ਲੋਕਾਂ ਨੇ ਕੁਟਾਪਾ ਚਾੜ ਕੀਤਾ ਪੁਲਿਸ ਹਵਾਲੇ
(ਤਰੁਣ ਕੁਮਾਰ ਸ਼ਰਮਾ) ਨਾਭਾ। ਦੋ ਮੋਬਾਇਲ ਚੋਰਾਂ ਨੂੰ ਚੋਰੀ ਕੀਤੇ ਮੋਬਾਇਲ ਦਾ ਲਾੱਕ ਖੁਲਵਾਉਣਾ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਪਾਰਕ ਬਾਗ ਲਾਗਿਉ ਕੁੱਝ ਨੌਜਵਾਨਾਂ ਨੇ ਇੱਕ ਨੌਜਵਾਨ ਤੋਂ ਉਸ ਦਾ ਮੋਬਾਇਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਮੋਬਾਇਲ ਮਾਲਕ ਨੌਜਵਾਨ ਨੇ ਨਾਭਾ ਦੀਆਂ ਮੋਬਾਇਲ ਦੁਕਾਨਾਂ ’ਤੇ ਆਪਣੇ ਮੋਬਾਇਲ ਖੋਹੇ ਜਾਣ ਸੰਬੰਧੀ ਸੁਚੇਤ ਕਰ ਦਿੱਤਾ ਗਿਆ।
ਸਥਾਨਕ ਆਰੀਆ ਸਮਾਜ ਚੌਕ ਵਿਖੇ ਨਜ਼ਾਰਾ ਉਸ ਸਮੇਂ ਬਦਲ ਗਿਆ ਜਦੋਂ ਮੋਬਾਇਲ ਚੋਰਾਂ ਨੇ ਇੱਕ ਮੋਬਾਇਲ ਰਿਪੇਅਰ ਦੁਕਾਨ ’ਤੇ ਜਾ ਕੇ ਲਾੱਕ ਖੋਲ੍ਹਣ ਲਈ ਸੰਪਰਕ ਕੀਤਾ। ਮੋਬਾਇਲ ਦੁਕਾਨਦਾਰ ਵੱਲੋਂ ਅਸਲ ਮਾਲਕ ਨੂੰ ਤੁਰੰਤ ਇਸ ਦੀ ਸੂਚਨਾ ਦੇ ਦਿੱਤੀ ਗਈ ਤਾਂ ਇਸ ਮੌਕੇ ਇਕੱਤਰ ਲੋਕਾਂ ਨੇ ਦੋਵਾਂ ਚੋਰਾਂ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ ਅਤੇ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਹਵਾਲੇ ਕਰ ਦਿੱਤਾ ਗਿਆ। ਮੌਕੇ ’ਤੇ ਪੀੜਤ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨ ਚਾਰ-ਪੰਜ ਨੌਜਵਾਨਾਂ ਨੇ ਤਿੱਖੇ ਹਥਿਆਰ ਦਿਖਾ ਕੇ ਮੇਰੇ ਤੋਂ ਮੇਰਾ ਮੋਬਾਇਲ ਖੋਹ ਲਿਆ ਜੋ ਕਿ 20 ਹਜ਼ਾਰ ਦੀ ਕੀਮਤ ਦਾ ਸੀ।
ਉਸ ਨੇ ਅੱਜ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸੁਚੇਤ ਕੀਤਾ ਸੀ ਕਿ ਮੋਬਾਇਲ ਦਾ ਲਾੱਕ ਲੱਗਿਆ ਹੋਇਆ ਹੈ, ਜਿਸ ਕਾਰਨ ਸੰਭਾਵਿਤ ਹੈ ਕਿ ਚੋਰ ਜਲਦ ਹੀ ਕਿਸੇ ਮੋਬਾਇਲ ਰਿਪੇਅਰ ਦੁਕਾਨ ’ਤੇ ਜਾਣਗੇ ਅਤੇ ਹੋਇਆ ਵੀ ਅਜਿਹਾ ਹੀ। ਉਸ ਨੇ ਦੱਸਿਆ ਕਿ ਸੰਬੰਧਿਤ ਦੁਕਾਨਦਾਰ ਨੇ ਚੋਰਾਂ ਦੇ ਪੁੱਜਣ ’ਤੇ ਤੁਰੰਤ ਉਸ ਨੂੰ ਜਾਣਕਾਰੀ ਦੇ ਦਿੱਤੀ ਅਤੇ ਇਹ ਮੋਬਾਇਲ ਚੋਰ ਕਾਬੂ ਆ ਗਏ। ਪੀੜਤ ਨੌਜਵਾਨ ਨੇ ਚੋਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਤਾਂ ਦੋ ਫੜੇ ਗਏ ਹਨ ਜਦੋਂਕਿ ਇਹ ਲਗਭਗ ਚਾਰ-ਪੰਜ ਦੀ ਗਿਣਤੀ ’ਚ ਹਨ ਜੋ ਤਿੱਖੇ ਹਥਿਆਰਾਂ ਦੇ ਸਹਾਰੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ