ਮੇਰੇ ਬਾਬੇ ਦਾ ਰੇਡੀਓ

ਮੇਰੇ ਬਾਬੇ ਦਾ ਰੇਡੀਓ

ਕਰੋਨਾ ਵਾਇਰਸ ਦੇ ਦਿਨਾਂ ਵਿੱਚ ਘਰ ਵਿੱਚ ਰਹਿੰਦੇ ਹੋਣ ਕਰਕੇ ਘਰ ਦੀਆਂ ਪੇਟੀਆਂ ਦੀ ਸਾਫ਼-ਸਫ਼ਾਈ ਕੀਤੀ ਤਾਂ ਮੇਰੀ ਮਾਂ ਨੇ ਇੱਕ ਰੇਡੀਓ ਕੱਢ ਕੇ ਮੈਨੂੰ ਫੜਾਇਆ ਜਿਸਨੂੰ ਦੇਖ ਕੇ ਮਨ ਨੂੰ ਇੱਕ ਅਜ਼ੀਬ ਤਰ੍ਹਾਂ ਦੀ ਖਿੱਚ ਜਿਹੀ ਪੈ ਗਈ। ਆਪਣੇ ਬਚਪਨ ਦੀਆਂ ਨਿਸ਼ਾਨੀਆਂ ਦੇਖ ਕੇ ਹਰ ਬੰਦੇ ਦੇ ਮਨ ਨੂੰ ਸਕੂਨ ਜ਼ਰੂਰ ਮਿਲਦਾ ਹੈ। ਮੈਂ ਇਸ ਦੀ ਫੋਟੋ ਆਪਣੇ ਵੱਟਸਐਪ ਸਟੇਟਸ ‘ਤੇ ਪਾ ਦਿੱਤੀ ਤਾਂ ਮੇਰੇ ਦੋਸਤਾਂ ਦੇ ਐਨੇ ਕੁਮੈਂਟਸ ਆਏ ਕਿ ਮੈਨੂੰ ਲਿਖਣਾ ਪਿਆ।

ਮੇਰੇ ਦਾਦੇ ਹੋਰੀਂ ਚਾਰ ਭਰਾ ਸਨ। ਇੱਕ ਦਾਦਾ ਮੇਰੀ ਸੁਰਤ ਸੰਭਲਣ ਤੋਂ ਪਹਿਲਾਂ ਹੀ ਚੱਲ ਵੱਸਿਆ ਸੀ। ਇੱਕ ਦਾਦਾ ਸਾਰੀ ਉਮਰ ਗੁਰਬਾਣੀ ਨਾਲ ਜੁੜਿਆ ਰਿਹਾ ਜਿਸ ਦੇ ਵੰਸ਼ ਵਿਚੋਂ ਮੈਂ ਪੈਦਾ ਹੋਇਆ। ਇੱਕ ਦਾਦੇ ਦਾ ਪਰਿਵਾਰ ਸਾਡੇ ਤੋਂ ਅਲੱਗ ਰਹਿੰਦਾ ਸੀ। ਮੇਰਾ ਦਾਦਾ ਸਾਧੂ ਰਾਮ ਜੋ ਕੁੱਝ ਸਮਾਂ ਨੌਕਰੀ ਕਰਨ ਤੋਂ ਬਾਅਦ ਪਿੰਡ ਆ ਗਿਆ ਸੀ, ਜਿਸ ਨੂੰ ਮੈਂ ਪਿਆਰ ਨਾਲ ‘ਬਾਬਾ’ ਆਖਦਾ ਸੀ। ਉਸਨੇ ਵਿਆਹ ਨਹੀਂ ਕਰਵਾਇਆ ਸੀ, ਜਿਸ ਨੂੰ ਅਸੀਂ ਪੰਜਾਬੀ ਵਿੱਚ ਛੜਾ ਆਖਦੇ ਹਾਂ, ਉਹ ਛੜਾ ਹੀ ਰਿਹਾ ਪੂਰੀ ਉਮਰ।

ਪਹਿਲਾਂ ਪਿੰਡਾਂ ਦਾ ਇਹ ਰਿਵਾਜ਼ ਸੀ ਕਿ ਕਈ ਭਰਾ ਹੁੰਦੇ ਅਤੇ ਉਹਨਾਂ ਵਿੱਚੋ ਇੱਕਾ-ਦੁੱਕਾ ਹੀ ਵਿਆਹੇ ਹੁੰਦੇ। ਮੇਰਾ ਬਾਬਾ ਸਾਧੂ ਰਾਮ ਵੀ ਇਸੇ ਮਾਰ ਵਿੱਚ ਆ ਗਿਆ ਸੀ। ਉਸਨੇ ਨੌਕਰੀ ਛੱਡਣ ਤੋਂ ਬਾਅਦ ਸਾਡੇ ਪਿੰਡ ਵਿੱਚ ਆ ਕੇ ਕਰਿਆਨੇ ਦੀ ਦੁਕਾਨ ਕਰ ਲਈ। ਸਾਡਾ ਪਿੰਡ ਛੋਟਾ ਜਿਹਾ ਸੀ ਅਤੇ ਪਿੰਡ ਵਿੱਚ ਸਿਰਫ ਸਾਧੂ ਰਾਮ ਦੀ ਦੁਕਾਨ ਹੀ ਹੁੰਦੀ ਸੀ। ਮੇਰਾ ਬਾਬਾ ਸੁਭਾਅ ਤੋਂ ਥੋੜ੍ਹਾ ਅੜ੍ਹਬ ਜ਼ਰੂਰ ਸੀ ਪਰ ਅਣਖ ਵਾਲਾ ਅਤੇ ਯਾਰਾਂ ਦਾ ਯਾਰ ਸੀ। ਇਹ ਗੱਲ ਸਾਲ 1986 ਦੀ ਹੈ, ਮੇਰਾ ਜਨਮ ਵੀ ਉਸੇ ਸਾਲ ਦਾ। ਜਦੋਂ ਮੈਂ ਸੁਰਤ ਸੰਭਾਲੀ ਤਾਂ ਮੇਰੇ ਬਾਬੇ ਕੋਲ ਇਹ ਰੇਡੀਓ ਹੁੰਦਾ ਸੀ, ਜਿਸ ਨੂੰ ਸੁਣ ਕੇ ਮੈਂ ਵੱਡਾ ਹੋਇਆ ਹਾਂ।

ਪਿੰਡ ਵਿੱਚ ਮੇਰੇ ਬਾਬੇ ਦੇ ਬਹੁਤ ਦੋਸਤ ਹੁੰਦੇ ਸਨ। ਜਦੋਂ ਉਹ ਵਿਹਲੇ ਹੁੰਦੇ ਤਾਂ ਦੁਕਾਨ ‘ਤੇ ਆ ਬੈਠਦੇ। ਮੈਂ ਛੋਟਾ ਜਿਹਾ ਆਪਣੇ ਬਾਬੇ ਦੇ ਬੁੱਕਲ਼ ਮਾਰੇ ਹੋਏ ਕੰਬਲ ਦੀ ਨਿੱਘ ਵਿੱਚ ਬੈਠਾ ਉਹਨਾਂ ਦੀ ਵਾਰਤਾਲਾਪ ਨੂੰ ਸੁਣਦਾ ਰਹਿੰਦਾ। ਸੁਖਮਿੰਦਰ ਡਾਕਟਰ ਭੋਤਨੇ ਵਾਲਾ, ਬਲਜੀਤਾ ਬਾਬਾ, ਬਾਬਾ ਤਾਰਾ ਸਿਉਂ, ਸਾਡਾ ਦਰਬਾਰਾ ਚਾਚਾ, ਪ੍ਰੀਤਮ ਬਾਬਾ, ਕੰਮਾ ਚਾਚਾ, ਕੁਲਵੰਤ ਤੇ ਭਗਵੰਤ ਬਾਬਾ ਅਤੇ ਹੋਰ ਪਤਾ ਨਹੀਂ ਕਿੰਨੇ ਦੋਸਤ ਸ਼ਾਮ ਨੂੰ ਦੁਕਾਨ ‘ਤੇ ਬੈਠ ਕੇ ਰੌਣਕਾਂ ਲਾਉਂਦੇ।

ਉਹਨਾਂ ਦੀਆਂ ਗੱਲਾਂ ਮੈਨੂੰ ਅੱਜ ਵੀ ਚੇਤੇ ਨੇ। ਕੋਈ ਫ਼ਿਕਰ ਨਹੀਂ ਸੀ ਹੁੰਦਾ ਉਹਨਾਂ ਸਮਿਆਂ ਵਿੱਚ ਕਿਉਂਕਿ ਸਭ ਦੀਆਂ ਕਬੀਲਦਾਰੀਆਂ ਕੰਟਰੋਲ ਹੇਠ ਹੁੰਦੀਆਂ ਸਨ। ਜਿੰਨਾ ਕਮਾਉਣਾ ਉਸ ਨਾਲ ਹੀ ਸਬਰ ਕਰਨਾ। ਦੁਕਾਨ ਵਿੱਚ ਕੰਮ ਦੇ ਨਾਲ-ਨਾਲ ਰੇਡੀਓ ਚੱਲਦਾ ਰਹਿੰਦਾ। ਬਾਬੇ ਦੀ ਦੁਕਾਨ ਅਤੇ ਸਾਡੇ ਘਰ ਵਿਚਕਾਰ ਗਲੀ ਦਾ ਫਰਕ ਸੀ।

ਬਾਬੇ ਨੇ ਆਪਣੀ ਦੁਕਾਨ ‘ਤੇ ਹੀ ਸੌਂ ਜਾਣਾ। ਮੈਂ ਕਈ ਵਾਰ ਸਵੇਰੇ-ਸਾਜਰੇ ਬਾਬੇ ਨੂੰ ਚਾਹ ਦੇਣ ਜਾਣਾ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਸਵੇਰੇ-ਸਵੇਰੇ ਕੀਰਤਨ ਚੱਲਦਾ ਹੁੰਦਾ ਸੀ ਜੋ ਦਿਲ ਨੂੰ ਅੱਜ ਵੀ ਨਹੀਂ ਭੁੱਲਿਆ। ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ ਤਾਂ ਪਰਿਵਾਰ ਵਿੱਚ ਮੇਰਾ ਬਾਬਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੋਣ ਕਰਕੇ ਉਸਦੀ ਛਤਰ-ਛਾਇਆ ਹੇਠ ਮੇਰੀ ਪੜ੍ਹਾਈ ਚੱਲੀ।

ਸਕੂਲ ਜਾਣ ਸਮੇਂ ਅਤੇ ਸਕੂਲ ਤੋਂ ਵਾਪਸ ਆਉਣ ‘ਤੇ ਬਿਸਕੁਟਾਂ ਦੀ ਡੱਬੀ ਪੱਕੀ ਹੁੰਦੀ। ਗਰਮੀਆਂ ਵਿੱਚ ਗੋਲੀ ਵਾਲਾ ਜਾਂ ਅੰਬ ਵਾਲਾ ਬੱਤਾ ਵੀ ਪੱਕਾ ਮਿਲਦਾ ਬਾਬੇ ਤੋਂ। ਦੁਪਹਿਰ ਵੇਲੇ ਹਿੰਦੀ ਗਾਣੇ ਅਤੇ ਸ਼ਾਮ ਨੂੰ ਠੰਡੂ ਰਾਮ ਦਾ ਕਿਸਾਨ ਵੀਰਾਂ ਦਾ ਪ੍ਰੋਗਰਾਮ ਬਹੁਤ ਪਸੰਦ ਹੁੰਦਾ ਸੀ ਮੈਨੂੰ। ਬੇਸ਼ੱਕ ਮੈਂ ਛੋਟਾ ਸੀ ਪਰ ਸ਼ਾਮ ਦੀਆਂ ਖਬਰਾਂ ਵੀ ਮੈਂ ਸੁਣਦਾ ਰਹਿੰਦਾ। ਮੈਨੂੰ ਯਾਦ ਆ ਕਿ ਸਾਲ 1998 ਵਿੱਚ ਮੇਰੇ ਬਾਬੇ ਅਤੇ ਦਰਬਾਰੇ ਚਾਚੇ ਨੇ ਸਭ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਲੈਂਡ ਲਾਈਨ ਟੈਲੀਫੋਨ ਲਗਵਾਏ ਸਨ। ਬਾਬੇ ਨੇ ਮੈਨੂੰ ਹਰ ਸਹੂਲਤ ਦਿੱਤੀ ਕਿਉਂਕਿ ਮੈਂ ਉਸਦਾ ਲਾਡਲਾ ਸੀ।

ਕਈ ਵਾਰ ਮੈਨੂੰ ਦੁਕਾਨ ਦਾ ਸਾਮਾਨ ਲੈ ਕੇ ਆਉਣ ਲਈ ਆਪਣੇ ਨਾਲ ਰਾਮਪੁਰਾ ਮੰਡੀ ਲੈ ਜਾਣਾ ਜਿੱਥੇ ਉਸਨੇ ਮੈਨੂੰ ਬਿਨਾਂ ਪੁੱਛੇ ਮੇਰਾ ਮਨਪਸੰਦ ਸਮੋਸਾ ਅਤੇ ਚਾਹ ਪਿਆਉਣੀ। ਉਸ ਸਮੇਂ ਟੇਪ ਰਿਕਾਰਡ ਦਾ ਦੌਰ ਸੀ, ਮੈਂ ਇੱਕ ਕੈਸਿਟ ਪੱਕਾ ਮੰਗਵਾਉਂਦਾ ਹੁੰਦਾ ਸੀ। ਬਾਬੇ ਦੀ ਪੈਂਥਰ ਸਕੂਟਰੀ ਯਾਦ ਆ ਮੈਨੂੰ ਜਿਸ ‘ਤੇ ਉਹ ਦੁਕਾਨ ਦਾ ਸਾਮਾਨ ਸ਼ਹਿਰ ਤੋਂ ਲੈ ਕੇ ਆਉਂਦਾ ਹੁੰਦਾ ਸੀ।

ਬਾਬੇ ਦੇ ਕਈ ਦੋਸਤ ਟਾਇਮ ਤੋਂ ਪਹਿਲਾਂ ਹੀ ਉਸ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਮੈਂ ਵੀ ਵੱਡਾ ਹੋਇਆ, ਸਮਾਂ ਤੇਜ਼ੀ ਨਾਲ ਬਦਲਿਆ, ਦੁਕਾਨ ਦੀ ਰੌਣਕ ਘੱਟ ਹੋਣ ਲੱਗ ਗਈ। ਦਰਬਾਰਾ ਚਾਚਾ ਅਤੇ ਕੰਮਾ ਆਪਣੇ-ਆਪਣੇ ਕੰਮਾਂ ਵਿੱਚ ਮਸ਼ਰੂਫ ਹੋ ਗਏ। ਸਾਲ 2004 ਵਿੱਚ ਮੈਂ ਬਾਰਵੀਂ ਕਲਾਸ ਪਾਸ ਕੀਤੀ ਤਾਂ ਓਧਰ ਬਾਬੇ ਨੂੰ ਹੱਡੀਆਂ ਦਾ ਕੈਂਸਰ ਹੋ ਗਿਆ।

ਹੁਣ ਮੇਰਾ ਟਾਇਮ ਆ ਗਿਆ ਸੀ ਉਸਦੀ ਸਾਂਭ-ਸੰਭਾਲ ਕਰਨ ਦਾ ਕਿਉਂਕਿ ਮੈਂ ਉਸਦੇ ਕਿਸੇ ਦੋਸਤ ਦੇ ਮੂੰਹੋਂ ਸੁਣਿਆ ਸੀ ਕਿ ਜਿਸਦੀ ਆਪਣੀ ਕੋਈ ਔਲਾਦ ਨਾ ਹੋਵੇ ਉਸਦਾ ਬੁਢਾਪਾ ਰੁਲ ਜਾਂਦਾ ਹੈ। ਬਾਬੇ ਨਾਲ ਵੀ ਕੁਝ ਅਜਿਹਾ ਹੋਇਆ ਪਰ ਮੈਂ ਉਸਦੀ ਬੱਚਤ ਦੇ ਪੈਸਿਆਂ ਨਾਲ ਜਿੰਨਾ ਹੋ ਸਕਿਆ ਉਸਦਾ ਇਲਾਜ ਕਰਵਾਇਆ।

ਮੈਂ ਇਕੱਲਾ 8 ਦਿਨ ਹਸਪਤਾਲ ਬੈਠਾ ਰਿਹਾ ਉਸਨੂੰ ਲੈ ਕੇ। ਡਾਕਟਰਾਂ ਨੇ ਕਿਹਾ ਕਿ ਇਸਦੀ ਘਰੇ ਸੇਵਾ ਕਰ ਲਓ। ਮੇਰੇ ਪਰਿਵਾਰ ਨੇ ਦੋ ਸਾਲ ਸੇਵਾ ਕੀਤੀ ਬਾਬੇ ਦੀ। ਮੇਰੀ ਪੜ੍ਹਾਈ ਬਾਰਵੀਂ ਤੋਂ ਅੱਗੇ ਨਹੀਂ ਚੱਲ ਸਕੀ। ਪੜ੍ਹਾਈ ਦਾ ਸਮਾਂ ਬਾਬੇ ਦੀ ਦੇਖਭਾਲ ਵਿੱਚ ਹੀ ਲੰਘ ਗਿਆ। ਸਾਲ 2006 ਮੇਰਾ ਸਾਧੂ ਬਾਬਾ ਮੈਨੂੰ ਅਲਵਿਦਾ ਆਖ ਗਿਆ।

ਉਸਦੀਆਂ ਨਿਸ਼ਾਨੀਆਂ ਅੱਜ ਵੀ ਘਰ ਵਿੱਚ ਮੌਜੂਦ ਨੇ। ਉਸਦਾ ਵਹੀ ਖਾਤਾ, ਤੱਕੜੀ ਵੱਟੇ, ਉਹ ਦੁਕਾਨ ਦੀ ਬਿਲਡਿੰਗ, ਟੈਲੀਫੋਨ ਨੰਬਰਾਂ ਵਾਲੀ ਡਾਇਰੀ ਅਤੇ ਹੋਰ ਵੀ ਬਹੁਤ। ਸਭ ਤੋਂ ਪਿਆਰੀ ਨਿਸ਼ਾਨੀ ਇਹ ਰੇਡੀਓ ਮੇਰੇ ਬਾਬੇ ਦਾ ਰੇਡੀਓ ਜੋ ਮੈਨੂੰ ਮੇਰੇ ਬਚਪਨ ਵਿੱਚ ਲੈ ਜਾਂਦਾ ਹੈ ਅਤੇ ਜੋ ਸਕੂਨ ਇਸ ਨੂੰ ਦੇਖ ਕੇ ਮਿਲਦਾ ਹੈ, ਉਹ ਮੈਨੂੰ ਆਪਣੇ ਵੱਲੋਂ ਖ਼ਰੀਦ ਕੀਤੀਆਂ ਚੀਜ਼ਾਂ ਵਿੱਚੋਂ ਨਹੀਂ ਮਿਲਦਾ।

ਹੋ ਸਕਦਾ ਹੈ ਕਿ ਇਸ ਰੇਡੀਓ ਦੇ ਕਿਸੇ ਪ੍ਰੋਗਰਾਮ ਵਿਚੋਂ ਹੀ ਮੇਰੇ ਕੰਨਾਂ ਵਿੱਚ ਇਹ ਗੱਲ ਪਈ ਹੋਵੇ ਕਿ ਆਪਣੇ ਬਜ਼ੁਰਗਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਇੱਕ ਇਹੋ-ਜਿਹਾ ਰੇਡੀਓ ਲੈ ਕੇ ਦੇਵਾਂ ਤਾਂ ਕਿ ਉਹ ਵੀ ਆਪਣੇ ਬਾਬੇ ਦੀ ਸੇਵਾ ਕਰਨ।
ਹੌਲਦਾਰ ਸੰਤੋਖ ਪਾਲ,
ਪੰਜਾਬ ਪੁਲਿਸ, ਬਰਨਾਲਾ
ਮੋ. 80540-10233

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।