ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ

sahit

ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ (Sweet Hadwana)

ਹਰ ਰੋਜ਼ ਦੀ ਤਰ੍ਹਾਂ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਨਰਸਰੀ ਕਲਾਸ ਦੇ ਬੱਚੇ ਦੇ ਘਰ ਸਕੂਲ ਦਾ ਕੰਮ ਕਰਵਾਉਣ ਲਈ ਫੋਨ ਕੀਤਾ। ਮਾਂ ਨੇ ਬਟਨਾਂ ਵਾਲਾ ਪੁਰਾਣਾ ਫੋਨ ਉਸ ਦੇ ਕੰਨ ਨੂੰ ਲਾ ਕੇ ਹੱਥ ਵਿਚ ਕਿਤਾਬ ਫੜਾ ਦਿੱਤੀ। ਅੱਜ ਉਸਨੇ (ਫਰੂਟ ਨੇਮ) ਫਲਾਂ ਦੇ ਨਾਂ ਪਹਿਚਾਣ ਕੇ ਬੋਲਣੇ ਸਨ ਪਰ ਬੱਚੇ ਦਾ ਮਨ ਅੱਜ ਪੜ੍ਹਾਈ ਕਰਨ ਦਾ ਨਹੀਂ ਸੀ। ਲਾਕਡਾਊਣ ਹੋਣ ਕਰਕੇ ਸਕੂਲ ਦੀ ਪੜ੍ਹਾਈ ਘਰ ਬੈਠੇ ਬੱਚਿਆਂ ਦੇ ਫੋਨ ’ਤੇ ਕਰਵਾਉਣੀ ਹੁੰਦੀ ਹੈ। ਅੱਜ ਜਦੋਂ ਅਧਿਆਪਕਾ ਨੇ ਬੱਚੇ ਨੂੰ ਪਾਠ ਸੁਣਾਉਣ ਲਈ ਕਿਹਾ ਤਾਂ ਉਹ ਇੱਕ ਮਿੰਟ ਲਈ ਕੁਝ ਨਾ ਬੋਲਿਆ। ਆਖਰ ਮਾਂ ਦੀ ਘੂਰੀ ਤੋਂ ਡਰਦੇ ਨੇ ਸੁਣਾਉਣਾ ਸ਼ੁਰੂ ਕੀਤਾ। (Sweet Hadwana)

ਤਸਵੀਰਾਂ ਉੱਪਰ ਉਂਗਲ ਰੱਖਦੇ ਹੋਏ ਫਲਾਂ ਦੇ ਨਾਂਅ ਸੁਣਾਏ ਪਰ ਇੱਕ ਫਲ ਦਾ ਨਾਂਅ ਜੋ ਰਹਿ ਗਿਆ ਸੀ, ਮਾਂ ਦੇ ਵਾਰ-ਵਾਰ ਸੁਣਾਉਣ ਲਈ ਕਹਿਣ ’ਤੇ ਵੀ ਨਾ ਬੋਲਿਆ। ਮਾਂ ਨੂੰ ਹੋਰ ਗੁੱਸਾ ਆਇਆ ਕਿ ਵਾਰ-ਵਾਰ ਕਹਿਣ ’ਤੇ ਅਤੇ ਫਰੂਟ ਦਾ ਨਾਂਅ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਬੋਲ ਰਿਹਾ।

ਮਿੱਠਾ ਹਦਵਾਣਾ

ਅਧਿਆਪਕਾ ਨੂੰ ਲੱਗਾ ਕਿ ਹੁਣ ਨਹੀਂ ਸੁਣਾਏਗਾ, ਇਸ ਲਈ ਬੱਚੇ ਨੂੰ ਕਹਿਣਾ ਸ਼ੁਰੂ ਕੀਤਾ, ‘‘ਕੋਈ ਗੱਲ ਨਹੀਂ ਬੇਟਾ ਆਪਾਂ ਕੱਲ੍ਹ ਵੀ ਇਹੀ ਕੰਮ ਦੁਹਰਾਵਾਂਗੇ।’’ ਇੰਨੀ ਗੱਲ ਸੁਣਦੇ ਸਾਰ ਹੀ ਬੱਚੇ ਨੇ ਆਪਣੀ ਤੋਤਲੀ ਜ਼ੁਬਾਨ ਵਿੱਚ ਜੋ ਕਿਹਾ, ਸੁਣ ਕੇ ਅਧਿਆਪਕਾ ਵੀ ਹੱਕੀ-ਬੱਕੀ ਰਹਿ ਗਈ। ‘‘ਮੈਦਮ ਜੀ ਮੰਮੀ ਨੂੰ ਕਓ, ਪੇਲਾਂ ਮੈਨੂੰ ਇਹ ਫਲੂਟ ਲੈ ਤੇ ਦਓ, ਫਿਲ ਦਸੰੂਦਾ, ਮੈਨੂੰ ਲੈ ਤੇ ਨਈਂ ਦਿੰਦੀ ਤੇ ਲੋਜ਼ ਤੇਂਦੀ ਆ ਪੁੱਤ ਲੋਕਡਾਊਨ ਤੁੱਲ ਲੈਨ ਦੇ, ਤੇਲੇ ਪਾਪਾ ਤੰਮ ’ਤੇ ਜਾਊਂਦੇ ਤਾਂ ਲੈ ਤੇ ਆਊਂਦੇ।’’ ਮਾਂ ਨੇ ਕਰੰਟ ਦੇ ਵੇਗ ਨਾਲ ਬੱਚੇ ਤੋਂ ਫੋਨ ਖੋਹ ਲਿਆ।

‘‘ਇਹ ਕਿਹੜਾ ਫਰੂਟ ਹੈ ਜਿਸ ਦਾ ਨਾਂਅ ਦੱਸਣ ਤੋਂ ਇਨਕਾਰ ਕਰ ਰਿਹਾ ਸੀ?’’ ਅਧਿਆਪਕਾ ਨੇ ਹਉਕਾ ਭਰਦੇ ਹੋਏ ਪੁੱਛਿਆ। ‘‘ਮੈਡਮ ਜੀ ਇਹ ਹਰ ਹੋਰ ਸਵੇਰੇ ਉੱਠਦੇ ਸਾਰ ਹੀ ਹਦਵਾਣਾ ਮੰਗਣ ਲੱਗ ਜਾਂਦਾ ਹੈ’’ ਮਾਂ ਨੇ ਝਕਦੇ-ਝਕਦੇ ਦੱਸਿਆ।
ਲਾਕਡਾਊਨ ਗਰੀਬੀ ਤੇ ਲਾਚਾਰੀ ਦੀਆਂ ਸਾਰੀਆਂ ਤਸਵੀਰਾਂ ਇੱਕੋ ਵੇਲੇ ਅਧਿਆਪਕਾ ਦੀਆਂ ਨਜ਼ਰਾਂ ’ਚ ਘੁੰਮ ਗਈਆਂ।
ਦਵਿੰਦਰ ਕੌਰ,
ਮੁਹੱਲਾ ਕਸ਼ਮੀਰੀਆਂ, ਹਰਿਆਣਾ,
ਹੁਸ਼ਿਆਰਪੁਰ
ਮੋ.. 98769-42976

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here