ਅਦਾਲਤ ਵੱਲੋਂ ਝੂਠੇ ਕੇਸ ‘ਚ ਫਸਾਏ ਨੌਜਵਾਨ ਬਰੀ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਮੋਬਾਇਲ ਲੋਕੇਸ਼ਨਾਂ ਦੇ ਅਧਾਰ ‘ਤੇ ਬਠਿੰਡਾ ਅਦਾਲਤ ਵੱਲੋਂ ਸੁਣਾਏ ਇੱਕ ਫੈਸਲੇ ਨੇ ਬਠਿੰਡਾ ਪੁਲਿਸ ਦੀ ਨਸ਼ਿਆਂ ਖਿਲਾਫ ਜੰਗ ਦੀ ਪੋਲ ਖੋਲ੍ਹ ਦਿੱਤੀ ਹੈ। ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੋ ਨੌਜਵਾਨਾਂ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਖਿਲਾਫ ਪੁਲਿਸ ਵੱਲੋਂ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਆਪਣੀ ਕਿਸਮ ਦਾ ਇਹ ਪਹਿਲਾ ਨਿਵੇਕਲਾ ਕੇਸ ਹੈ, ਜਿਸ ‘ਚ ਬਚਾਅ ਪੱਖ ਨੇ ਮੋਬਾਇਲ ਲੋਕੇਸ਼ਨਾਂ ਨੂੰ ਅਧਾਰ ਬਣਾਇਆ ਹੈ। (Bathinda News)
ਉਂਜ ਇਸ ਤਕਨੀਕ ਨੂੰ ਪੁਲਿਸ ਅਕਸਰ ਅਪਰਾਧੀਆਂ ਨੂੰ ਕਾਬੂ ਕਰਨ ਲਈ ਅਹਿਮ ਹਥਿਆਰ ਵਜੋਂ ਵਰਤਦੀ ਹੈ। ਐਫਆਈਆਰ ਦੀ ਕਹਾਣੀ ਅਨੁਸਾਰ ਥਾਣਾ ਥਰਮਲ ‘ਚ ਏਐੱਸਆਈ ਜਗਜੀਤ ਸਿੰਘ ਨੇ 24 ਦਸੰਬਰ 2015 ਨੂੰ ਖੁਸ਼ਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਬਹਿਮਣ ਦਿਵਾਨਾ ਅਤੇ ਮਨੀਸ਼ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਨੂੰ 20 ਸ਼ੀਸ਼ੀਆਂ ਰੈਸਕੌਫ, 150 ਗੋਲੀਆਂ ਕੈਰੀਸੋਮਾ ਤੇ ਆਲਟੋ ਕਾਰ ਨੰਬਰ ਪੀਬੀ 30 ਐਫ 6336 ਸਮੇਤ ਗ੍ਰਿਫਤਾਰ ਕਰਕੇ 22,61,85 ਐਨਡੀਪੀਐਸ ਐਕਟ ਤਹਿਤ 69 ਨੰਬਰ ਮੁਕੱਦਮਾ ਦਰਜ ਕੀਤਾ ਸੀ। (Bathinda News)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਰ ਦਿੱਤੀ ਫਿਰ ਕਾਰਵਾਈ, ਇਹ ਆ ਗਏ ਅੜਿੱਕੇ
ਨਾਕਾ ਪਾਰਟੀ ‘ਚ ਏਐੱਸਆਈ ਜਗਜੀਤ ਸਿੰਘ, ਕਾਂਸਟੇਬਲ ਰੇਸ਼ਮ ਸਿੰਘ, ਸਿਪਾਹੀ ਕੁਲਦੀਪ ਸਿੰਘ ਤੇ ਰਾਜਵਿੰਦਰ ਸਿੰਘ ਸ਼ਾਮਲ ਸਨ। ਮੁਲਜ਼ਮਾਂ ਦੇ ਵਕੀਲ ਐਡਵੋਕੇਟ ਵਿਕਾਸ ਕੁਮਾਰ ਨੇ ਦੱਸਿਆ ਕਿ ਖੁਸ਼ਵਿੰਦਰ ਤੇ ਮਨੀਸ਼ ਉਸ ਦਿਨ ਪੈਨਨਸੁੱਲਾ ਮਾਲ ‘ਚ ਮੁਲਾਜਮ ਵਜੋਂ ਡਿਊਟੀ ‘ਤੇ ਸਨ।ਰਾਤ ਨੂੰ ਕਰੀਬ ਦੋ ਵਜੇ ਏਐੱਸਆਈ ਜਗਜੀਤ ਸਿੰਘ ਦੋਵਾਂ ਨੂੰ ਕਥਿਤ ਤੌਰ ‘ਤੇ ਚੁੱਕ ਕੇ ਥਾਣੇ ਲੈ ਆਇਆ ਤੇ ਨਸ਼ਾ ਤਸਕਰੀ ਦਾ ਝੂਠਾ ਪੁਲਿਸ ਕੇਸ ਦਰਜ ਕਰ ਦਿੱਤਾ।
ਮੁਲਜ਼ਮਾਂ ਦੀ ਗ੍ਰਿਫਤਾਰੀ ਟਰਾਂਸਪੋਰਟ ਨਗਰ ਕੋਲ ਲਾਏ ਨਾਕੇ ‘ਤੇ ਕਰੀਬ 10.30 ਵਜੇ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੇ ਮੋਬਾਇਲਾਂ ਦੀ ਲੋਕੇਸ਼ਨ ਕਢਵਾਈ ਤਾਂ ਉਸ ਨੂੰ ਦੇਖ ਕੇ ਉਹ ਖੁਦ ਵੀ ਦੰਗ ਰਹਿ ਗਏ। ਲੋਕੇਸ਼ਨ ਮੁਤਾਬਕ ਗ੍ਰਿਫਤਾਰੀ ਦੇ ਸਮੇਂ ਏਐੱਸਆਈ ਤੇ ਹੈੱਡ ਕਾਂਸਟੇਬਲ ਥਾਣੇ ‘ਚ ਸਨ ਜਦੋਂਕਿ ਇੱਕ ਸਿਪਾਹੀ ਆਪਣੇ ਘਰ ਤੇ ਦੂਸਰੇ ਦੀ ਲੋਕੇਸ਼ਨ ਗੋਨਿਆਣਾ ਦੀ ਹੈ। ਘਟਨਾ ਮੌਕੇ ਰਾਤ ਨੂੰ ਦੋ ਵਜੇ ਏਐੱਸਆਈ ਦੇ ਮੋਬਾਇਲ ਦੀ ਲੋਕੇਸ਼ਨ ਪੈਨਨਸੁੱਲਾ ਮਾਲ ਦੀ ਹੈ, ਜਿੱਥੇ ਮਾਲ ਦੇ ਮੈਨੇਜਰ ਨੇ ਉਸ ਨਾਲ ਗੱਲ ਵੀ ਕੀਤੀ ਸੀ। ਹੈੱਡ ਕਾਂਸਟੇਬਲ ਦੀ ਲੋਕੇਸ਼ਨ ਸਵੇਰੇ ਸੌ ਫੁੱਟੀ ਰੋਡ ਦੀ ਤੇ ਸਵੇਰੇ 8 ਵਜੇ ਤੋਂ 1.33 ਵਜੇ ਤੱਕ ਥਾਣੇ ਦੀ ਹੈ ਜਦੋਂਕਿ ਏਐੱਸਆਈ ਜਗਜੀਤ ਸਿੰਘ ਸਵੇਰੇ 10.30 ਵਜੇ ਤੋਂ 5.43 ਵਜੇ ਤੱਕ ਥਾਣੇ ‘ਚ ਸੀ ਪਰ ਰੋਸਟਰ ਮੁਤਾਬਕ ਉਸ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ। ਇਵੇਂ ਹੀ ਰੇਸ਼ਮ ਸਿੰਘ ਕਿਸੇ ਹੋਰ ਏਐੱਸਆਈ ਨਾਲ ਤਾਇਨਾਤ ਕੀਤਾ ਹੋਇਆ ਸੀ। (Bathinda News)
ਉਨ੍ਹਾਂ ਦੱਸਿਆ ਕਿ ਮੋਬਾਇਲ ਲੋਕੇਸ਼ਨਾਂ ਦੇ ਅਧਾਰ ‘ਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਪਰ ਇਨ੍ਹਾਂ ਤੱਥਾਂ ਨੂੰ ਪ੍ਰਵਾਨ ਕਰਦਿਆਂ ਹਾਈਕੋਰਟ ਨੇ ਜਮਾਨਤ ਦੇ ਦਿੱਤੀ। ਐਡਵੋਕੇਟ ਵਿਕਾਸ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਵੱਲੋਂ ਪੇਸ਼ ਤੱਥਾਂ, ਮੋਬਾਇਲ ਕੰਪਨੀਆਂ ਦੇ ਨੁਮਾਇੰਦਿਆਂ ਦੀਆਂ ਗਵਾਹੀਆਂ ਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਲਲਿਤ ਸਿੰਗਲਾ ਦੀ ਅਦਾਲਤ ਨੇ 10 ਅਗਸਤ ਨੂੰ ਦੋਵਾਂ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਆਖਿਆ ਕਿ ਅਦਾਲਤ ‘ਚ ਪੋਲ ਖੁੱਲ੍ਹਣ ਦੇ ਡਰੋਂ ਚਲਾਨ ‘ਚ ਪੁਲਿਸ ਪਾਰਟੀ ਵਿੱਚ ਏਐੱਸਆਈ ਤੇ ਹੈੱਡ ਕਾਂਸਟੇਬਲ ਦਿਖਾਏ ਗਏ ਤੇ ਦੋਵੇਂ ਸਿਪਾਹੀਆਂ ਨੂੰ ਸ਼ਾਮਲ ਹੀ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਤੱਥ ਮਾਣਯੋਗ ਅਦਾਲਤ ਨੇ ਆਪਣੇ ਫੈਸਲੇ ‘ਚ ਟਿੱਪਣੀ ਵਜੋਂ ਦਰਜ ਕੀਤੇ ਹਨ, ਜਿਸ ਨੇ ਪੁਲਿਸ ਦੀ ਕਾਰਗੁਜਾਰੀ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਅਜਿਹੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਪੁਲਿਸ ਦੀ ਨੰਬਰ ਬਣਾਉਣ ਦੀ ਖੇਡ ਤੇ ਧੱਕੇਸ਼ਾਹੀ ਨੂੰ ਬੇਪਰਦ ਕੀਤਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।
ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ: ਐਸ.ਐਸ.ਪੀ
ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜੇ ਅਦਾਲਤ ਦਾ ਫੈਸਲਾ ਆਇਆ ਨਹੀਂ ਹੈ। ਫਿਰ ਵੀ ਫੈਸਲੇ ਦਾ ਅਧਿਐਨ ਕੀਤਾ ਜਾਏਗਾ ਤੇ ਜੇਕਰ ਸਬੰਧਿਤ ਪੁਲਿਸ ਮੁਲਾਜ਼ਮਾਂ ਦੀ ਬਦਨੀਅਤੀ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ। (Bathinda News)