1 ਕਰੋੜ 89 ਲੱਖ ਦੀ ਘਪਲੇਬਾਜ਼ੀ ਦਾ ਹੈ ਦੋਸ਼, ਮੁਅੱਤਲ ਕਰਨ ਲਈ ਫਾਈਲ ਮੰਤਰੀ ਕੋਲ ਪੈਡਿੰਗ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਵਿੱਚ 1 ਕਰੋੜ 89 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਬੀ.ਡੀ.ਓ. ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰਨ ਵਾਲੀ ਕਾਂਗਰਸ ਸਰਕਾਰ ਆਪਣੇ ਹੀ ਸੂਬਾ ਪ੍ਰਧਾਨ ਦੇ ਪ੍ਰੈਸ਼ਰ ਅੱਗੇ ਝੁਕ ਗਈ ਹੈ। ਜਿਸ ਕਾਰਨ ਨਾ ਸਿਰਫ਼ ਬੀ.ਡੀ.ਓ. ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਹੋ ਸਕੀ ਹੈ, ਸਗੋਂ ਡੇਢ ਮਹੀਨੇ ਤੋਂ ਨਿਯੁਕਤੀ ਲਈ ਥਾਂ ਲੱਭ ਰਹੇ ਉਕਤ ਬੀ.ਡੀ.ਓ. ਨੂੰ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਖੂਈਆ ਸਰਵਰ ਵਿਖੇ ਤੈਨਾਤੀ ਤੱਕ ਦੇ ਦਿੱਤੀ ਗਈ। ਬੀ.ਡੀ.ਓ. ਖ਼ਿਲਾਫ਼ ਕਾਰਵਾਈ ਲਈ ਫਾਈਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਕੋਲ ਪੈਂਡਿੰਗ ਪਈ ਹੈ।
ਇਹ ਵੀ ਪੜ੍ਹੋ : ਆਖਰ ਪੈਣ ਲੱਗਿਆ ਇਸ ਇਲਾਕੇ ਦੇ ਲੋਕਾਂ ਦੀਆਂ ਆਸਾਂ ਨੂੰ ਬੂਰ!
ਖੂਈਆ ਸਰਵਰ ਦੇ ਬੀ.ਡੀ.ਓ. ਵਰਿੰਦਰ ਕੁਮਾਰ ਅਕਾਲੀ-ਭਾਜਪਾ ਸਰਕਾਰ ਮੁਕਤਸਰ ਵਿਖੇ ਬਤੌਰ ਬੀ.ਡੀ.ਓ. ਤੈਨਾਤ ਰਹੇ ਸਨ, ਜਿਸ ਦਰਮਿਆਨ ਵਰਿੰਦਰ ਕੁਮਾਰ ਨੇ ਵਿਕਾਸ ਕਾਰਜਾਂ ਲਈ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਵਿੱਚੋਂ 1 ਕਰੋੜ 89 ਲੱਖ ਰੁਪਏ ਖਰਚ ਤਾਂ ਕਰ ਦਿੱਤੇ ਪਰ ਹੁਣ ਤੱਕ ਇਸ ਦਾ ਹਿਸਾਬ ਹੀ ਨਹੀਂ ਦਿੱਤਾ ਹੈ ਕਿ ਆਖ਼ਰਕਾਰ ਉਨ੍ਹਾਂ ਵੱਲੋਂ ਇਹ ਪੈਸਾ ਕਿਥੇ ਅਤੇ ਕਿਉਂ ਖ਼ਰਚ ਕੀਤਾ ਗਿਆ ਹੈ। ਵਰਿੰਦਰ ਕੁਮਾਰ ਨੂੰ ਮੁਕਤਸਰ ਤੋਂ ਹਟਾਉਂਦੇ ਹੋਏ ਅਬੋਹਰ ਦੇ ਖੂਈਆਂ ਸਰਵਰ ਵਿਖੇ ਤੈਨਾਤ ਕਰ ਦਿੱਤਾ ਗਿਆ। ਜਿਥੇ ਕਿ ਲਗਭਗ 7-8 ਮਹੀਨੇ ਤੈਨਾਤੀ ਰਹਿਣ ਤੋਂ ਬਾਅਦ ਕਾਂਗਰਸ ਸਰਕਾਰ ਵਲੋਂ ਕਰਵਾਏ ਆਡਿਟ ਰਿਪੋਰਟ ਵਿੱਚ ਇਹ ਘਪਲਾ ਸਾਹਮਣੇ ਆ ਗਿਆ। ਆਡੀਟਰ ਵੱਲੋਂ ਇਤਰਾਜ਼ ਜ਼ਾਹਿਰ ਕਰਨ ਤੋਂ ਬਾਅਦ ਵਿਭਾਗੀ ਜਾਂਚ ਦਰਮਿਆਨ ਵੀ ਵਰਿੰਦਰ ਕੁਮਾਰ ਵੱਲੋਂ ਕੀਤੇ ਗਏ।
ਘਪਲਾ ਉਜਾਗਰ ਹੋਇਆ ਤਾਂ ਵਰਿੰਦਰ ਕੁਮਾਰ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਤਾਂ ਕਿ ਪੜਤਾਲ ਅਤੇ ਕਾਰਵਾਈ ਕੀਤੀ ਜਾ ਸਕੇ। ਲਗਭਗ ਡੇਢ ਮਹੀਨਾ ਹਵਾ ਵਿੱਚ ਲਟਕਣ (ਕੋਈ ਤੈਨਾਤੀ ਨਹੀਂ ਮਿਲਣ) ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਸਿਫ਼ਾਰਸ਼ ‘ਤੇ ਬੀਤੀ 18 ਜਨਵਰੀ ਨੂੰ ਮੁੜ ਤੋਂ ਖੁਈਆ ਸਰਵਰ ਵਿਖੇ ਵਰਿੰਦਰ ਕੁਮਾਰ ਤੈਨਾਤ ਕਰ ਦਿੱਤਾ ਗਿਆ। ਇਸੇ ਦਰਮਿਆਨ ਪੰਚਾਇਤ ਵਿਭਾਗ ਵਲੋਂ ਬੀ.ਡੀ.ਓ. ਵਰਿੰਦਰ ਕੁਮਾਰ ਨੂੰ 1 ਕਰੋੜ 89 ਲੱਖ ਦਾ ਘਪਲਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰਨ ਦੀ ਸਿਫ਼ਾਰਸ਼ ਕਰਦੇ ਹੋਏ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫਾਈਲ ਭੇਜ ਦਿੱਤੀ ਹੈ ਤਾਂ ਕਿ ਕਾਰਵਾਈ ਕੀਤੀ ਜਾ ਸਕੇ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਰਾਜਿੰਦਰ ਬਾਜਵਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।
ਇਥੇ ਹੀ ਬੀ.ਡੀ.ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਸਿਆਸੀ ਦਬਾਓ ਦੇ ਕਾਰਨ ਉਨ੍ਹਾਂ ਵੱਲੋਂ ਕੁਝ ਗੈਰ ਕਾਨੂੰਨੀ ਕੰਮ ਵੀ ਕਰਨੇ ਪਏ ਹਨ ਅਤੇ ਇਸ ਸਬੰਧੀ ਹਰ ਕੋਈ ਜਾਣਦਾ ਹੈ ਕਿ ਸਿਆਸੀ ਦਬਾਓ ਕਾਰਨ ਹਰ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਕੋਈ ਨੋਟਿਸ ਵਿਭਾਗ ਵੱਲੋਂ ਉਨ੍ਹਾਂ ਨੂੰ ਜਾਰੀ ਨਹੀਂ ਹੋਇਆ ਹੈ, ਜਦੋਂ ਨੋਟਿਸ ਮਿਲੇਗਾ। ਉਹ ਆਪਣਾ ਪੱਖ ਰੱਖਣਗੇ।