ਕਾਰ ਸਵਾਰਾਂ ਦੇ ਵੀ ਲੱਗੀਆਂ ਸੱਟਾਂ, ਪੁਲਿਸ ਵੱਲੋਂ ਜਾਂਚ ਜਾਰੀ | Road Accident
Road Accident: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਬੀਤੇ ਕੱਲ ਦੇਰ ਸ਼ਾਮ ਨੇੜ੍ਹਲੇ ਪਿੰਡ ਮਰਦਖੇੜਾ ਨੇੜੇ ਹੋਏ ਸੜਕ ਹਾਦਸੇ ‘ਚ ਇੱਕ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਜਦੋਂ ਕਿ ਦੂਜੇ ਨੌਜਵਾਨ ਦੇ ਗੰਭੀਂਰ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕਾਰ ਸਵਾਰ ਵੀ ਜ਼ਖਮੀ ਹੋ ਗਏ ਹਨ ਜਿੰਨ੍ਹਾਂ ਨੂੰ ਇਲਾਜ ਲਈ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੱਲ੍ਹ ਸ਼ਾਮ ਵੇਲੇ ਮਰਦਖੇੜਾ ਪਿੰਡ ਦੇ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋਕੇ ਮਹਿਲਾਂ ਚੌਂਕ ਵੱਲ ਜਾ ਰਹੇ ਸਨ ਜਿੰਨਾਂ ਨੂੰ ਸਾਹਮਣੇ ਤੋਂ ਆ ਰਹੀ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ।
ਮੌਕੇ ’ਤੇ ਮੌਜ਼ੂਦ ਲੋਕਾਂ ਅਨੁਸਾਰ ਮਹਿਲਾਂ ਚੌਂਕ ਵੱਲੋਂ ਆ ਰਹੀ ਜੈਨ ਗੱਡੀ ਦਾ ਇਕਦਮ ਸੰਤੁਲਨ ਵਿਗੜ ਗਿਆ ਅਤੇ ਉਸਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਉਸ ਤੋਂ ਬਾਅਦ ਇਹ ਜੈਨ ਗੱਡੀ ਸੜਕ ਕਿਨਾਰੇ ਖੜੇ ਦਰੱਖਤਾਂ ਨਾਲ ਜਾ ਟਕਰਾਈ ਜਿਸ ਵਿੱਚ ਸਵਾਰ ਇੱਕ ਔਰਤ ਤੇ ਵਿਅਕਤੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: West Punjab: ਸਰਹੱਦ ਪਾਰੋਂ 77 ਵਰ੍ਹਿਆਂ ਪਿੱਛੋਂ ਨਾਨਕੇ ਪਿੰਡ ਕੌਹਰੀਆਂ ਪੁੱਜਿਆ ਵਜੀਦ ਹੁਸੈਨ
ਪੁਲੀਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਜਖਮੀਆਂ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਤੁਰੰਤ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਰਦਖੇੜਾ ਵਜੋਂ ਹੋਈ ਹੈ ਜਦੋਂ ਕਿ ਦੂਜਾ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਟਿਆਲਾ ਵਿਖੇ ਭੇਜਿਆ ਗਿਆ ਹੈ। ਗੰਭੀਰ ਰੂਪ ਵਿੱਚ ਜ਼ਖਮੀ ਮੋਟਰਸਾਈਕਲ ਸਵਾਰ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Road Accident