ਜਗਰਾਓਂ-ਰਾਏਕੋਟ ਰੋਡ ’ਤੇ ਅਖਾੜਾ ਨਹਿਰ ’ਤੇ ਬਣੇਗਾ 40 ਫੁੱਟ ਚੌੜਾ ਨਵਾਂ ਪੁਲ | MLA Manunke
ਜਗਰਾਓਂ (ਜਸਵੰਤ ਰਾਏ)। ਅੰਗਰੇਜ਼ਾਂ ਵੇਲੇ ਦੇ ਬਣੇ ਜਗਰਾਓਂ-ਰਾਏਕੋਟ ਦੇ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਬਣਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਜਗਰਾਓਂ ਦੇ ਵਿਧਾਇਕਾ ਬੀਬੀ ਮਾਣੂੰਕੇ (MLA Manunke) ਵੱਲੋਂ 14 ਅਗਸਤ ਨੂੰ ਰੱਖਿਆ ਜਾਵੇਗਾ ਵਿਧਾਇਕਾ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਅਤੇ ਜਗਰਾਓਂ ਹਲਕੇ ਅਧੀਨ ਪੈਂਦੀ ਅਖਾੜਾ ਨਹਿਰ ਉਪਰ ਅੰਗਰੇਜ਼ਾਂ ਵੇਲੇ ਦਾ ਬਣਿਆ ਪੁਲ ਬਹੁਤ ਹੀ ਤੰਗ ਹੈ, ਜੋ ਲਗਭਗ 38 ਸਾਲ ਪਹਿਲਾਂ ਆਪਣੀ ਮਿਆਦ ਪੁਗਾ ਚੁੱਕਾ ਹੈ, ਜਿਸ ਕਰਕੇ ਇਲਾਕੇ ਦੇ ਲੋਕ ਆਪਣੀ ਜ਼ਾਨ ਜ਼ੋਖਮ ਵਿੱਚ ਪਾ ਕੇ ਇਸ ਪੁਲ ਉਪਰ ਦੀ ਲੰਘਦੇ ਹਨ।
ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਪੀਡਬਲਯੂਡੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ ਨਵੇਂ ਪੁਲ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਵਿੱਚ ਸਫ਼ਲ ਹੋਏ ਹਨ ਅਤੇ ਇਸ ਨਵੇਂ ਪੁਲ ਨੂੰ ਬਣਾਉਣ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਪੀਡਬਲਿਯੂਡੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 7 ਕਰੋੜ 80 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵਾਂ ਪੁਲ 60 ਮੀਟਰ ਲੰਬਾ ਅਤੇ 40 ਫੁੱਟ ਚੌੜਾ ਬਣੇਗਾ, ਜੋ ਲਗਭਗ ਇੱਕ ਸਾਲ ਦੇ ਅੰਦਰ-ਅੰਦਰ ਬਣਕੇ ਤਿਆਰ ਹੋ ਜਾਵੇਗਾ ਅਤੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਸੁਰਿੰਦਰ ਸਿੰਘ ਅਖਾੜਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਜਗਰੂਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਪ੍ਰਪੋਜਲ ਭੇਜੀ ਗਈ ਹੈ | MLA Manunke
ਹਲਕੇ ਅੰਦਰ ਟੁੱਟ ਚੁੱਕੀਆਂ ਸੜਕਾਂ ਦੇ ਸਬੰਧੀ ਪੁੱਛੇ ਜਾਣ ’ਤੇ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਰਿਪੇਅਰ ਕਰਨ ਵਾਲੀਆਂ ਅਤੇ 10 ਫੁੱਟ ਤੋਂ 18 ਤੱਕ ਚੌੜੀਆਂ ਕੀਤੀਆਂ ਜਾਣ ਵਾਲੀਆਂ ਸੜਕਾਂ ਸਬੰਧੀ ਪ੍ਰਪੋਜ਼ਲ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਨ੍ਹਾਂ ਦੀ ਲਗਭਗ ਪ੍ਰਵਾਨਗੀ ਵੀ ਹੋ ਚੁੱਕੀ ਹੈ ਅਤੇ ਫੰਡ ਜਾਰੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਗਾਲਿਬ-ਕੋਕਰੀ ਰੋਡ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ ਦੀ ਪ੍ਰਸ਼ਾਸਨੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਟੈਂਡਰਾਂ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਟੈਂਡਰਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਜਲਦੀ ਹੀ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅਖਾੜਾ ਨਹਿਰ ਦੇ ਨਵੇਂ ਪੁਲ ਦੇ ਨਿਰਮਾਣ ਤੋਂ ਪਹਿਲਾਂ ਮਲਕ ਤੋਂ ਬੋਦਲਵਾਲਾ ਸੜਕ ਉਪਰ ਪੈਂਦੀ ਡਰੇਨ ਦਾ ਪੁਲ ਬਣਨਾ ਸ਼ੁਰੂ ਹੋ ਚੁੱਕਾ ਹੈ, ਜੋ ਲਗਭਗ ਛੇ ਮਹੀਨਿਆਂ ਦੇ ਅੰਦਰ-ਅੰਦਰ ਬਣਕੇ ਤਿਆਰ ਹੋ ਜਾਵੇਗਾ।