ਪਿਛਲੀਆਂ ਸਰਕਾਰਾਂ ਨੇ 30 ਸਾਲ ਮਾਲ ਵਿਭਾਗ ’ਚ ਭਰਤੀ ਵੱਲ ਧਿਆਨ ਹੀਂ ਨਹੀਂ ਦਿੱਤਾ : ਬ੍ਰਮ ਸ਼ੰਕਰ ਜਿੰਪਾ
- ਆਪ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਿਛਲੀਆਂ ਸਰਕਾਰਾਂ ਨੇ ਕਰੀਬ 30 ਸਾਲ ਮਾਲ ਮਹਿਕਮੇ ’ਚ ਪਟਵਾਰੀਆਂ ਤੇ ਹੋਰ ਅਮਲੇ ਦੀ ਭਰਤੀ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਜਦੋਂਕਿ ਆਪ ਸਰਕਾਰ ਨੇ ਮਾਲ ਵਿਭਾਗ ’ਚ ਪਹਿਲ ਦੇ ਅਧਾਰ ’ਤੇ ਭਰਤੀ ਕਰਕੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇੱਥੇ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਗਏ ਦੂਸਰੇ ਵਿਸ਼ੇਸ਼ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ। (Mutation Camp)
ਹਜ਼ਾਰਾਂ ਲੋਕਾਂ ਨੇ ਉਠਾਇਆ ਲਾਭ (Mutation Camp)
ਉਨ੍ਹਾਂ ਕਿਹਾ ਕਿ ਜੇਕਰ 1989-90 ਤੋਂ ਮਾਲ ਮਹਿਕਮੇ ’ਚ ਲਗਾਤਾਰ ਭਰਤੀ ਹੋਈ ਹੁੰਦੀ ਤਾਂ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਾ ਹੁੰਦੇ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਵਾਰ ਛੁੱਟੀ ਵਾਲੇ ਦਿਨ ਲਗਾਏ ਗਏ ਇੰਤਕਾਲਾਂ ਦੇ ਲੰਬਿਤ ਮਾਮਲੇ ਨਿਪਟਾਉਣ ਦੇ ਕੈਂਪ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਲੋਕਾਂ ਦੇ ਦਹਾਕਿਆਂ ਪੁਰਾਣੇ ਇੰਤਕਾਲ ਦਰਜ ਕੀਤੇ ਗਏ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਕਮ ਦਿੱਤਾ ਕਿ ਦੂਸਰਾ ਕੈਂਪ ਵੀ ਲਗਾਇਆ ਜਾਵੇ, ਜਿਸ ਦਾ ਅੱਜ ਹਜ਼ਾਰਾਂ ਲੋਕਾਂ ਨੇ ਲਾਭ ਉਠਾਇਆ ਹੈ।
ਮਾਲ ਮੰਤਰੀ ਨੇ ਕਿਹਾ ਕਿ ਅਜਿਹੇ ਕੈਂਪਾਂ ’ਚ ਪੰਜਾਬ ਭਰ ਵਿੱਚੋਂ ਕਈ ਗੁੰਝਲਦਾਰ ਪੇਚੀਦਗੀਆਂ ਉਭਰਕੇ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਖ਼ੁਦ ਲੋਕਾਂ ਦੀ ਫੀਡਬੈਕ ਲੈ ਰਹੇ ਹਨ ਤਾਂ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਤੁਰੰਤ ਕੱਢਿਆ ਜਾਵੇ।
ਇਹ ਵੀ ਪੜ੍ਹੋ: ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ ‘ਫੁਲਕਾਰੀ’ ਪ੍ਰਦਰਸ਼ਨੀ
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਿਸੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਰਾਜ ਵਿੱਚ 16000 ਗ਼ੈਰਕਾਨੂੰਨੀ ਕਲੋਨੀਆਂ ਕੱਟੀਆਂ ਗਈਆਂ ਪਰੰਤੂ ਹੁਣ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਲੋਕਾਂ ਨੂੰ ਐਨ.ਓ.ਸੀਜ਼ ਜਲਦੀ ਦਿਵਾਉਣ ਲਈ ਵੀ ਕਾਰਜਪ੍ਰਣਾਲੀ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 700 ਪਿੰਡਾਂ ਨੂੰ ਪਹਿਲਾਂ ਹੀ ਐਨ.ਓ.ਸੀਜ ਦੇ ਘੇਰੇ ’ਚੋਂ ਬਾਹਰ ਕੱਢਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਸਾਰੀਆਂ ਤਹਿਸੀਲ ਤੇ ਸਬ ਤਹਿਸੀਲ ਪੱਧਰ ’ਤੇ ਲਗਾਏ ਗਏ ਵਿਸ਼ੇਸ਼ ਕੈਂਪਾਂ ਬਾਰੇ ਵਿਸਥਾਰ ’ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਤਹਿਸੀਲਦਾਰ ਜਿਨਸੂ ਬਾਂਸਲ ਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।