ਭਾਜਪਾ ਦੀ ਸਿਕਾਇਤ ਲੈ ਆਪ ਵਿਧਾਇਕ ਪੁੱਜੇ ਡੀਜੀਪੀ ਦਰਬਾਰ, ਸਬੂਤਾਂ ਨਾਲ ਕੀਤੀ ਗਈ ਸਿਕਾਇਤ (MLA Sheetal Angural)
- ‘ਆਪ’ ਵਿਧਾਇਕਾਂ ਨਾਲ ਸੰਪਰਕ ਕਰਨ ਵਾਲੇ ਭਾਜਪਾ ਆਗੂਆਂ ਤੇ ਏਜੰਟਾਂ ਖ਼ਿਲਾਫ਼ ਸਾਡੇ ਕੋਲ ਹਨ ਸਾਰੇ ਸਬੂਤ: ਹਰਪਾਲ ਚੀਮਾ
- ਅਰਵਿੰਦ ਕੇਜਰੀਵਾਲ ਦੇ ਕੱਟੜ ਸਿਪਾਹੀਆਂ ਨੇ ਪੰਜਾਬ ‘ਚ ‘ਆਪ‘ ਸਰਕਾਰ ਡੇਗਣ ਦੀ ਭਾਜਪਾ ਦੀ ਕੋਸ਼ਸ਼ ਨੂੰ ਕੀਤਾ ਨਾਕਾਮ: ਚੀਮਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਸਿਕਾਇਤ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਡੀਜੀਪੀ ਕੋਲ ਪੁੱਜ ਗਏ ਹਨ। ਜਿਥੇ 10 ਦੇ ਕਰੀਬ ਵਿਧਾਇਕਾਂ ਵੱਲੋਂ ਨਾ ਸਿਰਫ਼ ਲਿਖਤ ਵਿੱਚ ਸਿਕਾਇਤ ਕੀਤੀ ਸਗੋਂ ਪਾਰਟੀ ਨੂੰ ਛੱਡਣ ਲਈ 25-25 ਕਰੋੜ ਰੁਪਏ ਦੀ ਆਫ਼ਰ ਦੇਣ ਵਾਲੇ ਸਬੂਤ ਵੀ ਸੌਂਪੇ ਗਏ ਹਨ। ਇਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ (MLA Sheetal Angural) ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ ਤਾਂ ਉਨਾਂ ਵੱਲੋਂ ਵੀ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸਿਕਾਇਤ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਿਕਾਇਤ ਕਰਨ ਮੌਕੇ ਉਨਾਂ ਨਾਲ ਕੈਬਨਿਟ ਮੰਤਰੀ ਹਰਪਾਲ ਚੀਮਾ ਵੀ ਗਏ ਸਨ।
ਭਾਜਪਾ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਦੂਰਵਰਤੋਂ ਕੀਤੀ
ਡੀਜੀਪੀ ਗੌਰਵ ਯਾਦਵ ਨੂੰ ਸਿਕਾਇਤ ਕਰਨ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਲੋਕਤੰਤਰ ਦੀ ‘ਸੀਰੀਅਲ ਕਿਲਰ’ ਪਾਰਟੀ ਹੈ ਜੋ ‘ਆਪ੍ਰੇਸਨ ਲੋਟਸ’ ਤਹਿਤ ਰਾਜਾਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਡੇਗਦੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਦੂਰਵਰਤੋਂ ਕਰਕੇ ਅਤੇ ਪੈਸੇ ਦੇ ਕੇ ਵੱਖ-ਵੱਖ ਰਾਜਾਂ ਵਿੱਚ ਲੋਕਾਂ ਦੇ ਫ਼ਤਵੇ ਅਨੁਸਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਢਾਹ-ਢੇਰੀ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਅਜਿਹਾ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ‘ਆਪ’ ਦੇ ਕੱਟੜ ਸਿਪਾਹੀਆਂ ਨੇ ਭਾਜਪਾ ਨੂੰ ਨਾਕਾਮ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਭਾਜਪਾ ਪਾਰਟੀ ਦੀਆਂ ਨਾਪਾਕ ਚਾਲਾਂ ਦਾ ਪਰਦਾਫਾਸ ਕਰਨ ਲਈ ਉਨਾਂ ‘ਆਪ‘ ਵਿਧਾਇਕਾਂ ਨਾਲ ਮਿਲ ਕੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਜਾਂਚ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੂੰ ਸਬੂਤਾਂ ਸਮੇਤ ਰਸਮੀ ਸਿਕਾਇਤ ਦਰਜ ਕਰਵਾਈ ਹੈ।
-
ਭਾਜਪਾ ਲੋਕਤੰਤਰ ਦੀ ਸੀਰੀਅਲ ਕਿਲਰ, ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਈਡੀ ਅਤੇ ਸੀਬੀਆਈ ਦੀਆਂ ਦੇ ਰਹੀ ਧਮਕੀਆਂ: ਆਪ
ਉਨਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਭਾਜਪਾ ਵਰਕਰਾਂ ਅਤੇ ਏਜੰਟਾਂ ਨੇ ਪੰਜਾਬ ਵਿੱਚ ਸਰਕਾਰ ਡੇਗਣ ਲਈ ‘ਆਪ’ ਦੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ ਕੀਤੀ। ਉਨਾਂ ਕਿਹਾ ਕਿ ਦੇਸ ਦੇ ਵੱਖ-ਵੱਖ ਰਾਜਾਂ ਵਿੱਚ ਭਾਜਪਾ ਵੱਲੋਂ ‘ਹੋਰਸ-ਟ੍ਰੇਡਿੰਗ ਚੱਲ ਰਹੀ ਹੈ। ਭਾਜਪਾ ਨੇ ਆਪਣੇ ‘ਆਪਰੇਸਨ ਲੋਟਸ’ ਤਹਿਤ ਪਹਿਲਾਂ ਹੀ ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਤੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰਾਂ ਬਦਲੀਆਂ ਹਨ।
ਚੀਮਾ ਨੇ ਕਿਹਾ, “ਆਪ੍ਰੇਸ਼ਨ ਲੋਟਸ ਰਾਹੀਂ ਅੱਜ ਹੀ ਕਾਂਗਰਸ ਦੇ ਅੱਠ ਵਿਧਾਇਕ ਵਿਕ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ ਅਤੇ ਗੈਰ-ਸੱਤਾਧਾਰੀ ਭਾਜਪਾ ਰਾਜਾਂ ਵਿੱਚ ਸੀਬੀਆਈ, ਈਡੀ ਅਤੇ ਪੈਸੇ ਦੀ ਮੱਦਦ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾ ਰਹੀ ਹੈ।“
ਇਹ ਵੀ ਪੜ੍ਹੋ : ਗੋਆ ’ਚ ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ
ਉਨਾਂ ਦੁਹਰਾਇਆ ਕਿ ਭਾਜਪਾ ਪੰਜਾਬ ਵਿੱਚ ਆਪਣੇ ਕੋਝੇ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਭਾਵੇਂ ਉਹ 25 ਦੀ ਥਾਂ 2500 ਕਰੋੜ ਰੁਪਏ ਦੀ ਪੇਸ਼ਕਸ ਕਰ ਦੇਵੇ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦੇ ਵਫਾਦਾਰ ਸਿਪਾਹੀ ਚੱਟਾਨ ਵਾਂਗ ਖੜੇ ਹਨ। ਪ੍ਰੈਸ ਕਾਨਫਰੰਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਦਿਨੇਸ ਚੱਢਾ, ਰਮਨ ਅਰੋੜਾ, ਨਰਿੰਦਰ ਕੌਰ ਭਰਾਜ, ਰਜਨੀਸ ਦਹੀਆ, ਰੁਪਿੰਦਰ ਸਿੰਘ ਹੈਪੀ, ਸੀਤਲ ਅੰਗੁਰਾਲ ਅਤੇ ਲਾਭ ਸਿੰਘ ਉਗੋਕੇ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ