ਨੌਜਵਾਨ ’ਤੇ ਕਾਤਲਾਨਾ ਹਮਲਾ, ਲੁਟੇਰੇ ਐਕਟਿਵਾ ਸਕੂਟਰ, ਮੋਬਾਇਲ ਤੇ ਪਰਸ ਖੋਹ ਕੇ ਭੱਜੇ

ਪਿੰਡ ਦਾ ਰਾਹ ਪੁੱਛਣ ਦੇ ਬਹਾਨੇ ਲੁਟੇਰਿਆਂ ਨੇ ਨੌਜਵਾਨ ਨੂੰ ਰੋਕ ਕੇ ਕੀਤਾ ਹਮਲਾ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰਦਾਸਪੁਰ ’ਚ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਨੌਜਵਾਨ ’ਤੇ ਦਾਤਰ ਅਤੇ ਲੋਹੇ ਦੀਆਂ ਰਾਡਾਂ ਨਾਲ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਉਪਰੰਤ ਉਹ ਜ਼ਖ਼ਮੀ ਨੌਜਵਾਨ ਕੋਲੋਂ ਐਕਟਿਵਾ ਸਕੂਟਰ, ਮੋਬਾਇਲ ਤੇ ਪਰਸ ਖੋਹ ਕੇ ਲੈ ਗਏ। ਜ਼ਖ਼ਮੀ ਦੀ ਪਛਾਣ ਮਨਜੀਤ ਸਿੰਘ ਵਾਸੀ ਮੁਹੱਲਾ ਨੰਗਲ ਕੋਟਲੀ ਗੁਰਦਾਸਪੁਰ ਵਜੋਂ ਹੋਈ ਹੈ। ਘਟਨਾ ਸ਼ੁੱਕਰਵਾਰ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ। ਜ਼ਖ਼ਮੀ ਨੌਜਵਾਨ ਦਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਮਨਜੀਤ ਸਿੰਘ ਰਾਤ ਨੂੰ ਕਿਸੇ ਐਮਰਜੈਂਸੀ ਘਰੇਲੂ ਕੰਮ ਲਈ ਆਪਣੀ ਚਿੱਟੇ ਰੰਗ ਦੀ ਐਕਟਿਵਾ ਨੰਬਰ ਪੀਬੀ 06 ਯੂ 3855 ਲੈ ਕੇ ਬਾਹਰ ਨਿਕਲਿਆ। ਜਦੋਂ 12 ਵਜੇ ਦੇ ਆਸਪਾਸ ਵਾਪਸ ਘਰ ਪਰਤ ਰਿਹਾ ਸੀ ਤਾਂ ਸਥਾਨਕ ਜੇਲ੍ਹ ਰੋਡ ਹੈਪੀ ਹਾਈ ਸਕੂਲ ਦੇ ਨੇੜੇ ਅਚਾਨਕ 2 ਮੋਟਰ ਸਾਈਕਲ ਸਵਾਰਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਇੱਕ ਮੋਟਰਸਾਈਕਲ ’ਤੇ ਤਿੰਨ ਅਤੇ ਦੂਸਰੇ ’ਤੇ 2 ਅਣਪਛਾਤੇ ਨੌਜਵਾਨ ਸਵਾਰ ਸਨ। ਲਿੱਤਰ ਪਿੰਡ ਨੂੰ ਜਾਂਦੀ ਗਲੀ ਨੇੜੇ ਹਮਲਾਵਰਾਂ ਨੇ ਉਸਨੂੰ ਰੋਕ ਕੇ ਬਥਵਾਲਾ ਪਿੰਡ ਦਾ ਰਾਹ ਪੁੱਛਿਆ। ਰਾਹ ਦੱਸ ਕੇ ਜਦੋਂ ਉਹ ਮੁੜ ਘਰ ਵੱਲ ਜਾਣ ਲਈ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਹਮਲਾਵਰਾਂ ਵਿੱਚੋਂ ਇੱਕ ਨੇ ਦਾਤਰ ਉਸਦੇ ਸਿਰ ’ਤੇ ਮਾਰਿਆ, ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਬਾਕੀ ਹਮਲਾਵਰਾਂ ਨੇ ਉਸਦੇ ਲੋਹੇ ਦੀਆਂ ਸਲਾਖਾਂ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਿਸੇ ਗੱਡੀ ਦਾ ਹਾਰਨ ਸੁਣਨ ’ਤੇ ਲੁਟੇਰੇ ਉਸਦਾ ਐਕਟਿਵਾ ਸਕੂਟਰ, ਮੋਬਾਇਲ ਫ਼ੋਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ।

ਦੱਸਣਯੋਗ ਹੈ ਕਿ ਜਿਸ ਸੜਕ ’ਤੇ ਇਹ ਵਾਰਦਾਤ ਹੋਈ ਹੈ ਉਸਦੇ ਇੱਕ ਪਾਸੇ ਕੇਂਦਰੀ ਜੇਲ੍ਹ ਤੇ ਪ੍ਰਾਈਵੇਟ ਹਸਪਤਾਲ਼ ਹੈ ਜਦਕਿ ਦੂਸਰੇ ਪਾਸੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸਰਕਾਰੀ ਕੋਠੀਆਂ ਹਨ। ਉੱਧਰ ਇਸ ਮਾਮਲੇ ਬਾਰੇ ਐਸਐਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ