ਪਸ਼ੂ ਪਾਲਣ ਸ਼ਾਮਲ ਕਰਕੇ ਵਿਸ਼ੇਸ਼ ਮਾਡਲ ਤਿਆਰ ਕਰਨ ਦੀ ਲੋੜ : ਗਿਰੀਰਾਜ ਸਿੰਘ

 Model, Involving ,Animal Husbandry, Needed, Giriraj Singh

ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਮਿਲਣ ਨਾਲ ਭਵਿੱਖ ‘ਚ ਮੱਕੀ ਦੀ ਭਾਰੀ ਮੰਗ ਵਧੇਗੀ : ਗਿਰੀਰਾਜ

ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਕੱਲ੍ਹ ਸ਼ਾਮ ਕੇਂਦਰੀ ਪਸ਼ੂ ਪਾਲਣ, ਡੇਅਰੀ ਕੈਬਿਨੇਟ ਮੰਤਰੀ ਗਿਰੀਰਾਜ ਸਿੰਘ ਨੇ ਪੀਏਯੂ ਦੇ ਵਾਈਸ ਚਾਂਸਲਰ ਤੇ ਮਾਹਿਰ ਵਿਗਿਆਨੀਆਂ ਨਾਲ ਵਿਸ਼ੇਸ਼ ਵਿਚਾਰ ਚਰਚਾ ਕੀਤੀ ਕਿਸਾਨਾਂ ਨੂੰ ਵਧੇਰੇ ਖੁਸ਼ਹਾਲ ਬਣਾਉਣ ਲਈ ਯੋਜਨਾਵਾਂ ‘ਤੇ ਲਗਾਤਰ ਕੰਮ ਕਰਨ ਵਾਲੇ ਗਿਰੀਰਾਜ ਸਿੰਘ ਨੇ ਪੀਏਯੂ ਵਿੱਚ ਚੱਲ ਰਹੇ ਖੋਜ ਕਾਰਜਾਂ ਦੇ ਵਿਕਾਸ ਨੂੰ ਜਾਣਿਆ ਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੀ ਦਿਸ਼ਾ ਵਿਚ ਵਿਸ਼ੇਸ਼ ਸੁਝਾਅ ਵੀ ਦਿੱਤੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਖੇਤਾਂ ਵਿੱਚ ਪਸ਼ੂ ਪਾਲਣ, ਬਾਗਬਾਨੀ ਨੂੰ ਲਾਜ਼ਮੀ ਰੂਪ ਵਿੱਚ ਸ਼ਾਮਲ ਕਰਕੇ ਇੱਕ ਵਿਸ਼ੇਸ਼ ਮਾਡਲ ਤਿਆਰ ਕਰਨ ਦੀ ਲੋੜ ਹੈ ਤੇ ਇਹ ਕੰਮ ਪੀਏਯੂ ਹੀ ਕਰ ਸਕਦੀ ਹੈ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ, ਪਾਣੀ ਲਈ ਜਨ ਚੇਤਨਾ ਲਹਿਰ, ਪਰਾਲ਼ੀ ਹੋਰ ਛੇਤੀ ਗਾਲਣ ਲਈ ਨਵੇਂ ਇੰਜ਼ਾਇਮ ਦੀ ਲੋੜ ਤੇ ਫਸਲਾਂ ਦੇ ਬਦਲਵੇਂ ਚੱਕਰ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਕੈਬਿਨੇਟ ਮੰਤਰੀ ਨੇ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ, ਵੱਡੀ ਪੱਧਰ ‘ਤੇ ਪ੍ਰਵਾਨੀਆਂ ਜਾ ਰਹੀਆਂ ਬਾਇਓ ਖਾਦਾਂ ਤੇ ਪ੍ਰੋਸੈਸਿੰਗ ਸਿਖਲਾਈਆਂ ਦੀ ਵਿਸ਼ੇਸ਼ ਰੂਪ ‘ਚ ਤਰੀਫ ਕੀਤੀ।

ਪੀਏਯੂ ਦੀਆਂ ਖੋਜ ਪ੍ਰਾਪਤੀਆਂ, ਵਿਕਾਸ ਕਾਰਜਾਂ ਤੇ ਇਨ੍ਹਾਂ ਦੇ ਪਸਾਰ ਬਾਰੇ ਖੋਜ ਨਿਰਦੇਸ਼ਕ, ਡਾ. ਨਵਤੇਜ ਬੈਂਸ ਨੇ ਪੇਸ਼ਕਾਰੀ ਦਿੱਤੀ ਡਾ. ਬੈਂਸ ਨੇ ਪੰਜਾਬ ਦੀ ਖੇਤੀ ਨੂੰ ਦਰਪੇਸ਼ ਵੰਗਾਰਾਂ ਜਿਵੇਂ ਪਾਣੀ ਦਾ ਡਿੱਗਦਾ ਪੱਧਰ, ਅਨਾਜ ਦੇ ਰੂਪ ‘ਚ ਬਾਹਰ ਜਾ ਰਹੇ ਮਿੱਟੀ ਦੇ ਪੌਸ਼ਟਿਕ ਤੱਤ, ਕਣਕ-ਝੋਨੇ ਦਾ ਫਸਲੀ ਚੱਕਰ ਤੇ ਵਾਤਾਵਰਨ ਵਿੱਚ ਵਾਪਰ ਰਹੀ ਖਲਬਲੀ ਤੋਂ ਜਾਣੂ ਕਰਾਉਂਦਿਆਂ ਪੀਏਯੂ ਦੀਆਂ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ, ਪਰਾਲ਼ੀ ਸੰਭਾਲਣ ਲਈ ਵਿਕਸਿਤ ਮਸ਼ੀਨਰੀ ਦੀ ਸਫਲਤਾ ਤੇ ਭਵਿੱਖ ‘ਚ ਹੋਣ ਵਾਲੇ ਮੱਕੀ ਸਬੰਧੀ ਕੰਮਾਂ ਬਾਰੇ ਚਾਨਣਾ ਪਾਇਆ।

ਸਰਕਾਰ ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਦੇਣ ਦੀ ਦਿਸ਼ਾ ਵਿੱਚ ਯਤਨਸ਼ੀਲ

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜਿੱਥੇ ਉਨ੍ਹਾਂ ਦੀ ਆਮਦ ‘ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਉਥੇ ਉਨ੍ਹਾਂ ਕਿਸਾਨਾਂ ਦੀ ਭਲਾਈ ਯੋਜਨਾਵਾਂ ਵਿਚ ਲਗਾਤਾਰ ਜੁਟੇ ਮੰਤਰੀ ਦੀ ਤੀਜੀ ਫੇਰੀ ‘ਤੇ ਖੁਸ਼ੀ ਵੀ ਪ੍ਰਗਟ ਕੀਤੀ ਸ਼੍ਰੀ ਗਿਰੀਰਾਜ ਨੇ ਕਿਹਾ ਕਿ ਸਰਕਾਰ ਮੱਕੀ ਤੋਂ ਏਥਨੋਲ ਬਣਾਉਣ ਦੀ ਪ੍ਰਵਾਨਗੀ ਦੇਣ ਦੀ ਦਿਸ਼ਾ ਵਿੱਚ ਯਤਨਸ਼ੀਲ ਹੈ, ਜਿਸ ਨਾਲ ਭਵਿੱਖ ‘ਚ ਮੱਕੀ ਦੀ ਭਾਰੀ ਮੰਗ ਵਧੇਗੀ ਜੋ ਸਾਡੇ ਕਿਸਾਨ ਤੇ ਫਸਲੀ ਚੱਕਰ ਲਈ ਬਹੁਤ ਲਾਭਕਾਰੀ ਹੋਵੇਗੀ ਦੋ ਘੰਟੇ ਲੰਮੀ ਚੱਲੀ ਇਸ ਵਿਚਾਰ ਚਰਚਾ ‘ਚ ਪੀਏਯੂ ਦੇ ਅਧਿਕਾਰੀ ਡਾ. ਰਜਿੰਦਰ ਸਿੰਘ ਸਿੱਧੂ, ਡਾ. ਜਸਕਰਨ ਸਿੰਘ ਮਾਹਲ, ਡੀਨ ਤੇ ਮੁਖੀ ਸਾਹਿਬਾਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮਾਹਿਰ ਵਿਗਿਆਨੀ ਵੀ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here