ਬਿਜਲੀ ਦੀ ਮੰਗ 13700 ਮੈਗਾਵਾਟ ਤੱਕ ਪੁੱਜੀ, ਮੀਂਹ ਤੋਂ ਬਿਨਾਂ ਝੋਨੇ ਲਈ ਔੜ ਵਰਗੀ ਸਥਿਤੀ ਬਣੀ
ਖੁਸ਼ਵੀਰ ਸਿੰਘ ਤੂਰ
ਪਟਿਆਲਾ, 1 ਜੁਲਾਈ।
ਪੰਜਾਬ ਅੰਦਰ ਮੌਨਸੂਨ ਦੀ ਦੇਰੀ ਨੇ ਜਿੱਥੇ ਕਿਸਾਨਾਂ ਨੂੰ ਮੁਸ਼ਕਿਲ ਵਿੱਚ ਪਾਇਆ ਹੋਇਆ ਹੈ, ਉੱਥੇ ਹੀ ਪੈ ਰਹੀ ਅੰਤਾਂ ਦੀ ਗਰਮੀ ਨੇ ਬਿਜਲੀ ਦੀ ਮੰਗ ਦੇ ਵੀ ਵੱਟ ਕੱਢ ਦਿੱਤੇ ਹਨ। ਅੱਜ ਦੁਪਹਿਰ ਵੇਲੇ ਬਿਜਲੀ ਦੀ ਮੰਗ 13700 ਮੈਗਾਵਾਟ ਤੋਂ ਵੱਧ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਸਾਰੇ ਯੂਨਿਟਾਂ ਨੂੰ ਭਖਾਇਆ ਹੋਇਆ ਹੈ।
ਜਾਣਕਾਰੀ ਅਨੁਸਾਰ ਮੌਨਸੂਨ ਦੀ ਦੇਰੀ ਝੋਨੇ ਦੇ ਸ਼ੀਜਨ ਵਿੱਚ ਮੁਸ਼ਕਿਲ ਪੈਦਾ ਕਰ ਰਹੀ ਹੈ, ਕਿਉਂਕਿ ਕਈ ਜ਼ਿਲ੍ਹਿਆਂ ਵਿੱਚ ਔੜ ਵਰਗੀ ਸਥਿਤੀ ਬਣੀ ਹੋਈ ਹੈ। ਪੰਜਾਬ ਅੰਦਰ ਭਾਵੇਂ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਸੀ ਪਰ ਅਜੇ ਤੱਕ ਕਿਸਾਨ ਝੋਨਾ ਲਾਉਣ ਵਿੱਚ ਹੀ ਫਸੇ ਹੋਏ ਹਨ। ਪਹਿਲਾਂ ਕਿਸਾਨਾਂ ਨੂੰ ਲੇਬਰ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਉਪਰੋਂ ਮੀਂਹ ਦੀ ਲੇਟ ਲਤੀਫੀ ਨੇ ਕਿਸਾਨਾਂ ਨੂੰ ਮੋਟਰਾਂ ਦੇ ਪਾਣੀ ‘ਤੇ ਹੀ ਨਿਰਭਰ ਕਰ ਦਿੱਤਾ ਜਿਸ ਕਾਰਨ ਕਿਸਾਨਾਂ ਨੂੰ ਝੋਨੇ ਲਈ ਆਪਣੇ ਵਾਹਨ ਤਿਆਰ ਕਰਨ ਵਿੱਚ ਮੁਸ਼ਕਿਲ ਆਉਣ ਲੱਗੀ। ਅੱਜ ਦੀ ਦੁਪਹਿਰ ਵੇਲੇ ਬਿਜਲੀ ਦੀ ਮੰਗ 13700 ਮੈਗਾਵਾਟ ਤੋਂ ਵੱਧ ਗਈ ਹੈ, ਜੋ ਕਿ ਹੁਣ ਤੱਕ ਦੀ ਵਧੇਰੇ ਮੰਗ ਹੈ। ਪਿਛਲੇ ਸਾਲ ਇਸੇ ਦਿਨ ਬਿਜਲੀ ਦੀ ਮੰਗ ਕਾਫ਼ੀ ਘੱਟ ਸੀ, ਕਿਉਂÎਕਿ ਮੀਂਹ ਪੈਣ ਕਰਕੇ ਸਭ ਕੁਝ ਠੀਕ ਸੀ।
ਪਾਵਰਕੌਮ ਵੱਲੋਂ ਆਪਣੇ ਸਰਕਾਰੀ ਰੋਪੜ ਥਰਮਲ ਦੇ ਚਾਰੇ ਯੂਨਿਟ ਚੱਲ ਰਹੇ ਹਨ ਜਦਕਿ ਲਹਿਰਾ ਮੁਹੱਬਤ ਦੇ ਵੀ 4 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਤਿੰਨੇ ਪ੍ਰਾਈਵੇਟ ਸੈਕਟਰ ਵਾਲੇ ਥਰਮਲ ਪਲਾਂਟ ਵੀ ਬਿਜਲੀ ਸਪਲਾਈ ਕਰ ਰਹੇ ਹਨ। ਥਰਮਲਾਂ ਤੋਂ ਲਗਭਗ 3662 ਮੈਗਾਵਾਟ ਬਿਜਲੀ ਪਾਵਰਕੌਮ ਵੱਲੋਂ ਹਾਸਲ ਕੀਤੀ ਜਾ ਰਹੀ ਹੈ ਜਦਕਿ ਸੋਲਰ ਪਾਵਰ ਦਿਨ ਸਮੇਂ 450 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਹੋਰ ਸ੍ਰੋਤਾਂ ਤੋਂ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਐਤਵਾਰ ਨੂੰ ਪੰਜਾਬ ਨੇ 2859 ਲੱਖ ਯੂਨਿਟਾਂ ਦੀ ਸਪਲਾਈ ਕੀਤੀ, ਜਿਸ ਵਿੱਚ 1183 ਲੱਖ ਯੂਨਿਟ ਥਰਮਲ ਇਕਾਈਆਂ ਅਤੇ 215 ਲੱਖ ਯੂਨਿਟ ਹਾਈਡਰੋ ਸਟੇਸ਼ਨਾਂ ਤੋਂ ਹਨ। ਇੱਧਰ ਰੋਪੜ ਥਰਮਲ ਅਤੇ ਲਹਿਰਾ ਮੁਹੱਬਤ ਥਰਮਲ ਕੋਲ ਸਟਾਕ 38 ਦਿਨ ਅਤੇ 27 ਦਿਨ ਤੱਕ ਦਾ ਹੈ। .
ਕਿਸਾਨਾਂ ਨੇ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਝੋਨੇ ਲਈ ਅਜੇ ਪਾਣੀ ਪੂਰਾ ਨਹੀਂ ਹੋ ਰਿਹਾ ਅਤੇ ਕਈ ਥਾਂਈ ਜੀਰੀ ਪਾਣੀ ਤੋਂ ਬਿਨਾਂ ਸੁੱਕ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।