ਹਰਭਜਨ ਸਿੰਘ ਨੇ ਚੱਕਿਆ ਰਾਜਸਭਾ ’ਚ ਅਫ਼ਗਾਨ ਸਿੱਖਾਂ ਦਾ ਮੁੱਦਾ, ਸਿਰਫ਼ 150 ਸਿੱਖ ਬਚੇ, ਕੇਂਦਰ ਸਰਕਾਰ ਬਚਾਵੇ
ਚੰਡੀਗੜ੍ਹ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ। ਹਰਭਜਨ ਸਿੰਘ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਸਿਰਫ 150 ਸਿੱਖ ਉਥੇ ਰਹਿ ਗਏ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ’ਚ ਸਿੱਖਾਂ ਅਤੇ ਗੁਰਦੁਆਰਿਆਂ ’ਤੇ ਹੋਏ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਹ ਸਿੱਖਾਂ ਦੀ ਪਛਾਣ ’ਤੇ ਹਮਲਾ ਹੈ। ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੋਵਿਡ ਦੌਰਾਨ, ਗੁਰਦੁਆਰਿਆਂ ਨੇ ਨਾ ਸਿਰਫ ਭੋਜਨ, ਬਲਕਿ ਆਕਸੀਜਨ ਵੀ ਪ੍ਰਦਾਨ ਕੀਤੀ।
ਸਿੱਖ ਕੌਮ ਹਰ ਚੰਗੇ ਕੰਮ ਵਿੱਚ ਅੱਗੇ, ਅਜਿਹਾ ਸਲੂਕ ਕਿਉਂ?
ਸਿੱਖ ਕੌਮ ਦੇਸ਼ ਦੀ ਆਜ਼ਾਦੀ, ਜੀ.ਡੀ.ਪੀ., ਰੁਜ਼ਗਾਰ ਅਤੇ ਚੈਰਿਟੀ ਵਿੱਚ ਹਮੇਸ਼ਾ ਅੱਗੇ ਰਹੀ ਹੈ। ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਵਿਚਕਾਰ ਮਜ਼ਬੂਤ ਕੜੀ ਰਿਹਾ ਹੈ। ਸਿੱਖ ਦਲੇਰੀ ਅਤੇ ਬਹਾਦਰੀ ਲਈ ਜਾਣੇ ਜਾਂਦੇ ਹਨ। ਫਿਰ ਸਾਡੇ ਨਾਲ ਅਜਿਹਾ ਸਲੂਕ ਕਿਉਂ?।
ਸਿੱਖਾਂ ’ਤੇ ਲਗਾਤਾਰ ਹੋ ਰਹੇ ਹਮਲੇ
ਸੰਸਦ ਮੈਂਬਰ ਨੇ ਕਿਹਾ ਕਿ 18 ਜੂਨ ਨੂੰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਸਾਹਿਬ ਜੀ ਕਾਰਤੇ ਪਰਵਾਨ ’ਚ ਕਈ ਧਮਾਕੇ ਹੋਏ ਸਨ। ਕਿਲ੍ਹੇ ਅਤੇ ਅਹਾਤੇ ਵੱਲ ਜਾਣ ਵਾਲੇ ਦਰਵਾਜ਼ੇ ’ਤੇ ਗੋਲੀਆਂ ਚਲਾਈਆਂ ਗਈਆਂ। ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। 25 ਮਾਰਚ 2020 ਨੂੰ, ਆਈਐਸ ਦੇ ਬੰਦੂਕਧਾਰੀਆਂ ਨੇ ਰਾਏਸਾਹਿਬ ਗੁਰਦੁਆਰੇ ’ਤੇ ਹਮਲਾ ਕੀਤਾ। ਇਮਾਰਤ ਵਿੱਚ 200 ਲੋਕ ਸਨ। ਜਿਸ ਵਿੱਚ ਔਰਤਾਂ ਸਮੇਤ 25 ਸਿੱਖਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਅਗਲੇ ਦਿਨ ਫਿਰ ਹਮਲਾ ਹੋਇਆ। 2018 ਵਿੱਚ ਵੀ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਇੱਕ ਹਮਲਾ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ