਾ ਕਰਕੇ ਦੋ ਅੱਤਵਾਦੀਆਂ ਸਣੇ ਛੇ ਵਿਅਕਤੀਆਂ ਨੂੰ ਛੁਡਾ ਲਿਆ ਸੀ ਅਤੇ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਮੌਕੇ ‘ਤੋਂ ਫਰਾਰ ਕਰਵਾਏ ਸਾਥੀਆਂ ਨਾਲ ਫਰਾਰ ਹੋ ਗਏ ਸਨ। ਇਸ ਮਾਮਲਾ ਪੰਜਾਬ ਪੁਲਿਸ ਲਈ ਗ੍ਰਹਿਣ ਬਣ ਗਿਆ ਹੈ ਜਿਸ ਤੋਂ ਮੁਕਤੀ ਪ੍ਰਾਪਤੀ ਲਈ ਪੰਜਾਬ ਪੁਲਿਸ ਵੱਲੋਂ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
ਪਰੰਤੂ ਕੋਈ ਖਾਸ ਸਫਲਤਾ ਪੰਜਾਬ ਪੁਲਿਸ ਦੇ ਪੱਲੇ ਨਹੀਂ ਪਈ ਜਦਕਿ ਨਾਭਾ ਜੇਲ੍ਹ ਤੋਂ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਥਿਤ ਮੁੱਖੀ ਹਰਮਿੰਦਰ ਸਿੰਘ ਮਿੰਟੂ ਅਤੇ ਇਸ ਕਾਂਡ ਦੀ ਸਾਜਿਸ਼ ਰਚਣ ਵਾਲੇ ਕਥਿਤ ਦੋਸ਼ੀ ਪਲਵਿੰਦਰ ਸਿੰਘ ਭਿੰਦਾ ਨੂੰ ਦੂਜੇ ਸੂਬਿਆਂ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਉੱਕਤ ਮਾਮਲੇ ਵਿੱਚ ਗ੍ਰਿਫ਼ਤਾਰ ਜੇਲ ਦੇ ਸਹਾਇਕ ਸੁਪਰਡੈਂਟ ਸਮੇਤ ਕਈ ਵਿਅਕਤੀ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਵਿੱਚ ਬੰਦ ਹਨ ਜਦਕਿ ਖਾਲਿਸਤਾਨੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਅਤੇ ਪਲਵਿੰਦਰ ਸਿੰਘ ਭਿੰਦਾ ਸਮੇਤ ਅੱਧੀ ਦਰਜ਼ਨ ਵਿਅਕਤੀ ਅਜੇ ਵੀ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁਲਿਸ ਅੱਜ ਵੀ ਕਿਸੇ ਵੱਡੇ ਖੁਲਾਸੇ ਕਰਨ ਤੋਂ ਪਾਸਾ ਵੱਟਦੀ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ