ਮੂਸੇਵਾਲਾ ਕਤਲ ਕਾਂਡ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਲੈ ਕੇ ਆਵੇਗੀ ਰਿਮਾਂਡ ’ਤੇ

ssp

ਐਸਐਸਪੀ ਮਾਨਸਾ ਵੱਲੋਂ ਅਸਲ ਦੋਸ਼ੀਆਂ ਤੱਕ ਛੇਤੀ ਪੁੱਜਣ ਦਾ ਦਾਅਵਾ

(ਸੁਖਜੀਤ ਮਾਨ) ਮਾਨਸਾ। 29 ਮਈ ਨੂੰ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਅਸਲ ਦੋਸ਼ੀਆਂ ਤੱਕ ਛੇਤੀ ਪੁੱਜਣ ਦਾ ਦਾਅਵਾ ਅੱਜ ਇੱਥੇ ਐਸਐਸਪੀ ਮਾਨਸਾ ਗੌਰਵ ਤੂਰਾ ਵੱਲੋਂ ਕੀਤਾ ਗਿਆ ਹੈ। ਪੁਲਿਸ ਗੈਂਗਸਟਰ ਲਾਰੈਂਸ ਬਿਸਨੋਈ ਨੂੰ ਵੀ ਰਿਮਾਂਡ ’ਤੇ ਲੈ ਕੇ ਆਵੇਗੀ, ਤਾਂ ਜੋ ਉਸ ਤੋਂ ਇਸ ਕਤਲ ਬਾਰੇ ਪੁੱਛਗਿੱਛ ਕੀਤੀ ਜਾ ਸਕੇ। ਬਿਸ਼ਨੋਈ ਇਸ ਵੇਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਰਿਮਾਂਡ ’ਤੇ ਹੈ, ਉੱਥੋਂ ਰਿਮਾਂਡ ਖਤਮ ਹੋਣ ’ਤੇ ਹੀ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ। ਬਿਸ਼ਨੋਈ ਦੇ ਗਰੁੱਪ ਨੇ ਹੀ ਮੂਸੇਵਾਲਾ ਦੇ ਕਤਲ ਦੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਸੀ।

ਐਸਐਸਪੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਕਾਰਵਾਈ ਲਈ ਜੋ-ਜੋ ਵੀ ਲੋੜੀਂਦੇ ਹਨ, ਉਨਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੁਲਿਸ ਰਿਮਾਂਡ ’ਤੇ ਲੈ ਕੇ ਆਵੇਗੀ। ਉਨਾਂ ਕਿਹਾ ਕਿ ਹਾਲ ਦੀ ਘੜੀ ਬਿਸ਼ਨੋਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਰਿਮਾਂਡ ’ਤੇ ਹੈ ਤੇ ਕਾਨੂੰਨ ਅਨੁਸਾਰ ਉਸ ਨੂੰ ਵੀ ਇਸ ਤਫਤੀਸ਼ ’ਚ ਸ਼ਾਮਿਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਕਤਲ ਮਾਮਲੇ ’ਚ ਹੁਣ ਤੱਕ ਇੱਕ ਜਣੇ ਨੂੰ ਨਾਮਜ਼ਦ ਕਰਕੇ ਗਿ੍ਰਫ਼ਤਾਰ ਕੀਤਾ ਗਿਆ ਹੈ ਜਦੋਂਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਦੋ ਜਣਿਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ, ਜਿੰਨਾਂ ਦਾ ਛੇ ਦਿਨ ਦਾ ਪੁਲਿਸ ਕੋਲ ਰਿਮਾਂਡ ਹੈ।

ਜਿਸ ਦਿਨ ਕਤਲ ਦੀ ਘਟਨਾ ਵਾਪਰੀ ਹੈ ਉਸ ਦਿਨ ਕੋਈ ਵਿਅਕਤੀ ਮੂਸੇ ਵਾਲਾ ਕੋਲ ਫੋਟੋ ਕਰਵਾਉਣ ਆਇਆ ਸੀ

ਉਨਾਂ ਭਰੋਸਾ ਪ੍ਰਗਟਾਇਆ ਕਿ ਰਿਮਾਂਡ ’ਤੇ ਲਏ ਗਏ ਵਿਅਕਤੀਆਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਆਧਾਰ ’ਤੇ ਮਾਮਲੇ ਦੇ ਦੋਸ਼ੀਆਂ ਤੱਕ ਛੇਤੀ ਹੀ ਪੁੱਜ ਜਾਣਗੇ ਹਮਲਾਵਰਾਂ ਕੋਲ ਹਥਿਆਰ ਕਿੱਥੋਂ ਆਏ ਸੀ ਇਸ ਬਾਰੇ ਪੁੱਛੇ ਜਾਣ ’ਤੇ ਐਸਐਸਪੀ ਨੇ ਕਿਹਾ ਕਿ ਅਸਲ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਹੀ ਇਹ ਪਤਾ ਲੱਗੇਗਾ। ਚਰਚਾ ਚੱਲ ਰਹੀ ਹੈ ਕਿ ਜਿਸ ਦਿਨ ਕਤਲ ਦੀ ਘਟਨਾ ਵਾਪਰੀ ਹੈ ਉਸ ਦਿਨ ਕੋਈ ਵਿਅਕਤੀ ਮੂਸੇ ਵਾਲਾ ਕੋਲ ਫੋਟੋ ਕਰਵਾਉਣ ਆਇਆ ਸੀ ਜਿਸਨੇ ਹੀ ਘਰੋਂ ਬਾਹਰ ਆ ਕੇ ਮੂਸੇਵਾਲਾ ਦੇ ਜਾਣ ਬਾਰੇ ਫੋਨ ਰਾਹੀਂ ਕਿਸੇ ਨੂੰ ਜਾਣਕਾਰੀ ਦਿੱਤੀ ਸੀ ਤਾਂ ਇਸ ਬਾਰੇ ਐਸਐਸਪੀ ਨੇ ਕਿਹਾ ਕਿ ਇਸ ਹਮਲੇ ’ਚ ਜੋ ਸਿੱਧੂ ਮੂਸੇਵਾਲਾ ਦੇ ਸਾਥੀ ਜ਼ਖਮੀ ਹਾਲਤ ’ਚ ਇਲਾਜ਼ ਅਧੀਨ ਹਨ, ਉਨਾਂ ਦੇ ਬਿਆਨ ਦਰਜ਼ ਕੀਤੇ ਜਾਣਗੇ।

ਐਸਐਸਪੀ ਨੇ ਦੱਸਿਆ ਕਿ ਇਸ ਕਤਲ ਕਾਂਡ ਦੀ ਜਾਂਚ ਲਈ ਜੋ ਸੈਪਸ਼ਲ ਜਾਂਚ ਟੀਮ (ਸਿਟ) ਬਣਾਈ ਗਈ ਹੈ, ਉਹ ਪਿੰਡ ਜਵਾਹਰਕੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਵੇਗੀ। ਉਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਿਹੜੇ ਰੂਟ ਤੋਂ ਆਏ, ਕਿੱਥੇ-ਕਿੱਥੇ ਗੱਡੀਆਂ ਰੋਕੀਆਂ ਇਸ ਸਭ ਨੂੰ ਟ੍ਰੇਸ ਕਰ ਲਿਆ ਹੈ, ਇਸ ਤੋਂ ਇਲਾਵਾ ਕਈ ਹੋਰ ਅਹਿਮ ਸੁਰਾਗ ਵੀ ਮਿਲੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ