ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਘੇਰਿਆ ਮੋਤੀ ਮਹਿਲ

ਵੱਡੀ ਗਿਣਤੀ ਪੁਲਿਸ ਫੋਰਸ ਨੇ ਵਾਈਪੀਐਸ ਚੌਂਕ ’ਚ ਰੋਕਿਆ
ਮੁੱਖ ਸਕੱਤਰ ਨਾਲ 12 ਨੂੰ ਹੋਵੇਗੀ ਬੈਠਕ : ਪ੍ਰਧਾਨ ਗੁਰਵਿੰਦਰ ਸਿੰਘ

ਨਰਿੰਦਰ ਸਿੰਘ ਬਠੋਈ, ਪਟਿਆਲਾ। ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਡਾ ਇਕੱਠ ਬੱਸ ਸਟੈਂਡ ਦੇ ਨਜ਼ਦੀਕ ਕੀਤਾ ਗਿਆ ਅਤੇ ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਕੰਪਿਊਟਰ ਅਧਿਆਪਕਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਮੋਤੀ ਮਹਿਲ ਵੱਲ ਨੂੰ ਕੂਚ ਕੀਤਾ ਗਿਆ। ਬੱਸ ਸਟੈਂਡ ਤੋਂ ਫੁਹਾਰਾ ਚੌਂਕ ਤੋਂ ਹੁੰਦੇ ਹੋਏ ਅਧਿਆਪਕ ਹੱਥ ਵਿੱਚ ਕਾਲੀਆਂ ਝੰਡੀਆਂ ਤੇ ਮੰਗਾਂ ਦੇ ਬੈਨਰ ਲੈ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਵਾਈਪੀਐਸ ਚੌਂਕ ਪੁੱਜੇ। ਉੱਥੇ ਵੱਡੀ ਗਿਣਤੀ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਫੋਰਸ ਤਾਇਨਾਤ ਕੀਤੀ ਗਈ ਸੀ, ਜਦੋਂ ਹੀ ਕੰਪਿਊਟਰ ਅਧਿਆਪਕ ਵਾਈਪੀਐਸ ਚੌਂਕ ਪੁੱਜੇ ਤਾਂ ਪੁਲਿਸ ਵੱਲੋਂ ਨੌ ਸਬਮਿਟ ਕਰਕੇ ਉਨ੍ਹਾਂ ਨੂੰ ਅਮਨ-ਸ਼ਾਂਤੀ ਨਾਲ ਆਪਣੀ ਗੱਲ ਰੱਖਣ ਦੀ ਗੱਲ ਕਹੀ।

ਅਧਿਆਪਕ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹੋਏ ਆਪਣੀਆਂ ਮੰਗਾਂ ਦੱਸੀਆਂ। ਤਿੱਖੀ ਗਰਮੀ ’ਚ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਖੂਬ ਭੰਡਿਆ ਅਤੇ ਮੰਗਾਂ ਮੰਨਵਾਉਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ 12 ਜੁਲਾਈ ਨੂੰ ਇੱਕ ਬੈਠਕ ਚੀਫ ਸੈਕਟਰੀ ਨਾਲ ਕਰਨ ਦਾ ਭਰੋਸਾ ਦੇਣ ਉਪਰੰਤ ਇਹ ਧਰਨਾ ਸਮਾਪਤ ਕੀਤਾ ਗਿਆ।

ਇਸ ਮੌਕੇ ਯੂਨੀਅਨ ਆਗੂ ਗੁਰਵਿੰਦਰ ਸਿੰਘ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਕੰਪਿਊਟਰ ਅਧਿਆਪਕ 2005 ਵਿੱਚ ਸਿੱਖਿਆ ਵਿਭਾਗ ਵਿੱਚ ਤਇਨਾਤ ਕੀਤੇ ਗਏ ਸਨ ਅਤੇ ਦੋ ਹਜ਼ਾਰ ਗਿਆਰਾਂ ਵਿੱਚ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਦੀ ਗੱਲ ਕਹੀ ਗਈ ਸੀ, ਪਰ ਵਿਭਾਗ ਨੇ ਅਜੇ ਤੱਕ ਇਸ ਗੱਲ ਨੂੰ ਕਿਸੇ ਵੀ ਬੰਨੇ ਨਹੀਂ ਲਾਇਆ ਅਤੇ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੇ ਨਾਲ ਇੱਕ ਧੋਖਾ ਕੀਤਾ ਹੈ।

ਪ੍ਰਧਾਨ ਨੇ ਦੱਸਿਆ ਕਿ ਸਾਡਾ ਸੀਐਸਆਰ ਏਸੀਪੀ ਅਤੇ ਆਈ ਆਰ ਵੀ ਸਾਡੇ ’ਤੇ ਲਾਗੂ ਨਹੀਂ ਕੀਤਾ ਗਿਆ ਅਤੇ ਸਾਡੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਸਾਡੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਭਰ ’ਚੋਂ ਆਏ ਵੱਖ-ਵੱਖ ਆਗੂਆਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਦੇ ਹੱਕ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸੰਘਰਸ਼ ਦੌਰਾਨ ਕਈ ਬੈਠਕਾਂ ਸਾਡੀਆਂ ਸਿੱਖਿਆ ਭਾਗ ਅਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਪਰ ਕੋਈ ਵੀ ਸਿੱਟਾ ਅਜੇ ਤੱਕ ਸਰਕਾਰ ਨੇ ਨਹੀਂ ਕੱਢਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।