ਕਾਫ਼ੀ ਜਿਆਦਾ ਬਹਿਸਬਾਜ਼ੀ ਹੋਣ ਤੋਂ ਬਾਅਦ ਵਿਧਾਇਕਾਂ ਨੂੰ ਕਰਵਾਇਆ ਗਿਆ ਚੁੱਪ, ਮੁੜ ਤੋਂ ਅਗਲੇ ਹਫ਼ਤੇ ਹੋਏਗੀ ਮੀਟਿੰਗ
ਦੋ ਮੰਤਰੀਆਂ ਨਾਲ ਟਰਾਂਸਫ਼ਰ ਨੂੰ ਲੈ ਕੇ ਹੋਈ ਬਹਿਸ ਤਾਂ ਵਿਧਾਇਕਾਂ ਨੇ ਅਧਿਕਾਰੀਆਂ ਦੀ ਵੀ ਲਾਈ ਸ਼ਿਕਾਇਤ
ਮੁੱਖ ਮੰਤਰੀ ਤੋਂ ਵੀ ਨਹੀਂ ਮਿਲਿਆ ਮਿਲਣ ਲਈ ਸਮਾਂ ਤਾਂ ਵਿਧਾਇਕ ਨੇ ਮੀਟਿੰਗ ‘ਚ ਹੀ ਚੁੱਕ ਲਿਆ ਮੁੱਦਾ
ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਵਿਰੋਧੀ ਧਿਰਾਂ ਨੂੰ ਘੇਰਣ ਦੀ ਰਣਨੀਤੀ ਬਣਾਉਣ ਦੀ ਥਾਂ ‘ਤੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਹੀ ਆਪਸ ਵਿੱਚ ਉਲਝਦੇ ਨਜ਼ਰ ਆਏ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਤਾਂ ਇੱਕ ਵਾਰੀ ਬਹਿਸ ਜਿਆਦਾ ਵਧਣ ਦੇ ਕਾਰਨ ਮਾਮਲਾ ਵਿਗੜਦਾ ਵੀ ਨਜ਼ਰ ਆਇਆ
ਪਰ ਇਸ ਦੌਰਾਨ ਦੂਜੇ ਵਿਧਾਇਕਾਂ ਅਤੇ ਮੰਤਰੀਆਂ ਨੇ ਮੌਕੇ ‘ਤੇ ਆਪਣੇ ਸਾਥੀਆਂ ਨੂੰ ਚੁੱਪ ਕਰਵਾਉਂਦੇ ਹੋਏ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਸ਼ ਕੀਤੀ। ਇਥੇ ਹੀ ਇੱਕ ਵਿਧਾਇਕ ਨੇ ਦਿੱਲੀ ਪੰਜਾਬ ਭਵਨ ਵਿਖੇ ਕਮਰਾ ਨਹੀਂ ਮਿਲਣ ਦੀ ਸ਼ਿਕਾਇਤ ਵੀ ਕਰਦੇ ਹੋਏ ਤੁਰੰਤ ਉਸ ਕਰਮਚਾਰੀ ਨੂੰ ਮੁਅੱਤਲ ਕਰਨ ਦੀ ਮੰਗ ਮੁੱਖ ਮੰਤਰੀ ਕੋਲ ਰੱਖ ਦਿੱਤੀ, ਜਿਹੜੇ ਕਰਮਚਾਰੀ ਨੇ ਉਨਾਂ ਦਾ ਫੋਨ ਤੱਕ ਨਹੀਂ ਚੁੱਕਿਆ ਸੀ। ਇਸ ਮਾਮਲੇ ਵਿੱਚ ਵੀ ਦੋ-ਤਿੰਨ ਵਿਧਾਇਕਾਂ ਨੇ ਸ਼ਿਕਾਇਤ ਕੀਤੀ।
ਇਸੇ ਦੌਰਾਨ ਕੁਝ ਵਿਧਾਇਕਾਂ ਨੇ ਅਧਿਕਾਰੀਆਂ ਵਲੋਂ ਸੁਣਵਾਈ ਨਾ ਕਰਨ ਦੀ ਗਲ ਕੀਤੀ ਗਈ ਤਾਂ ਇੱਕ ਵਿਧਾਇਕ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਸੁਆਲ ਕਰ ਦਿੱਤਾ ਕਿ ਉਹ ਕਾਫ਼ੀ ਵਾਰ ਮਿਲਣ ਲਈ ਸਮਾਂ ਮੰਗ ਚੁੱਕੇ ਹਨ ਪਰ ਉਨਾਂ ਨੂੰ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ ਹੈ।
ਇਕ ਵਿਧਾਇਕ ਹੋਣ ਦੇ ਨਾਤੇ ਉਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਕੰਮ ਕਰਵਾਉਣ ਇਸ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰ ਵੇਲੇ ਵਿਧਾਇਕਾਂ ਲਈ ਮੌਜੂਦ ਰਹਿੰਦੇ ਹਨ, ਇਸ ਲਈ ਜਦੋਂ ਵੀ ਕੋਈ ਵੀ ਮਿਲਣਾ ਚਾਹੁੰਦਾ ਹੋਵੇ ਤਾਂ ਮਿਲਣ ਲਈ ਆ ਸਕਦਾ ਹੈ।
ਵਿਧਾਇਕ ਦਲ ਦੀ ਮੀਟਿੰਗ ਪੰਜਾਬ ਵਿਧਾਨ ਸਭਾ ਵਿਖੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਸੀ ਮੀਟਿੰਗ ਵਿੱਚ ਆਪਣਾ ਵਿੱਚ ਦੂਸ਼ਣਬਾਜ਼ੀ ਜਿਆਦਾ ਹੋਣ ਕਾਰਨ ਮੀਟਿੰਗ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਦੋ ਮੰਤਰੀਆਂ ਅਤੇ ਕੁਝ ਵਿਧਾਇਕਾਂ ਦੀ ਆਪਸ ਵਿੱਚ ਕੁਝ ਜਿਆਦਾ ਹੀ ਬਹਿਸਬਾਜੀ ਹੋ ਗਈ ਸੀ, ਜਿਸ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਖ਼ਾਸੀ ਨਰਾਜ਼ਗੀ ਜ਼ਾਹਿਰ ਕੀਤੀ।
ਹੁਣ ਮੁੜ ਤੋਂ ਵਿਧਾਇਕ ਦਲ ਦੀ ਮੀਟਿੰਗ ਅਗਲੇ ਹਫ਼ਤੇ ਸੱਦੀ ਗਈ ਹੈ, ਜਿਥੇ ਕਿ ਵਿਧਾਇਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਸ਼ ਵੀ ਕੀਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।