ਕਾਂਗਰਸ ਸਮਰਥੱਕ ਮੌਜੂਦਾ ਵਿਧਾਇਕ ਰਣਦੀਪ ਸਿੰਘ ਨਾਭਾ ਖਿਲਾਫ਼ ਆਏ ਮੈਦਾਨ ‘ਚ

MLA Randeep Singh Nabha

ਟਕਸਾਲੀ ਕਾਂਗਰਸੀਆਂ ਨੇ ਹੰਗਾਮੀ ਮੀਟਿੰਗ ਕਰਕੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੂੰ ਲਾਈਵ ਡਿਬੇਟ ਦਾ ਦਿੱਤਾ ਸੱਦਾ

  • ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ ਲਾਉਂਦੇ ਹੋਏ ਪਾਰਟੀ ਹਾਈਕਮਾਂਡ ਤੋਂ ਟਿਕਟ ਨਾ ਦੇਣ ਦੀ ਕੀਤੀ ਮੰਗ

(ਅਨਿਲ ਲੁਟਾਵਾ) ਅਮਲੋਹ। ਵਿਧਾਨ ਸਭਾ ਹਲਕਾ ਅਮਲੋਹ ਵਿਚ ਕਾਂਗਰਸ ਵਰਕਰਾਂ ਵਿਚ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਖਿਲਾਫ਼ ਚਲ ਰਹੀ ਲੜਾਈ ਖੁੱਲ੍ਹ ਕੇ ਉਸ ਸਮੇਂ ਸਾਹਮਣੇ ਆ ਗਈ ਜਦੋ ਦੋ ਦਰਜਨ ਦੇ ਕਰੀਬ ਕਾਂਗਰਸ ਸਮਰਥੱਕਾਂ ਜਿਨ੍ਹਾਂ ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਸੁਰਜੀਤ ਸਿੰਘ ਬਰੌਗਾ, ਕਰਮ ਸਿੰਘ ਭਾਬਰੀ, ਕੇਸਰ ਸਿੰਘ ਬਡਗੁੱਜਰਾ, ਨਿਰਭੈ ਸਿੰਘ ਧੁੰਮੀ ਸੌਂਟੀ, ਨਿਰਮਲ ਸਿੰਘ ਲੱਲੋ, ਜਸਵੰਤ ਸਿੰਘ ਘੁਲੂਮਾਜਰਾ, ਸੁਖਦੇਵ ਰਾਜ ਸ਼ਰਮਾ, ਦਰਸ਼ਨ ਸਿੰਘ ਦਰਸੀ, ਅਮਨਦੀਪ ਸਿੰਘ ਲੱਲੋ, ਹਰਭਜਨ ਸਿੰਘ, ਤਰਸੇਮ ਸਿੰਘ ਕੋਟਲੀ, ਸਾਬਕਾ ਸਰਪੰਚ ਅਵਤਾਰ ਸਿੰਘ ਘੁਟੀਡ, ਮੇਵਾ ਸਿੰਘ ਸਾਬਕਾ ਸਰਪੰਚ ਰਤਨਪਾਲੋ, ਹਰਪ੍ਰੀਤ ਸਿੰਘ ਪੰਚ ਰੱਤਨਪਾਲੋ, ਮੱਘਰ ਸਿੰਘ ਸਾਬਕਾ ਸਰਪੰਚ ਫੈਜੂਲਾਪੁਰ, ਗੁਰਮੇਲ ਸਿੰਘ ਸਾਬਕਾ ਮੈਬਰ ਬਲਾਕ ਸੰਮਤੀ, ਨੰਬਰਦਾਰ ਰਜਿੰਦਰ ਸਿੰਘ ਫੈਜੂਲਾਪੁਰ, ਧਰਮ ਸਿੰਘ ਸਾਬਕਾ ਸਰਪੰਚ ਸਮਸ਼ਪੁਰ, ਧਲਵਿੰਦਰ ਸਿੰਘ ਸਮਸ਼ਪੁਰ, ਪ੍ਰਦੀਪ ਸਿੰਘ ਕੰਜਾਰੀ, ਪ੍ਰੇਮ ਸਿੰਘ, ਨਰਿੰਦਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਹੈਬਤਪੁਰ, ਹਾਕਮ ਸਿੰਘ ਸਾਬਕਾ ਸਰਪੰਚ ਸਲਾਣਾ, ਕੁਲਦੀਪ ਸਿੰਘ ਸਲਾਣਾ ਆਦਿ ਸਾਮਲ ਸਨ ਨੇ ਇੱਕ ਸਾਂਝੀ ਮੀਟਿੰਗ ਕਰਨ ਉਪਰੰਤ ਪ੍ਰੈਸ ਕਾਨਫੰਰਸ ਵਿੱਚ ਵਿਧਾਇਕ ਖਿਲਾਫ਼ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦੇ ਹੋਏ ਪਾਰਟੀ ਹਾਈਕਮਾਂਡ ਤੋਂ ਉਸਨੂੰ ਟਿਕਟ ਨਾ ਦੇਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਉਨ੍ਹਾਂ ਤੱਥਾਂ ਦੇ ਅਧਾਰ ‘ਤੇ ਮੁੱਖ ਮੰਤਰੀ ਪਾਸ ਸ਼ਿਕਾਇਤ ਕੀਤੀ ਸੀ ਅਤੇ ਮੌਜੂਦਾ ਸਮੇਂ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਪਾਸ ਇਹ ਮਾਮਲਾ ਉਠਾ ਚੁੱਕੇ ਹਨ। ਉਨ੍ਹਾਂ ਕੇਰਲਾ ਵਿੱਚ ਕੁਦਰਤੀ ਆਫ਼ਤ ਸਮੇਂ ਪੀੜਤਾਂ ਦੇ ਨਾਂਅ ‘ਤੇ ਪੰਚਾਇਤਾਂ, ਮਿੱਲ ਮਾਲਕਾਂ ਅਤੇ ਦੁਕਾਨਦਾਰਾਂ ਕੋਲੋਂ ਕਰੋੜਾਂ ਰੁਪਏ ਇਕੱਠਾ ਕਰਕੇ ਕਿਸੇ ਨੂੰ ਵੀ ਰਸ਼ੀਦ ਨਾ ਦੇਣ, ਸੜਕਾਂ, ਪਾਰਕਾਂ, ਟੋਭਿਆਂ ਵਿਚ ਵੱਡੇ ਪੱਧਰ ’ਤੇ ਘਪਲਾ, ਪੰਚਾਂ, ਸਰਪੰਚਾਂ ਅਤੇ ਕੌਂਸਲ ਚੋਣਾਂ ਵਿਚ ਕਾਗਜ਼ ਰੱਦ ਕਰਵਾਉਂਣ ਦੇ ਮਾਮਲੇ ਵਿੱਚ ਵੱਡੇ ਘਪਲੇ ਕਰਨ ਦੇ ਦੋਸ਼ ਲਾਉਂਦੇ ਹੋਏ ਹਾਈਕਮਾਂਡ ਨੂੰ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਸਾਫ਼-ਸੁਥਰੇ ਅਕਸ਼ ਵਾਲੇ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕੀਤੀ।

ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਹਾਈਕਮਾਂਡ ਨੇ ਕਾਂਗਰਸ ਵਰਕਰਾਂ ਦੇ ਜਜ਼ਬਾਤਾਂ ਨੂੰ ਨਜ਼ਰਅੰਦਾਜ ਕੀਤਾ ਤਾਂ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਕਰਕੇ ਇਸ ਦੇ ਖਿਲਾਫ਼ ਇਕਠੇ ਹੋਏ ਸਬੂਤਾਂ ਦੇ ਅਧਾਰ ‘ਤੇ ਪੋਸਟਰ ਛਪਾ ਕੇ ਘਰ-ਘਰ ਵੰਡ ਕੇ ਲੋਕਾਂ ਨੂੰ ਇਸ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਇਕਠੇ ਹੋਏ ਆਗੂਆਂ ਨੇ ਵੱਖੋ-ਵੱਖਰੇ ਤੌਰ ‘ਤੇ ਵੀ ਗੰਭੀਰ ਦੋਸ਼ ਲਾਏ ਅਤੇ ਥਾਣਾ ਤਹਿਸੀਲਾਂ ਦੇ ਵੀ ਸੌਦੇਬਾਜ਼ੀ ਕਰਨ ਦੇ ਦੋਸ਼ ਲਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ