ਕੇਂਦਰ ਨਹੀਂ ਦੇ ਰਹੀ ਐ ਮਨਰੇਗਾ ਦਾ ਪੈਸਾ, ਮੰਤਰੀ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ 

MNREGA, Money Minister, Government

241 ਕਰੋੜ ਰੁਪਏ ਚਲ ਰਿਹਾ ਐ ਬਕਾਇਆ, ਪੰਜਾਬ ਵਿੱਚ ਰੁਕਿਆ ਪਿਆ ਐ ਮਨਰੇਗਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮਨਰੇਗਾ ਦਾ ਕੰਮ ਹੀ ਠੱਪ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਪਿੱਛੇ ਪੰਜਾਬ ਸਰਕਾਰ ਨਹੀਂ ਸਗੋਂ ਖ਼ੁਦ ਕੇਂਦਰ ਸਰਕਾਰ ਹੈ, ਕਿਉਂਕਿ ਪਿਛਲੇ ਇੱਕ ਸਾਲ ਤੋਂ ਕੇਂਦਰ ਸਰਕਾਰ ਪੰਜਾਬ ਨੂੰ ਪੈਸਾ ਹੀ ਨਹੀਂ ਭੇਜ ਰਿਹਾ ਹੈ। ਇਸ ਸਮੇਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 241 ਕਰੋੜ ਰੁਪਏ ਲੈਣੇ ਹਨ, ਜਿਸ ਨੂੰ ਕਿ ਜਾਰੀ ਹੀ ਨਹੀਂ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲ ਰਹੇ

ਇਸ ਬਕਾਏ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸੂਬੇ ਦੀਆਂ ਮਟੀਰੀਅਲ ਅਤੇ ਮਜ਼ਦੂਰੀ ਸਬੰਧੀ ਮਨਰੇਗਾ ਅਧੀਨ ਕੇਂਦਰ ਵੱਲ ਬਕਾਇਆ ਪਈਆਂ ਦੇਣਦਾਰੀਆਂ ਦਾ ਭੁਗਤਾਨ ਤੁਰੰਤ ਕਰਨ ਲਈ ਚਿੱਠੀ ਲਿਖੀ ਹੈ। ਬਾਜਵਾ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਪੰਜਾਬ ਦੀਆਂ ਮਟੀਰੀਅਲ ਸਬੰਧੀ  128 ਕਰੋੜ ਰੁਪਏ ਦੀਆਂ ਦੇਣਦਾਰੀਆਂ ਬਕਾਇਆ ਹਨ, ਜਿਸ ਲਈ ਕੇਂਦਰ ਸਰਕਾਰ ਤੋਂ ਫੰਡਾਂ ਦੀ ਉਡੀਕ ਹੈ।। ਉਨ੍ਹਾਂ ਕਿਹਾ ਕਿ ਦੂਜੀ ਕਿਸ਼ਤ ਦੇ ਫੰਡ ਰਿਲੀਜ਼ ਕਰਨ ਲਈ ਮਤਾ ਭਾਰਤ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਪਰ ਇਸ ਸਬੰਧੀ ਹੁਣ ਤੱਕ ਸੂਬੇ ਨੂੰ ਸਿਰਫ਼ 8.97 ਕਰੋੜ ਰੁਪਏ ਦੀ ਰਾਸ਼ੀ ਹੀ ਪ੍ਰਾਪਤ ਹੋਈ ਹੈ। ਬਾਜਵਾ ਨੇ ਅੱਗੇ ਕਿਹਾ ਕਿ 14 ਨਵੰਬਰ 18 ਤੋਂ ਹੁਣ ਤੱਕ ਭਾਰਤ ਸਰਕਾਰ ਵੱਲ ਮਜ਼ਦੂਰੀ ਦੇ ਭੁਗਤਾਨ ਨਾਲ ਸਬੰਧਤ 103 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਬਕਾਇਆ ਹਨ।

ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ ਕਾਮਯਾਬ ਬਣਾਉਣ ਲਈ ਸੂਬਾ ਸਰਕਾਰ ਨਿਰੰਤਰ  ਯਤਨਸ਼ੀਲ ਹੈ ਅਤੇ ਯੋਗ ਵਿਅਕਤੀਆਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਪਾਣੀਆਂ ਦੀ ਸਮੱਸਿਆ ਹੱਲ ਕਰਨ ਲਈ ਵੀ ਸੁਹਿਰਦਤਾ ਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ। ਬਾਜਵਾ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਲੰਬਿਤ ਪਈਆਂ ਮਟੀਰੀਅਲ ਦੇਣਦਾਰੀਆਂ ਅਤੇ ਮਜ਼ਦੂਰੀ ਸਬੰਧੀ ਭੁਗਤਾਨ ਵਿੱਚ ਹੋਈ ਦੇਰੀ ਕਾਰਨ ਵਿਭਾਗ ਦੀ ਮੇਰੀ ਟੀਮ ਅਤੇ ਸਕੀਮ ਅਧੀਨ ਕੰਮ ਕਰ ਰਹੇ ਲਾਭਪਾਤਰੀਆਂ ਵਿੱਚ ਨਿਰਾਸ਼ਾ ਤੇ ਉਦਾਸੀਣਤਾ ਦੇਖੀ ਜਾ ਰਹੀ ਹੈ। ਤ੍ਰਿਪਤ ਬਾਜਵਾ ਨੇ ਕੇਂਦਰੀ ਮੰਤਰੀ ਅੱਗੇ ਸਬੰਧਤ ਅਧਿਕਾਰੀਆਂ ਨੂੰ ਮਜ਼ਦੂਰੀ ਦੇ ਭੁਗਤਾਨ ਲਈ 103 ਕਰੋੜ ਤੇ ਮਟੀਰੀਅਲ ਦੇਣਦਾਰੀਆਂ ਅਤੇ 128 ਕਰੋੜ ਰੁਪਏ ਮਜ਼ਦੂਰੀ ਦੀਆਂ ਦੇਣਦਾਰੀਆਂ ਤੁਰੰਤ ਜਾਰੀ ਕਰਨ ਲਈ ਬੇਨਤੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।