ਵਿਧਾਇਕਾਂ ਦੀ ਘੱਟ ਗਿਣਤੀ ਦੇਖ ਖ਼ੁਦ ਅਮਰਿੰਦਰ ਸਿੰਘ ਵੀ ਨਹੀਂ ਪੁੱਜੇ, 2 ਮੰਤਰੀ ਵੀ ਅੱਧ ਵਿਚਕਾਰ ਹੀ ਚਲੇ ‘ਗੇ
- 17 ਮੰਤਰੀਆਂ ਵਿੱਚੋਂ 5 ਨੇ ਹੀ ਲਗਾਈ ਹਾਜ਼ਰੀ, ਮਨਪ੍ਰੀਤ ਬਾਦਲ ਅਤੇ ਸੁਖਸਰਕਾਰੀਆ ਬੈਠੇ ਰਹੇ ਸਕੱਤਰੇਤ
ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸੱਦੇ ਗਏ ਦੁਪਹਿਰ ਦੇ ਖਾਣੇ ‘ਤੇ ਵਿਧਾਇਕਾਂ ਨੇ ਵੱਧ ਚੜ ਕੇ ਸ਼ਾਮਲ ਹੋਣ ਦੀ ਥਾਂ ‘ਤੇ ਇਸ ਕਦਰ ਦੂਰੀ ਬਣਾਈ ਕਿ 77 ਵਿੱਚੋਂ ਸਿਰਫ਼ 23 ਵਿਧਾਇਕ ਅਤੇ 6 ਕੈਬਨਿਟ ਮੰਤਰੀ ਹੀ ਮੌਕੇ ‘ਤੇ ਪੁੱਜੇ, ਜਿਨਾਂ ਵਿੱਚੋਂ 8 ਵਿਧਾਇਕ ਅਤੇ 2 ਮੰਤਰੀ ਪ੍ਰੋਗਰਾਮ ਨੂੰ ਅੱਧਵਿਚਕਾਰ ਛੱਡਦੇ ਹੋਏ ਬਿਨਾਂ ਦੁਪਹਿਰ ਦਾ ਖਾਣਾ ਖਾ ਕੇ ਹੀ ਵਾਪਸ ਪਰਤ ਗਏ। ਅਮਰਿੰਦਰ ਸਿੰਘ ਦੇ ਇਸ ਖਾਣੇ ‘ਤੇ ਵਿਧਾਇਕਾਂ ਦੀ ਭੀੜ ਇਕੱਠੀ ਹੋਣ ਦੀ ਥਾਂ ‘ਤੇ ਗਿਣਤੀ ਕਾਫ਼ੀ ਜਿਆਦਾ ਘੱਟ ਹੋਣ ਦੇ ਕਾਰਨ ਖ਼ੁਦ ਅਮਰਿੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਇਸ ਦੁਪਹਿਰ ਦੇ ਖਾਣੇ ਤੋਂ ਦੂਰ ਕਰ ਲਿਆ। ਖ਼ਾਸ ਗਲ ਇਹ ਰਹੀਂ ਕਿ ਪੰਜਾਬ ਭਵਨ ਤੋਂ ਕੁਝ ਹੀ ਦੂਰੀ ‘ਤੇ ਸਥਿਤ ਸਿਵਲ ਸਕੱਤਰੇਤ ਵਿਖੇ ਮਨਪ੍ਰੀਤ ਬਾਦਲ ਅਤੇ ਸੁਖਸਰਕਾਰੀਆ ਆਪਣੇ ਦਫ਼ਤਰ ਵਿੱਚ ਬੈਠੇ ਰਹੇ ਪਰ ਉਨਾਂ ਨੇ ਇਸ ਸਮਾਗਮ ਵਿੱਚ ਭਾਗ ਲੈਣ ਦੀ ਜ਼ਹਿਮਤ ਨਹੀਂ ਉਠਾਈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਅਚਾਨਕ ਦੁਪਹਿਰ ਦੇ ਖਾਣੇ ‘ਤੇ ਆਉਣ ਦਾ ਪ੍ਰੋਗਰਾਮ ਰੱਦ ਕਰਦੇ ਹੋਏ ਆਪਣੀ ਥਾਂ ‘ਤੇ ਪ੍ਰੋਗਰਾਮ ਦੀ ਪ੍ਰਧਾਨਗੀ ਬ੍ਰਹਮ ਮਹਿੰਦਰਾਂ ਦੇ ਹੱਥ ਦੇ ਦਿੱਤੀ ਅਤੇ ਲਗਭਗ ਘੰਟਾ-ਡੇਢ ਘੰਟਾ ਬ੍ਰਹਮ ਮਹਿੰਦਰਾਂ ਵੀ ਇਸ ਪ੍ਰੋਗਰਾਮ ਵਿੱਚ ਰਹੇ ਪਰ ਉਹ ਵੀ ਅੱਧਵਿਚਕਾਰ ਹੀ ਬਿਨਾਂ ਖਾਣਾ ਖਾਂਦੇ ਵਾਪਸ ਪਰਤ ਗਏ, ਜਦੋਂ ਕਿ ਉਨਾਂ ਤੋਂ ਪਹਿਲਾਂ ਬੈਠਣ ਲਈ ਢੁਕਵੀਂ ਥਾਂ ਨਹੀਂ ਮਿਲਣ ਦੇ ਚਲਦੇ ਤ੍ਰਿਪਤ ਰਾਜਿੰਦਰ ਬਾਜਵਾ ਵੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਵਾਪਸ ਆਪਣੀ ਰਿਹਾਇਸ਼ ਵਲ ਚਲੇ ਗਏ। ਇਨਾਂ ਦੋਹੇ ਮੰਤਰੀਆਂ ਵਾਂਗ 8 ਵਿਧਾਇਕਾਂ ਨੇ ਵੀ ਇਸ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਨ ਦੀ ਥਾਂ ‘ਤੇ ਅੱਧਵਿਚਕਾਰ ਹੀ ਆਪਣੀ ਰਵਾਨਗੀ ਪਾ ਲਈ। ਜਿਸ ਤੋਂ ਬਾਅਦ ਸੁਨੀਲ ਜਾਖੜ ਅਤੇ ਉਨਾਂ ਦੇ ਨਾਲ ਮੰਤਰੀ ਵਿਜੇਇੰਦਰ ਸਿੰਘ, ਸ਼ਾਮ ਸੁੰਦਰ ਅਰੋੜਾ, ਚਰਨਜੀਤ ਸਿੰਘ ਚੰਨੀ ਅਤੇ ਸਾਧੂ ਸਿੰਘ ਧਰਮਸੋਤ ਹੀ ਅੰਤ ਤੱਕ ਮੌਕੇ ‘ਤੇ ਮੌਜੂਦ ਰਹੇ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਤੌਰ ਕਾਂਗਰਸ ਵਿਧਾਇਕ ਦਲ ਦੇ ਲੀਡਰ ਵਲੋਂ ਸੰਵਿਧਾਨ ਦਿਵਸ ਦਾ ਜਸ਼ਨ ਮਨਾਉਣ ਲਈ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਸੀ। ਇਸ ਦੌਰਾਨ ਉਨਾਂ ਵਲੋਂ ਦੁਪਹਿਰ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਜਿਥੇ ਕਿ ਆਸ ਸੀ ਕਿ ਕਾਂਗਰਸ ਪਾਰਟੀ ਦੇ ਲਗਭਗ ਵਿਧਾਇਕ ਇਸ ਦੁਪਹਿਰ ਦੇ ਖਾਣੇ ‘ਤੇ ਜਰੂਰ ਭਾਗ ਲੈਣਗੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਪੰਜਾਬ ਵਿੱਚ ਕਾਂਗਰਸ ਵਿਧਾਇਕਾਂ ਦੀ ਗਿਣਤੀ 78 ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਛੱਡ ਕੇ ਇਹ ਗਿਣਤੀ 77 ਰਹਿ ਜਾਂਦੀ ਹੈ, ਇਸ ਲਈ ਮੰਤਰੀਆਂ ਸਣੇ 77 ਵਿਧਾਇਕਾਂ ਨੂੰ ਇਸ ਦੁਪਹਿਰ ਦੇ ਖਾਣੇ ‘ਤੇ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚੋਂ 6 ਮੰਤਰੀ ਅਤੇ 23 ਵਿਧਾਇਕ ਹੀ ਹਾਜ਼ਰ ਹੋਏ।