ਤਪਾ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਮਰੀਜ਼ਾਂ ਦਾ ਹਾਲ ਤੇ ਘਾਟਾਂ ਸਬੰਧੀ ਹਾਸਲ ਕੀਤੀ ਜਾਣਕਾਰੀ
(ਜਸਵੀਰ ਸਿੰਘ ਗਹਿਲ/ ਸੁਰਿੰਦਰ ਮਿੱਤਲ) ਤਪਾ / ਬਰਨਾਲਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਜਿੱਤੇ ਵਿਧਾਇਕਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਆਪਣੇ ਹਲਕਿਆਂ ਅੰਦਰ ਕੰਮ ਆਰੰਭ ਦਿੱਤੇ ਹਨ। ਇਸੇ ਤਹਿਤ ਹੀ ਅੱਜ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਜਿੱਤੇ ਆਪ ਦੇ ਲਾਭ ਸਿੰਘ ਉੱਗੋਕੇ ਨੇ ਹਲਕੇ ਦੇ ਕਸਬਾ ਤਪਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨੂੰ ਆ ਰਹੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਉਹਨਾਂ ਨੇ ਸਮੁੱਚੀ ਲੋਕਾਈ ਦੀ ਖਾਤਰ ਕੰਮ ਕਰਨਾ ਹੈ, ਜਿਸ ਲਈ ਉਹ ਸਹੁੰ ਚੁੱਕਣ ਤੱਕ ਦੀ ਉਡੀਕ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤਹਿਤ ਹੀ ਉਹਨਾਂ ਨੇ ਹਲਕੇ ਦੇ ਕਸਬਾ ਤਪਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਲੋੜਾਂ ਤੇ ਮਰੀਜ਼ਾਂ ਨੂੰ ਆਉਣ ਵਾਲੀਆਂ ਦਰਪੇਸ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ ਨੂੰ ਵੀ ਫੌਰੀ ਤੌਰ ’ਤੇ ਪੂਰਾ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਹਰ ਸਿਹਤ ਸਹੂਲਤ ਪ੍ਰਦਾਨ ਹੋ ਸਕੇ।
ਜਿਕਰਯੋਗ ਹੈ ਕਿ ਲੰਘੀ 10 ਮਾਰਚ ਨੂੰ ਹਾਲੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਪ੍ਰਾਪਤ ਹੋਇਆ ਹੈ। ਜਿਸ ਕਾਰਨ ਨਾ ਸਿਰਫ ਜਿੱਤੇ ਵਿਧਾਇਕਾਂ ਦੇ ਸਗੋਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਹੌਸਲੇ ਵੀ ਸਿਖਰ ’ਤੇ ਹਨ। ਜਿੱਤੇ ਵਿਧਾਇਕਾਂ ਨੇ ਹਾਲੇ ਸਹੁੰ ਚੁੱਕਣੀ ਹੈ ਪਰ ਜਿੱਤਣ ਉਪਰੰਤ ਭਗਵੰਤ ਮਾਨ ਵੱਲੋਂ ਆਪਣੇ ਪਹਿਲੇ ਭਾਸ਼ਣ ’ਚ ਦਿੱਤੇ ਬਿਆਨ ਮੁਤਾਬਕ ਜ਼ਮੀਨੀ ਪੱਧਰ ’ਤੇ ਕੰਮ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ।ਹਸਪਤਾਲ ਪਹੁੰਚਣ ’ਤੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਹਸਪਤਾਲ ਪ੍ਰਸਾਸਨ ਵੱਲੋਂ ਸੀ ਐਮ ਓ ਡਾਕਟਰ ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ’ਚ ਸਵਾਗਤ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ