ਮੁੰਡਕਾ ਅਗਨੀ ਕਾਂਡ : ਬਿਲਡਿੰਗ ਮਾਲਕ ਮਨੀਸ਼ ਲਾਕੜਾ ਗ੍ਰਿਫਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਦਿਨ ਪਹਿਲਾਂ ਭਿਆਨਕ ਅਗਨੀ ਕਾਂਡ ਤਬਾਹ ਹੋਈ ਚਾਰ ਮੰਜਿਲਾ ਇਮਾਰਤ ਦੇ ਮਾਲਕ ਮਨੀਸ਼ ਲਾਕੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦਰਦਨਾਕ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਝੁਲਸ ਗਏ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮਨੀਸ਼ ਨੂੰ ਛਾਪੇਮਾਰੀ ਦੌਰਾਨ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਮੁੰਡਕਾ ਨਿਵਾਸੀ ਮਨੀਸ਼ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਰਹਿੰਦਾ ਸੀ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਹ ਫਰਾਰ ਸੀ। ਪੁਲਿਸ ਟੀਮ ਨੇ ਦਿੱਲੀ ਅਤੇ ਹਰਿਆਣਾ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਆਖਰਕਾਰ ਉਸ ਦੇ ਠਿਕਾਣਿਆਂ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦਿੱਲੀ ਫਾਇਰ ਵਿਭਾਗ ਨੂੰ 13 ਮਈ ਨੂੰ ਸ਼ਾਮ 4:40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ‘ਤੇ ਕਾਬੂ ਪਾਉਣ ਲਈ 30 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਅਤੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਐਂਬੂਲੈਂਸ ਦੀ ਸਹੂਲਤ ਵੀ ਮੌਕੇ ‘ਤੇ ਉਪਲੱਬਧ ਕਰਵਾਈ ਗਈ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਲੱਗੀ, ਜਿੱਥੇ ਇੱਕ ਸੀਸੀਟੀਵੀ ਕੈਮਰਾ ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਸਥਿਤ ਸੀ। ਇਮਾਰਤ ਵਿੱਚ ਸਥਿਤ ਇੱਕ ਗੋਦਾਮ ਵਿੱਚ ਪਰਫਿਊਮ ਅਤੇ ਦੇਸੀ ਘਿਓ ਹੋਣ ਕਾਰਨ ਅੱਗ ਨੇ ਤੇਜੀ ਨਾਲ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੇ ਸਮੇਂ ਇਮਾਰਤ ਵਿੱਚ ਕਰੀਬ 200 ਲੋਕ ਮੌਜੂਦ ਸਨ। ਕੰਪਨੀ ਦੇ ਮਾਲਕਾਂ ਹਰੀਸ਼ ਗੋਇਲ ਅਤੇ ਵਰੁਣ ਗੋਇਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ