ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, January 22, 2026
More
    Home ਵਿਚਾਰ ਲੇਖ ਸਾਡੀਆਂ ਸੰਵੇਦਨ...

    ਸਾਡੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ ‘ਮਾਂ-ਬੋਲੀ’

    Mother

    ‘ਮਾਂ’ ਸ਼ਬਦ ਦੁਨੀਆਂ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਮਾਂ ਕੋਲੋਂ ਸਿੱਖੀ ਬੋਲੀ ਸਾਡੀ ਮਾਂ-ਬੋਲੀ ਹੁੰਦੀ ਹੈ। ਮਾਂ-ਬੋਲੀ ਵਿੱਚ ਕਿੰਨੇ ਖੂਬਸੂਰਤ ਹੋਰ ਅਹਿਸਾਸ ਹੋ ਸਕਦੇ ਹਨ, ਇੱਥੋਂ ਇਹ ਸਮਝ ਸਾਨੂੰ ਸੁਤੇ-ਸੁਭਾਅ ਆਪਣੇ ਮਨ ’ਤੇ ਉੱਕਰ ਲੈਣੀ ਚਾਹੀਦੀ ਹੈ। ਮਾਂ ਤੋਂ ਬਾਅਦ ਮਹਿਸੂਸ ਕਰੀਏ ਤਾਂ ਮਾਂ-ਬੋਲੀ ਹੀ ਸਤਿਕਾਰ ਦੀ ਪਾਤਰ ਹੈ। ਅਸੀਂ ਇੱਥੇ ਸਤਿਕਾਰ ਦੇ ਨਾਲ ਅੱਗੇ ਰੁਜ਼ਗਾਰ ਦੀ ਗੱਲ ਵੀ ਕਰਾਂਗੇ। ਇਸ ਤੋਂ ਪਹਿਲਾਂ ਮਨੋਵਿਗਿਆਨਕ ਤੌਰ ’ਤੇ ਇਸ ਤੱਥ ਨੂੰ ਸਮਝਣਾ ਜਰੂਰੀ ਹੈ ਕਿ ਬੱਚਾ ਮਾਂ-ਬੋਲੀ ਵਿਚ ਛੇਤੀ ਗਿਆਨ ਪ੍ਰਾਪਤ ਕਰ ਸਕਦਾ ਹੈ। ਅਜੋਕੇ ਸਮੇਂ ਵਿੱਚ ਵਿਦੇਸ਼ਾਂ ਵਿਚ ਜਾਣ ਦੀ ਦੌੜ ਨੇ ਸਾਡੇ ਸਮਾਜ ਵਿੱਚ ਬੱਚਿਆਂ ਸਮੇਤ ਮਾਪਿਆਂ ਦੇ ਮਨਾਂ ਵਿੱਚ ਇੱਕ ਬਹੁਤ ਵੱਡਾ ਭਰਮ ਤੇ ਡਰ ਪੈਦਾ ਕਰ ਦਿੱਤਾ ਹੈ ਕਿ ਵਿਦੇਸ਼ੀ ਭਾਸ਼ਾਵਾਂ ਸਿੱਖੇ ਬਿਨਾਂ ਰੁਜ਼ਗਾਰ ਨਹੀਂ।

    ਆਪਾਂ ਇੱਥੇ ਤੁਹਾਡੇ ਨਾਲ ਕੁਝ ਦਿਲਚਸਪ ਤੱਥਾਂ ਦੀ ਸਾਂਝ ਬਣਾਉਂਦੇ ਹਾਂ ਜੋ ਇਸ ਭਰਮ ਤੇ ਇਸ ਡਰ ਨੂੰ ਦੂਰ ਕਰਨ ਲਈ ਕਾਫੀ ਸਹਾਈ ਹੋਣਗੇ। ਜਦ ਗੱਲ ਰੁਜ਼ਗਾਰ ਦੀ ਤੁਰਦੀ ਹੈ ਤਾਂ ਸਾਡੇ ਦੇਸ਼ ਵਿਚ ਵਿਗਿਆਨ ਦੇ ਵਿਸ਼ੇ ’ਤੇ ਸਭ ਤੋਂ ਪਹਿਲਾਂ ਚਰਚਾ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਇੱਥੇ ਅਸੀਂ ਵੱਖੋ-ਵੱਖ ਦੇਸ਼ਾਂ ਦੇ ਸੰਦਰਭ ਵਿੱਚ ਇਸ ਸਭ ਕੁਝ ਨੂੰ ਸਮਝਣਾ ਹੈ। ਜੇ ਪਹਿਲੀ ਗੱਲ ਵਿਗਿਆਨ ਦੇ ਵਿਸ਼ਿਆਂ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੀ ਕਰੀਏ ਤਾਂ ਇਨ੍ਹਾਂ ਵਿੱਚੋਂ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ; ਕੋਈ ਜਰਮਨ ਹੈ, ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ। ਇਨ੍ਹਾਂ ਦੇ ਜਿਹੜੇ ਖੋਜ-ਪੱਤਰਾਂ ਲਈ ਨੋਬਲ ਪੁਰਸਕਾਰ ਮਿਲੇ, ਉਹ ਇਨ੍ਹਾਂ ਦੀਆਂ ਆਪਣੀਆਂ ਬੋਲੀਆਂ ਵਿੱਚ ਹਨ। ਹੁਣ ਲੱਗਦੇ ਹੱਥ ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਦੀ ਹੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਜਿਸ ਖੋਜ-ਪੱਤਰ ਲਈ ਨੋਬਲ ਪੁਰਸਕਾਰ ਮਿਲਿਆ ਉਹ ਉਨ੍ਹਾਂ ਦੀ ਮਾਂ-ਬੋਲੀ ‘ਤਾਮਿਲ’ ਵਿੱਚ ਹੀ ਹੈ।

    ਮੌਜੂਦਾ ਸਮੇਂ ਭਾਰਤ ਦੇ ਉਪ-ਰਾਸ਼ਟਰਪਤੀ ਸ੍ਰੀ ਐੱਮ ਵੈਂਕੱਈਆ ਨਾਇਡੂ ਨੇ ਹੈਦਰਾਬਾਦ ਯੂਨੀਵਰਸਿਟੀ ਅਤੇ ਤੇਲਗੂ ਅਕੈਡਮੀ ਦੁਆਰਾ ਆਯੋਜਿਤ ਗਿਆਨ ਰਚਨਾ: ਮਾਂ ਬੋਲੀ ’ਤੇ ਆਨਲਾਈਨ ਵੈਬੀਨਾਰ ਦੌਰਾਨ ਇਸ ਗੱਲ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਲਗਭਗ 90 ਫ਼ੀਸਦੀ ਉਹ ਲੋਕ ਸਨ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ ਸੀ। ਦੂਜਾ ਤੱਥ ਇਲੈਕਟਰੀਕਲ ਇੰਜੀਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਵੋਲਟ, ਐਮਪੀਅਰ, ਵਾਟ ਅਤੇ ਓਹਮ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਬੁਨਿਆਦੀ ਇਕਾਈਆਂ ਦੇ ਇਹ ਨਾਂਅ ਵੱਖ-ਵੱਖ ਵਿਗਿਆਨੀਆਂ ਦੇ ਨਾਵਾਂ ’ਤੇ ਹੀ ਰੱਖੇ ਹੋਏ ਹਨ। ਧਿਆਨਯੋਗ ਗੱਲ ਇੱਥੇ ਇਹ ਹੈ ਕਿ ਇਨ੍ਹਾਂ ਵਿਗਿਆਨੀਆਂ ਵਿੱਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ।

    ਜੇਮਜ਼ ਵਾਟ ਤੋਂ ਬਿਨਾਂ ਕਿਸੇ ਦੀ ਮਾਂ-ਬੋਲੀ ਵੀ ਅੰਗਰੇਜ਼ੀ ਨਹੀਂ ਸੀ। ਐਲੇਸਾਂਦਰੋ ਵੋਲਟ ਇਟਾਲੀਅਨ ਸਨ, ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ, ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ। ਵਿਸ਼ਵ ਪੱਧਰੀ ਤੱਥਾਂ ’ਤੇ ਆਧਾਰਿਤ ਜਾਣੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ-ਵੱਖ ਖਿੱਤਿਆਂ ਅਤੇ ਬੋਲੀਆਂ ਵਿੱਚ ਨਾਲ-ਨਾਲ ਹੋਇਆ ਹੈ। ਇਸੇ ਤਰ੍ਹਾਂ, ਵਿਸ਼ਵੀਕਰਨ ਦੁਆਰਾ ਬਹੁਤ ਪ੍ਰਭਾਵਿਤ ਦੇਸ਼ਾਂ ਦੇ ਇੱਕ ਹੋਰ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂ-ਬੋਲੀ ਨੂੰ ਮਹੱਤਵ ਦੇਣ ਵਾਲੇ ਮੁਲਕ ਪਹਿਲੇ 50 ਮੁਲਕਾਂ ਵਿੱਚ ਸ਼ਾਮਲ ਹਨ। ਇੱਥੇ ਇਹ ਤੱਥ ਵੀ ਸਮਝਣਾ ਜ਼ਰੂਰੀ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਚੋਟੀ ਦੇ 40-50 ਦੇਸ਼ਾਂ ਵਿੱਚੋਂ 90 ਫ਼ੀਸਦੀ ਉਹ ਦੇਸ਼ ਹਨ ਜਿਨ੍ਹਾਂ ਵਿੱਚ ਸਿੱਖਿਆ ਮਾਂ-ਬੋਲੀ ਰਾਹੀਂ ਦਿੱਤੀ ਗਈ ਸੀ।

    ਅੱਜ ਦੀ ਇਸ ਵਿਚਾਰ-ਚਰਚਾ ਦੀ ਸਮਾਪਤੀ ’ਤੇ ਸਾਇੰਸ ਤੋਂ ਬਾਅਦ ਸਾਹਿਤ ਦੀ ਦੁਨੀਆਂ ਨਾਲ ਸਾਂਝ ਬਣਾਉਂਦੇ ਹੋਏ ਆਪਾਂ ਇੱਥੇ ਰਬਿੰਦਰ ਨਾਥ ਟੈਗੋਰ ਦੇ ਮਾਂ-ਬੋਲੀ ਸਬੰਧਿਤ ਵਿਚਾਰ ਨੂੰ ਸਮਝੀਏ ਤੇ ਮਹਿਸੂਸ ਕਰੀਏ। ਉਨ੍ਹਾਂ ਕਿਹਾ ਸੀ ਕਿ ਜੋ ਸਕੂਨ ਮੈਨੂੰ ਆਪਣੀ ਮਾਂ-ਬੋਲੀ ਵਿੱਚ ਲਿਖ ਕੇ ਮਿਲਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਲਿਖ ਕੇ ਨਹੀਂ ਮਿਲਦਾ। ਇਹ ਵਿਚਾਰ ਦੀ ਸਾਂਝ ਬਣਾਉਣ ਦਾ ਕਾਰਨ ਵੀ ਇੱਥੇ ਇਹੀ ਹੈ ਕਿ ਟੈਗੋਰ ਦੀ ਰਚਨਾ ‘ਗੀਤਾਂਜਲੀ’, ਜਿਸ ਨੂੰ ਨੋਬਲ ਪੁਰਸਕਾਰ ਮਿਲਿਆ ਹੈ, ਉਹ ਉਨ੍ਹਾਂ ਦੀ ਮਾਂ-ਬੋਲੀ ‘ਬੰਗਾਲੀ’ ਵਿੱਚ ਹੀ ਲਿਖੀ ਹੋਈ ਸੀ। (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here