ਪਸ਼ੂ ਭਾਵੇਂ ਘੱਟ ਰੱਖੇ ਜਾਣ ਪਰ ਨਸਲ ਸੁਧਾਰ ਵੱਲ ਜ਼ਰੂਰ ਧਿਆਨ ਦਿਓ: ਡਾ. ਸਤਪਾਲ
ਖੇਤੀ ਦੇ ਨਾਲ-ਨਾਲ ਜੇਕਰ ਕਿਸਾਨ ਪਸ਼ੂ ਪਾਲਣ ਵਿੱਚ ਨਸਲ ਸੁਧਾਰ ਵੱਲ ਧਿਆਨ ਦੇਣ ਤਾਂ ਦੁੱਗਣਾ ਮੁਨਾਫਾ ਕਮਾਇਆ ਜਾ ਸਕਦਾ ਹੈ। ਕੁਝ ਕਿਸਾਨ ਅਜਿਹੇ ਵੀ ਹਨ ਜੋ ਪਸ਼ੂ ਪਾਲਣ ਵਿੱਚ ਵਧੀਆ ਨਸਲਾਂ ਦੀ ਚੋਣ ਕਰਕੇ ਹਰ ਸਾਲ ਲੱਖਾਂ ਰੁਪਏ ਦੀ ਆਮਦਨ ਲੈ ਰਹੇ ਹਨ। ਇਸ ਦੀ ਇੱਕ ਮਿਸਾਲ ਔਡਾਂ ਬਲਾਕ ਦੇ ਪਿੰਡ ਚੋਰਮਾਰ ਖੇੜਾ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਕਿਸਾਨ ਪਸ਼ੂ ਪਾਲਣ ਦੇ ਖੇਤਰ ਵਿੱਚ ਲੋਕਾਂ ਲਈ ਪ੍ਰੇਰਨਾਸ੍ਰੋਤ ਬਣਿਆ ਹੋਇਆ ਹੈ।
ਇਸ ਸਬੰਧੀ ਪੱਤਰਕਾਰ ਰਾਜੂ ਔਡਾਂ ਨੇ ਉਕਤ ਕਿਸਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ੇ ਤੋਂ ਅਧਿਆਪਕ ਨੇਮਪਾਲ ਸਿੰਘ ਨੇ ਦੱਸਿਆ ਕਿ ਇੱਕ ਸਮੇਂ ਉਹ ਨਸਲ ਦੀ ਚੋਣ ਤੋਂ ਅਣਜਾਣ ਆਪਣੇ ਘਰ ਬਹੁਤ ਸਾਰੇ ਪਸ਼ੂ ਪਾਲਦਾ ਸੀ। ਉਸ ਨੂੰ ਨਸਲ ਦੀ ਚੋਣ ਦੀ ਸਲਾਹ ਦਿੰਦੇ ਹੋਏ, ਇੱਕ ਪਸ਼ੂ ਪਾਲਕ ਨੇ ਉਸ ਨੂੰ ਮੁਰ੍ਹਾ ਨਸਲ ਦੀ ਇੱਕ ਮੱਝ ਖਰੀਦਣ ਲਈ ਕਿਹਾ। ਜਿਸ ਤੋਂ ਬਾਅਦ ਉਸ ਨੇ ਮੁਰ੍ਹਾ ਨਸਲ ਦੀਆਂ ਮੱਝਾਂ ਮਹਿੰਗੇ ਭਾਅ ’ਤੇ ਖਰੀਦੀਆਂ। ਇਨ੍ਹਾਂ ਮੱਝਾਂ ਦੇ 3 ਕੱਟੇ ਲੈ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ।
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇੰਨੇ ਜ਼ਿਆਦਾ ਭਾਅ ’ਤੇ ਮੱਝਾਂ ਖਰੀਦੀਆਂ ਤਾਂ ਲੋਕਾਂ ਨੇ ਉਸ ਨੂੰ ਕਾਫੀ ਰੋਕਿਆ। ਪਰ ਉਸ ਨੇ ਇਸ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਕੰਮ ’ਤੇ ਧਿਆਨ ਦਿੱਤਾ। ਨਸਲ ਸੁਧਾਰ ਦੇ ਮਾਮਲੇ ਵਿੱਚ ਅੱਜ-ਕੱਲ੍ਹ ਨੇਮਪਾਲ ਸਿੰਘ ਦਾ ਨਾਂਅ ਇਲਾਕੇ ਵਿੱਚ ਚਰਚਾ ਵਿੱਚ ਰਹਿੰਦਾ ਹੈ। ਨੇਮਪਾਲ ਸਿੰਘ ਨਸਲ ਸੁਧਾਰ ਨੂੰ ਅਪਣਾ ਕੇ ਹਰ ਸਾਲ ਚੰਗਾ ਮੁਨਾਫਾ ਕਮਾ ਰਿਹਾ ਹੈ।
ਲੱਖਾਂ ਦਾ ਜਿੱਤ ਚੁੱਕੇ ਹਨ ਇਨਾਮ:-
ਨੇਮਪਾਲ ਸਿੰਘ ਨੂੰ ਮੁਰ੍ਹਾ ਨਸਲ ਨੇ ਲੱਖਪਤੀ ਬਣਾਇਆ ਹੈ। ਇਸ ਧੰਦੇ ਵਿੱਚ ਸਰਕਾਰੀ ਦੁੱਧ ਮੁਕਾਬਲੇ ਤਹਿਤ ਉਸ ਦੀਆਂ ਮੱਝਾਂ ਨੇ 20 ਤੋਂ 25 ਕਿੱਲੋ ਤੱਕ ਦੁੱਧ ਦੇ ਕੇ ਲੱਖਾਂ ਰੁਪਏ ਦਾ ਇਨਾਮ ਜਿੱਤਿਆ ਹੈ। ਕਿਸਾਨ ਨੇਮਪਾਲ ਸਿੰਘ ਨੇ ਦੁੱਧ ਦੇ ਮੁਕਾਬਲੇ ਤੋਂ ਇਲਾਵਾ ਇਸ ਧੰਦੇ ਵਿੱਚ ਸਮੇਂ-ਸਮੇਂ ’ਤੇ ਮੁਰ੍ਹਾ ਨਸਲ ਦੇ ਪਸ਼ੂ ਵੇਚ ਕੇ ਭਾਰੀ ਮੁਨਾਫਾ ਕਮਾਇਆ ਹੈ। ਸਾਢੇ 4 ਸਾਲ ਦੀ ਰਾਣੀ ਨਾਂਅ ਦੀ ਮੱਝ 3.10 ਲੱਖ ਵਿੱਚ ਵੇਚ ਕੇ ਨੇਮਪਾਲ ਸਿੰਘ ਨੇ ਸਾਬਤ ਕਰ ਦਿੱਤਾ ਕਿ ਜੇਕਰ ਕਿਸਾਨ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਵੀ ਪਹਿਲ ਦੇਣ ਤਾਂ ਉਹ ਖੁਸ਼ ਰਹਿ ਸਕਦੇ ਹਨ।
ਕਿਸਾਨ ਨੇਮਪਾਲ ਸਿੰਘ ਨੇ ਦੱਸਿਆ ਕਿ ਰਾਣੀ ਮੱਝ ਇੱਕ ਦਿਨ ਵਿੱਚ 19 ਕਿੱਲੋ ਦੁੱਧ ਦਿੰਦੀ ਸੀ। ਇਸ ਸਮੇਂ ਨੇਮਪਾਲ ਸਿੰਘ ਦੀ ਰੁਤਬਾ ਨਾਂਅ ਦੀ ਮੱਝ ਨੇ ਇੱਕ ਦਿਨ ਵਿੱਚ 22 ਕਿੱਲੋ 800 ਗ੍ਰਾਮ ਦੁੱਧ ਦੇ ਕੇ ਬਲਾਕ ਪੱਧਰ ’ਤੇ 20 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਸਮੇਂ ਨੇਮਪਾਲ ਸਿੰਘ ਕੋਲ ਮੁਰ੍ਹਾ ਨਸਲ ਦੀਆਂ ਕਈ ਮੱਝਾਂ ਹਨ। ਨੇਮਪਾਲ ਸਿੰਘ ਦੀਆਂ ਮੱਝਾਂ ਅਤੇ ਕੱਟੀਆਂ ਨੇ ਸੁੰਦਰੀਕਰਨ ਮੁਕਾਬਲੇ ਵਿੱਚ ਮੋਹਰੀ ਰਹਿ ਕੇ ਇਨਾਮ ਜਿੱਤੇ ਹਨ। ਨੇਮਪਾਲ ਸਿੰਘ ਤੋਂ ਪ੍ਰੇਰਿਤ ਹੋ ਕੇ ਹੋਰ ਪਸ਼ੂ ਪਾਲਕਾਂ ਨੇ ਵੀ ਨਸਲ ਸੁਧਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਭਾਵੇਂ ਪਸ਼ੂ ਘੱਟ ਰੱਖੋ, ਪਰ ਨਸਲਦਾਰ ਹੋਣ:-
ਨੇਮਪਾਲ ਸਿੰਘ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜ਼ਿਆਦਾ ਪਸ਼ੂ ਪਾਲਦੇ ਹਨ, ਪਰ ਨਸਲ ਸੁਧਾਰ ਵੱਲ ਧਿਆਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਪਸ਼ੂ ਭਾਵੇਂ ਘੱਟ ਰੱਖੇ ਜਾਣ ਪਰ ਉਹ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ। ਮੱਝ ਨੂੰ 15 ਕਿੱਲੋ ਤੋਂ ਉੱਪਰ ਦਾ ਦੁੱਧ ਦੇਣਾ ਚਾਹੀਦਾ ਹੈ, ਨਹੀਂ ਤਾਂ ਦੁੱਧ ਘੱਟ ਹੋਣ ਕਾਰਨ ਖਰਚਾ ਜ਼ਿਆਦਾ ਅਤੇ ਆਮਦਨ ਘੱਟ ਹੋਵੇਗੀ। ਮੁਰ੍ਹਾ ਨਸਲ ਥੋੜ੍ਹੀ ਮਹਿੰਗੀ ਹੋ ਸਕਦੀ ਹੈ, ਪਰ ਕਿਸਾਨ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਸਕਦੀ ਹੈ।
ਚੰਗੀ ਨਸਲ ਅਪਣਾਓ-ਲੱਖਾਂ ਕਮਾਓ:-
ਵੈਟਰਨਰੀ ਸਰਜਨ ਡਾ. ਸਤਪਾਲ ਖੁੰਡੀਆ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਵੀ ਅਪਨਾਉਣਾ ਚਾਹੀਦਾ ਹੈ ਪਰ ਚੰਗੀ ਨਸਲ ਦੀ ਚੋਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਦੁੱਧ ਚੁਆਈ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ 18 ਤੋਂ 22 ਕਿੱਲੋ ਦੁੱਧ ਦੇਣ ਵਾਲੀ ਮੱਝ ’ਤੇ 15 ਹਜ਼ਾਰ ਰੁਪਏ, 22 ਤੋਂ 25 ਤੱਕ 20 ਹਜ਼ਾਰ ਰੁਪਏ ਤੇ ਉੱਪਰ ਦੁੱਧ ਦੇਣ ਵਾਲੀ ਮੱਝ ’ਤੇ 30 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਮੁਰ੍ਹਾ ਤੋਂ ਇਲਾਵਾ ਗਾਂ ਦੀ ਨਸਲ ਵਿੱਚ ਦੁੱਧ ਚੁਆਈ ਮੁਕਾਬਲੇ ਵਿੱਚ ਹਜ਼ਾਰਾਂ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ।
ਜਿਸ ਵਿੱਚ ਹਰਿਆਣਾ ਦੀ ਗਾਂ ਨੂੰ 8 ਤੋਂ 10 ਕਿੱਲੋ ਦੁੱਧ ਲਈ 10 ਹਜ਼ਾਰ ਰੁਪਏ, 10 ਤੋਂ 12 ਤੱਕ 15 ਹਜ਼ਾਰ ਰੁਪਏ ਤੇ ਇਸ ਤੋਂ ਵੱਧ 20 ਹਜ਼ਾਰ ਰੁਪਏ ਦੀ ਪ੍ਰੇਰਨਾ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸਾਹੀਵਾਲ ਵਿੱਚ 10 ਤੋਂ 12 ਕਿੱਲੋ ਤੱਕ 10 ਹਜ਼ਾਰ ਰੁਪਏ, 12 ਤੋਂ 15 ਕਿੱਲੋ ਤੱਕ 15 ਹਜ਼ਾਰ ਰੁਪਏ ਤੇ ਇਸ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਨੂੰ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਡਾ. ਖੁੰਡੀਆ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਿਸਾਨ ਨਸਲ ਸੁਧਾਰ ਵੱਲ ਬਹੁਤ ਜ਼ਿਆਦਾ ਝੁਕਾਅ ਦਿਖਾ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ