ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਮਾਂ ਦੀ ਮਮਤਾ ਬ...

    ਮਾਂ ਦੀ ਮਮਤਾ ਬਿਨਾਂ ਬੋਲਿਆਂ ਬੋਲ ਪੈਂਦੀ ਹੈ

    Mother's Love Sachkahoon

    ਮਾਂ ਦੀ ਮਮਤਾ ਬਿਨਾਂ ਬੋਲਿਆਂ ਬੋਲ ਪੈਂਦੀ ਹੈ

    ਪਿਛਲੇ ਦਿਨੀਂ ਮੈਂ ਜਲੰਧਰ ਬੀ ਬੀ ਸੀ ਹਾਰਟ ਕੇਅਰ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਲਈ ਗਿਆ ਉੱਥੇ ਉਹਨਾਂ ਨੇ ਟੈਸਟ ਲੈਣ ਤੇ ਉਹਨਾਂ ਨੂੰ ਚੈੱਕ ਕਰਨ ’ਤੇ ਦੋ-ਤਿੰਨ ਦਿਨ ਦਾ ਸਮਾਂ ਲੈ ਲਿਆ ਤਕਲੀਫ ਭਾਵੇਂ ਜਿਆਦਾ ਨਹੀਂ ਸੀ ਪਰ ਫਿਰ ਵੀ ਗੱਲ ਜਦੋਂ ਦਿਲ ਦੀ ਆਉਂਦੀ ਹੈ ਤਾਂ ਕੋਈ ਮਰੀਜ਼ ਜਾਂ ਡਾਕਟਰ ਰਿਸਕ ਨਹੀਂ ਲੈਂਦਾ ਬੇਸ਼ੱਕ ਬਿਮਾਰੀਆਂ ਤਾਂ ਸਾਰੀਆਂ ਹੀ ਭਿਆਨਕ ਹੁੰਦੀਆਂ ਹਨ ਜਿਹੜੀ ਹੋਈ ਬਿਮਾਰੀ ਉਹ ਚੰਗੀ ਕਿਵੇਂ ਹੋ ਸਕਦੀ ਹੈ ਪਰ ਦਿਲ ਦਾ ਦੌਰਾ ਕਿਸੇ ਨੂੰ ਵੀ ਪਿਆ ਹੋਵੇ ਉਹ ਸੁਣ ਕੇ ਇੱਕ ਵਾਰ ਆਦਮੀ ਆਪਣੀ ਗੱਲ ਵੀ ਜ਼ਰੂਰ ਹੀ ਕਰਦਾ ਹੈ ਜਿਹੜੇ ਤਾਂ ਸਿਆਣੇ ਜਾਂ ਪੈਸੇ ਵਾਲੇ ਹਨ ਉਹ ਤਾਂ ਆਪਣੀ ਚੈਕਿੰਗ ਰੁਟੀਨ ਵਿਚ ਹੀ ਕਰਵਾਉਂਦੇ ਰਹਿੰਦੇ ਹਨ ਪਰ ਜਿਹੜੇ ਗਰੀਬ ਜਾਂ ਬੇਸਮਝ ਹਨ ਉਹ ਇਸ ਦੀ ਪ੍ਰਵਾਹ ਨਹੀਂ ਕਰਦੇ ਖੈਰ! ਇਹ ਤਾਂ ਆਪਣੀ-ਆਪਣੀ ਸੋਚ ’ਤੇ ਨਿਰਭਰ ਕਰਦਾ ਹੈ।

    ਹਸਪਤਾਲ ਵਿੱਚ ਚੈਕਿੰਗ ਦੌਰਾਨ ਆਈ ਸੀ ਯੂ ਵਿੱਚ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਂਦੀ ਜਿਹੜਾ ਮਰੀਜ਼ ਬੇਹੋਸ਼ ਹਾਲਤ ਵਿੱਚ ਹੁੰਦਾ ਹੈ ਉਸ ਨੂੰ ਦੁਨੀਆਂਦਾਰੀ ਦੀ ਕੋਈ ਹੋਸ਼ ਨਹੀਂ ਹੁੰਦੀ ਪਰ ਜਿਹੜਾ ਮੇਰੇ ਵਰਗਾ ਚੈੱਕ ਹੀ ਕਰਵਾਉਣ ਵਾਸਤੇ ਜਾਂਦਾ ਹੈ ਉਹ ਬਿਮਾਰ ਤਾਂ ਨਹੀਂ ਹੁੰਦਾ ਪਰ ਬਿਮਾਰਾਂ ਨੂੰ ਵੇਖ ਬਿਮਾਰ ਜਰੂਰ ਹੋ ਜਾਂਦਾ ਹੈ ਇੱਕ ਅੱਜ-ਕੱਲ੍ਹ ਕੋਰੋਨਾ ਦਾ ਡਰ ਹੈ ਜੋ ਹਰ ਇੱਕ ਵਿਅਕਤੀ ਦੇ ਸਿਰ ਚੜ੍ਹ ਕੇ ਬੋਲਦਾ ਹੈ ਜ਼ਿਆਦਾ ਬੋਲਣਾ ਨਹੀਂ, ਕੋਈ ਚੀਜ਼ ਬਾਹਰੋਂ ਨਹੀਂ ਖਾਣੀ, ਮੂੰਹ ਢੱਕ ਕੇ ਰੱਖਣਾ ਜੇ ਕਿਸੇ ਵਿਅਕਤੀ ਨੂੰ ਸੁਭਾਵਿਕ ਹੀ ਖੰਘ ਆ ਜਾਵੇ ਤੇ ਸਾਹਮਣੇ ਵਾਲਾ ਝੱਟ ਇਹੋ ਹੀ ਕਹਿ ਦਿੰਦਾ ਹੈ ਭਾਈ ਇਸ ਨੂੰ ਚੈੱਕ ਕਰਵਾ ਲੈ ਕਿੱਧਰੇ ਕੋਰੋਨਾ ਹੀ ਨਾ ਹੋਵੇ ਬੱਸ ਇਨ੍ਹਾਂ ਹੀ ਗੱਲਾਂ ਵਿੱਚ ਉਲਝਣ ਪਈ ਰਹਿੰਦੀ ਹੈ ਕੋਈ ਕਿਸੇ ਨਾਲ ਆਪਣੀ ਦਿਲ ਦੀ ਗੱਲ ਤੇ ਦੁੱਖ-ਸੁਖ ਵੀ ਸਾਂਝਾ ਨਹੀਂ ਕਰ ਸਕਦਾ।

    ਕੋਰੋਨਾ ਬਿਮਾਰੀ ਚੱਲੀ ਤਾਂ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸਾਰਾ ਢਾਂਚਾ ਹੀ ਖਰਾਬ ਹੋ ਗਿਆ ਹੈ ਰੱਬ ਜਾਣੇ ਪਤਾ ਨਹੀਂ ਇਹ ਕਿੰਨਾ ਚਿਰ ਹੋਰ ਚੱਲਣਾ ਹੈ? ਤੇ ਇਸ ਨੇ ਕਿਹੜੇ-ਕਿਹੜੇ ਹੋਰ ਅਜੇ ਰੰਗ ਵਿਖਾਉਣੇ ਹਨ? ਖੈਰ! ਚੱਲੋ ਛੱਡੋ ਇਨ੍ਹਾਂ ਗੱਲਾਂ ਨੂੰ ਜਿਹੜੇ ਵਿਸ਼ੇ ’ਤੇ ਮੈ ਗੱਲ ਕਰਨ ਜਾ ਰਿਹਾ ਸੀ ਉਹ ਕਰਦੇ ਹਾਂ ਆਈ ਸੀ ਯੂ ਵਿੱਚ ਮੈਂ ਜਿਸ ਬਿਸਤਰੇ ’ਤੇ ਲੇਟਿਆ ਹੋਇਆ ਸੀ ਉਸ ਦੇ ਬਿਲਕੁਲ ਸਾਹਮਣੇ ਇੱਕ ਸੁਲਤਾਨਪੁਰ ਤੋਂ ਬੀਬੀ ਆਈ ਜਿਸ ਨੂੰ ਦਿਲ ਦਾ ਦੌਰਾ ਪਿਆ ਤੇ ਰੱਬ ਨੇ ਉਸ ਦੀ ਜਾਨ ਬਖਸ਼ ਦਿੱਤੀ ਡਾਕਟਰਾਂ ਨੇ ਤੁਰੰਤ ਉਸ ਦਾ ਆਪਰੇਸ਼ਨ ਕਰਕੇ ਉਸ ਨੂੰ ਸਟੰਟ ਪਾ ਦਿੱਤੇ।

    ਮਰੀਜ਼ ਬੀਬੀ ਨੂੰ ਜਦੋਂ ਘਰੋਂ ਲੈ ਕੇ ਹਸਪਤਾਲ ਆਏ ਉਸ ਸਮੇਂ ਆਪਣੀ ਮਾਂ ਨੂੰ ਉਹਨਾਂ ਦਾ ਇਕਲੌਤਾ ਪੁੱਤਰ ਹੀ ਲੈ ਕੇ ਆਇਆ ਸੀ ਇੱਕ ਛੋਟੀ ਭੈਣ ਸੀ ਜੋ ਥੋੜ੍ਹੀ ਦੂਰ ਇੱਕ ਪਿੰਡ ਵਿੱਚ ਵਿਆਹੀ ਹੋਈ ਸੀ ਉਸ ਨੂੰ ਟੈਲੀਫੋਨ ਕਰਨ ਦਾ ਵੀ ਸਮਾਂ ਨਹੀਂ ਮਿਲਿਆ ਦੂਸਰਾ ਕੁੜੀ ਦਾ ਜੀਵਨ ਸਾਥੀ ਅਸਟਰੇਲੀਆ ਵਿੱਚ ਰਹਿੰਦਾ ਹੈ ਰਾਤ ਦਾ ਸਮਾਂ ਹੋਣ ਕਰਕੇ ਸ਼ਾਇਦ ਸੋਚਿਆ ਹੋਵੇ ਕਿ ਇਕੱਲੀ ਕਿਵੇਂ ਆਵੇਗੀ ਦਿਨ ਦੇ ਨੌਂ ਕੁ ਵਜੇ ਡਾਕਟਰ ਆਪਣਾ ਰਾਊਂਡ ਲਾ ਕੇ ਚਲੇ ਜਾਂਦੇ ਹਨ ਉਸ ਤੋਂ ਬਾਅਦ ਮਰੀਜਾਂ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਦਾ ਮਿਲਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਹਰ ਇੱਕ ਪਹੁੰਚਿਆ ਹੋਇਆ ਭੈਣ-ਭਰਾ ਰਿਸ਼ਤੇਦਾਰ ਤੇ ਨਜ਼ਦੀਕੀ ਆਪਣੇ ਮਰੀਜ਼ ਨੂੰ ਮਿਲ ਕੇ ਹੌਂਸਲਾ ਹੀ ਦਿੰਦਾ ਹੈ, ਬੇਸ਼ੱਕ ਮਰੀਜ਼ ਕਿਹੜੀ ਮਰਜ਼ੀ ਕੰਡੀਸ਼ਨ ਵਿੱਚ ਕਿਉਂ ਵੀ ਨਾ ਹੋਵੇ ਮੈਂ ਸਾਹਮਣੇ ਬੈਠਾ ਹੋਇਆ ਦਿ੍ਰਸ਼ ਦੇਖ ਰਿਹਾ ਸੀ ਮੇਰਾ ਬੇਟਾ ਵੀ ਮੈਨੂੰ ਮਿਲ ਕੇ ਹੌਂਸਲਾ ਦੇ ਕੇ ਬਾਹਰ ਚਲਾ ਗਿਆ ਇਸੇ ਤਰ੍ਹਾਂ ਵਾਰੀ ਸਿਰ ਸਾਰੇ ਆਪਣੇ ਮਰੀਜ਼ਾਂ ਨੂੰ ਮਿਲ ਕੇ ਵਾਪਿਸ ਤੁਰਦੇ ਗਏ ਲਗਭਗ ਮੁਲਾਕਾਤਾਂ ਦਾ ਸਮਾਂ ਵੀ ਸਮਾਪਤ ਹੋ ਚੁੱਕਾ ਸੀ ਇੱਕਾ-ਦੁੱਕਾ ਹੀ ਰਿਸ਼ਤੇਦਾਰ ਮਿਲਣ ਵਾਲੇ ਰਹਿ ਗਏ ਹੋਣੇ ਨੇ ਜਿਹੜੇ ਦੂਰੋਂ ਵਗੈਰਾ ਆਏ ਹੋਣਗੇ।

    ਪਰ ਜਿਹੜੀ ਬੀਬੀ ਸੁਲਤਾਨਪੁਰ ਤੋਂ ਆਈ ਸੀ ਉਸ ਨੂੰ ਮਿਲਣ ਵਾਸਤੇ ਜਦੋਂ ਉਸ ਦੀ ਧੀ ਆਈ ਨਾ ਮਾਂ ਬੋਲੀ ਨਾ ਧੀ ਬੋਲੀ ਧੀ ਨੇ ਮਾਂ ਦਾ ਹੱਥ ਫੜ ਕੇ ਆਪਣੇ ਕਲੇਜੇ ਨਾਲ ਲਾਇਆ ਬੱਸ ਫਿਰ ਕੀ ਗੱਲ ਕਰੀਏ ਉਸ ਧੀ ਰਾਣੀ ਦੇ ਅੱਖਾਂ ਵਿੱਚੋ ਹੰਝੂਆਂ ਦੀ ਨਹਿਰ ਹੀ ਛੁੱਟ ਪਈ ਛੰਮ-ਛੰਮ ਅੱਖਾਂ ਵਿੱਚੋਂ ਪਾਣੀ ਵਗਦਾ ਰਿਹਾ ਇੱਕ-ਦੂਜੇ ਵੱਲ ਝਾਕਦੀਆਂ ਰਹੀਆਂ, ਦਿਲ ਦੀਆਂ ਗੱਲਾਂ ਦਿਲ ਨਾਲ ਹੀ ਕਰਦੀਆਂ ਰਹੀਆਂ ਸਾਰਾ ਆਈ ਸੀ ਯੂ ਦਾ ਮਹੌਲ ਗਮਗੀਨ ਹੋ ਗਿਆ ਮੇਰਾ ਬਿਸਤਰਾ ਸਾਹਮਣੇ ਹੋਣ ਕਰਕੇ ਮੈਂ ਉਹਨਾਂ ਦੀ ਆਪਸੀ ਗੱਲਬਾਤ ਤਾਂ ਨਾ ਸੁਣ ਸਕਿਆ ਪਰ ਇਸ ਦਿ੍ਰਸ਼ ਨੇ ਮੇਰਾ ਮਨ ਵੀ ਬਰਫ ਵਾਂਗੂੰ ਪਿਘਲਾ ਦਿੱਤਾ।

    ਉਸ ਵਕਤ ਮੈਂ ਇਹੋ ਸੋਚਦਾ ਰਿਹਾ ਕਿ ਪੁੱਤਰ ਵੀ ਅਕਸਰ ਮਾਂ ਦੇ ਢਿੱਡੋਂ ਜਨਮ ਲੈਂਦੇ ਹਨ ਧੀਆਂ ਕੋਈ ਜਿਆਦਾ ਨਹੀਂ, ਪਰ ਜਿਹੜਾ ਪਿਆਰ ਧੀਆਂ ਮਾਪਿਆਂ ਨਾਲ ਕਰਦੀਆਂ ਹਨ ਇਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿੱਧਰੇ ਨਹੀਂ ਮਿਲ ਸਕਦੀ ਇਹ ਸੱਚ ਹੈ ਕਿ ਵਾਕਿਆ ਹੀ ਭਾਵੇਂ ਹਕੀਕਤ ਤੌਰ ’ਤੇ ਜਦਂੋ ਮਾਵਾਂ ਧੀਆਂ ਵਿੱਛੜਨ ਤੋਂ ਪਹਿਲਾਂ ਮਿਲਦੀਆਂ ਨੇ ਕੰਧਾਂ ਨਹੀਂ ਹਿੱਲਦੀਆਂ ਹੋਣਗੀਆਂ ਪਰ ਜੋ ਕਿਸੇ ਸਿਆਣੇ ਨੇ ਕਿਹਾ ਹੈ ਉਹ ਸੌ ਪ੍ਰਤੀਸ਼ਤ ਸੱਚ ਹੈ ਕਿ ਜਦੋਂ ਮਾਵਾਂ ਧੀਆਂ ਮਿਲਣ ਲੱਗੀਆਂ, ਚਾਰੇ ਕੰਧਾਂ ਨੀ ਚੁਬਾਰੇ ਦੀਆਂ ਹਿੱਲੀਆਂ ਧੀਆਂ ਧਿਆਣੀਆਂ ਦਾ ਇੰਨਾ ਪਿਆਰਾ ਰਿਸ਼ਤਾ ਜਿਸ ਨੂੰ ਅੱਜ ਦੀ ਮਨੁੱਖਤਾ ਖ਼ਤਮ ਕਰਨ ’ਤੇ ਤੁਲੀ ਹੋਈ ਹੈ ਭਰੂਣ ਹੱਤਿਆ ਕਰਨ ਵਾਲਿਓ ਜ਼ਰਾ ਡੂੰਗੀ ਸੋਚ ਸੋਚੋ! ਕੀ ਸੋਚ ਕੇ ਆਪਣੀ ਸੋਚ ਬਦਲ ਰਹੇ ਹੋ ਧੀਆਂ ਤੇ ਧਰੇਕਾਂ ਵਿਹੜੇ ਦੀ ਰੌਣਕ ਹੁੰਦੀਆਂ ਨੇ ਆਪਾਂ ਵੀ ਆਪਣੀ ਰੌਣਕ ਵਧਾਈਏ ਧੀਆਂ ਬਿਨਾਂ ਕੋਈ ਨਹੀਂ ਜੇ ਸਾਰ ਲੈਂਦਾ ਇਸ ਦੁਨੀਆਂ ਅੰਦਰ ਬੇਸ਼ੱਕ ਪੁੱਤਰ ਲੱਖ ਮਿੱਠੜੇ ਮੇਵੇ ਹੋਣ ਪਰ ਧੀਆਂ ਵਰਗਾ ਪਿਆਰ ਨਹੀਂ ਦੇ ਸਕਦੇ ਇਹ ਸੱਚ ਹੈ।

    ਮਮਦੋਟ, ਫਿਰੋਜ਼ਪੁਰ ਮੋ. 75891-55501
    ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।