
ਘੋਹਨੇਵਾਲਾ ਤੋਂ ਗੁਲਗੜ ਤੱਕ 67.59 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਸੜਕ ਤੋਂ ਹਜ਼ਾਰਾਂ ਲੋਕਾਂ ਨੂੰ ਹੋਵੇਗੀ ਵੱਡੀ ਸਹੂਲਤ-ਈ.ਟੀ.ਓ. ਤੇ ਧਾਲੀਵਾਲ
Dhussi Bundh Ajnala: (ਰਾਜਨ ਮਾਨ) ਅੰਮ੍ਰਿਤਸਰ। ਅੱਜ ਚੋਣ ਕਮਿਸ਼ਨ ਵੱਲੋਂ 23 ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਚੋਣਾਂ ਦੀਆਂ ਤਰੀਕਾਂ ਐਲਾਨ ਕਰਨ ਲਈ ਰੱਖੀ ਗਈ ਪ੍ਰੈਸ ਕਾਨਫਰੰਸ ਕਾਰਨ ਚੋਣ ਜ਼ਾਬਤੇ ਦੀ ਸਥਿਤੀ ਪੈਦਾ ਹੋਣ ‘ਤੇ ਵਿਕਾਸ ਕਾਰਜਾਂ ‘ਚ ਖੜੌਤ ਆਉਣ ਦੀਆਂ ਸੰਭਾਵਨਾਵਾਂ ਤੋਂ ਪਹਿਲਾਂ ਹੀ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ‘ਚ ਪ੍ਰਸਤਾਵਿਤ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਗ੍ਰਾਮ ਪੰਚਾਇਤਾਂ ‘ਚ ਚੈੱਕ ਵੰਡਣ ਲਈ ਤੇਜ਼ੀ ਲਿਆਂਦੀ ਗਈ।
ਜਿਸ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਭਾਰਤ–ਪਾਕਿ ਕੌਮਾਂਤਰੀ ਸਰਹੱਦ ਨੂੰ ਛੂੰਹਦੇ ਕੌਮਾਂਤਰੀ ਸਰਹੱਦੀ ਖੇਤਰ ‘ਚ ਵਿਕਾਸ ਕ੍ਰਾਂਤੀ ਦਾ ਅਜ਼ਾਦੀ ਪਿੱਛੋਂ ਧੁੱਸੀ ਬੰਨ੍ਹ ’ਤੇ ਇਤਿਹਾਸਕ ਪਲੇਠਾ ਬਹੁਪੱਖੀ ਸੜਕ ਵਿਕਾਸ ਪ੍ਰੋਜੈਕਟ ਦਾ ਮੀਲ ਪੱਥਰ ਸਥਾਪਿਤ ਕਰਨ ਲਈ ਉਨ੍ਹਾਂ ਵੱਲੋਂ ਆਪਣੇ ਉਤਸ਼ਾਹੀ ਉੱਦਮ ਨਾਲ ਕੌਮਾਂਤਰੀ ਸਰਹੱਦੀ ਧੁੱਸੀ ਬੰਨ੍ਹ ਤੇ ਪਿੰਡ ਘੋਹਨੇਵਾਲਾ ਤੋਂ ਸਰਹੱਦੀ ਪਿੰਡ ਗੁਲਗੜ੍ਹ ਤੱਕ 67.59 ਕਰੋੜ ਰੁਪਏ ਦੀ ਲਾਗਤ ਨਾਲ 40 ਕਿਲੋਮੀਟਰ ਲੰਬੀ ਸੜਕ ਮੰਜੂਰ ਕਰਵਾਏ ਪ੍ਰੋਜੈਕਟ ਦਾ ਅੱਜ ਸਵੇਰੇ ਤੜਕਸਾਰ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਕਰਵਾਈ ਗਈ।
ਇਹ ਵੀ ਪੜ੍ਹੋ: Neha Ahlawat murder case: ਚੰਡੀਗੜ੍ਹ ਨੇਹਾ ਅਹਿਲਾਵਤ ਕਤਲ ਮਾਮਲੇ ’ਚ ਟੈਕਸੀ ਡਰਾਈਵਰ ਨੂੰ ਉਮਰ ਕੈਦ ਦੀ ਸਜ਼ਾ
ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਹਲਕੇ ਦੇ ਸਰਹੱਦੀ ਪਿੰਡ ਜਗਦੇਵ ਖੁਰਦ ਨਾਲ ਢੁਕੱਦੇ ਡੱਲਾ ਰਾਜਪੂਤਾਂ ਚੌਰਾਹੇ ‘ਚ ਲੋਕ ਨਿਰਮਾਣ ਵਿਭਾਗ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਉਪਰੰਤ ਪ੍ਰਭਾਵਸ਼ਾਲੀ ਸਮਾਗਮ ਨੂੰ ਲੋਕ ਨਿਰਮਾਣ ਵਿਭਾਗ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ. ਤੇ ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਸੰਬੋਧਨ ਕੀਤਾ ਗਿਆ। ਉਹਨਾਂ ਪ੍ਰਗਟਾਵਾ ਕੀਤਾ ਗਿਆ ਕਿ ਉਕਤ ਨਵ ਨਿਰਮਾਣ ਅਧੀਨ ਸੜਕ ਗਰਮੀ , ਸਰਦੀ, ਬਰਸਾਤਾਂ ਆਦਿ ਮੌਸਮ ‘ਚ ਹੜਾਂ ਦੀ ਭੈੜੀ ਸਥਿਤੀ ਪੈਦਾ ਹੋਣ ਤੇ ਹੜਾਂ ਦੀ ਮਾਰ ਤੋਂ ਬਚਾਉਂਦੀ ਹੋਈ ਵੀ ਨਜ਼ਰ ਆਵੇਗੀ।
ਗ੍ਰਾਂਟਾ ਦੀ ਵਰਤੋਂ ‘ਚ ਪਾਰਦਰਸ਼ਤਾ ਲਾਜ਼ਮੀ ਤੌਰ ’ਤੇ ਯਕੀਨੀ ਬਣਾਉਣ ਲਈ ਉਹ ਜਾਂਚ ਕਰਨਗੇ
ਇਸੇ ਦੌਰਾਨ ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਵੱਖਰੇ ਪੰਚਾਇਤਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਬਹੁਪੱਖੀ ਵਿਕਾਸ ਕਾਰਜਾਂ ਲਈ ਜਾਰੀ ਹੋਏ 334 ਕਰੋੜ ਰੁਪਏ ਤੋਂ ਇਲਾਵਾ ਵੱਖਰੇ ਤੌਰ ’ਤੇ ਹੁਣ ਰੰਗਲੇ ਪੰਜਾਬ ਮਿਸ਼ਨ ਤਹਿਤ ਵਿਕਾਸ ਲਈ 213 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿਸ ‘ਚੋਂ ਹਲਕਾ ਅਜਨਾਲਾ ਲਈ ਮਨਜ਼ੂਰ ਹੋਏ 5 ਕਰੋੜ ਰੁਪਏ ਦੀ ਰਾਸ਼ੀ ‘ਚੋਂ ਅੱਜ ਪਹਿਲੇ ਪੜਾਅ ‘ਚ ਬਲਾਕ ਰਮਦਾਸ ਤਹਿਤ ਪੈਂਦੇ 2 ਦਰਜਨ ਤੋਂ ਵਧੇਰੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਬਹੁਪੱਖੀ ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਚੈਕ ਵੰਡੇ ਜਾ ਰਹੇ ਹਨ।
ਚੈੱਕ ਵੰਡਣ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗ੍ਰਾਂਟਾ ਦੀ ਵਰਤੋਂ ‘ਚ ਪਾਰਦਰਸ਼ਤਾ ਲਾਜ਼ਮੀ ਤੌਰ ’ਤੇ ਯਕੀਨੀ ਬਣਾਉਣ ਲਈ ਉਹ ਖੁਦ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਮਾਹਿਰਾਂ ਦੀ ਟੀਮ ਨਾਲ ਜਾਂਚ ਕਰਨਗੇ। ਇਸ ਮੌਕੇ ’ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀਏ ਮੁਖਤਾਰ ਸਿੰਘ ਬਲੜਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ ਆਦਿ ਮੌਜੂਦ ਸਨ। Dhussi Bundh Ajnala













