ਬੰਦ ਹੋਏ ਨਿੱਜੀ ਸਕੂਲਾਂ ਨਾਲ ਜੁੜੇ ਲੱਖਾਂ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ

ਬੰਦ ਹੋਏ ਨਿੱਜੀ ਸਕੂਲਾਂ ਨਾਲ ਜੁੜੇ ਲੱਖਾਂ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ

ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਬਹੁਤ ਸਾਰੇ ਰੁਜ਼ਗਾਰ ਬੰਦ ਹੋ ਗਏ ਹਨ। ਮੈਰਿਜ ਪੈਲੇਸ, ਸਿਨੇਮਾਘਰ, ਸਕੂਲ, ਕਾਲਜ ਆਦਿ ਨਾਲ ਸਬੰਧਤ ਵਿਅਕਤੀ ਕਾਰੋਬਾਰ ਬੰਦ ਹੋਣ ਕਾਰਨ ਫਾਕੇ ਕੱਟ ਰਹੇ ਹਨ। ਕੋਰੋਨਾ ਕਾਰਨ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਹੈ। ਸਕੂਲੀ ਬੱਚਿਆਂ ਦਾ ਭਵਿੱਖ ਖਤਰੇ ’ਚ ਹੈ। ਸਰਕਾਰ ਵੱਲੋਂ ਨਿੱਜੀ ਵਿੱਦਿਅਕ ਸੰਸਥਾਵਾਂ ਨੂੰ 30 ਅਪਰੈਲ ਤੱਕ ਬੰਦ ਰੱਖਣ ਦਾ ਹੁਕਮ ਹੋਇਆ ਹੈ।

ਜਿਸ ਤਰ੍ਹਾਂ ਆਏ ਦਿਨ ਕੋਰੋਨਾ ਦੇ ਮਰੀਜ਼ ਵਧ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਹੋਰ ਸਖਤੀ ਹੋ ਸਕਦੀ ਹੈ। ਸਕੂਲਾਂ ਨਾਲ ਜੁੜੇ ਵੈਨ ਚਾਲਕ, ਕੰਡਕਟਰ, ਮਾਲਕ, ਹੈਲਪਰ, ਅਧਿਆਪਕ ਅਤੇ ਚੌਥਾ ਦਰਜਾ ਸਟਾਫ, ਬੁੱਕ ਡਿੱਪੂ, ਸਕੂਲੀ ਵਰਦੀਆਂ ਤਿਆਰ ਕਰਨ ਵਾਲੇ, ਬੱਚਿਆਂ ਨੂੰ ਟਿਊਸ਼ਨ ਆਦਿ ਦੇਣ ਵਾਲੇ ਸਭ ਦਾ ਹੀ ਕੰਮਕਾਰ ਕੋਰੋਨਾ ਕਰਕੇ ਠੱਪ ਹੋ ਗਿਆ ਹੈ। ਜੇਕਰ ਇਸ ਤਰ੍ਹਾਂ ਹੀ ਰਹਿੰਦਾ ਹੈ ਤਾਂ ਬਹੁਤੇ ਪਰਿਵਾਰਾਂ ਦੇ ਘਰਾਂ ’ਚ ਦੋ ਵਕਤ ਦੀ ਰੋਟੀ ਵੀ ਨਸੀਬ ਹੋਣਾ ਮੁਸ਼ਕਲ ਹੋ ਜਾਵੇਗੀ। ਇੱਕ ਪਾਸੇ ਸਕੂਲ ਆਦਿ ਬੰਦ ਕਰਨ ਲਈ ਸਖ਼ਤ ਹੁਕਮ ਹਨ ਪਰ ਦੂਸਰੇ ਪਾਸੇ ਉਹੀ ਸਕੂਲੀ ਵਿਦਿਆਰਥੀ ਮੇਲਿਆਂ ਆਦਿ ਹੋਰ ਪਬਲਿਕ ਥਾਵਾਂ ’ਤੇ ਸੈਂਕੜਿਆਂ ਦੇ ਇਕੱਠ ’ਚ ਘੁੰਮ ਰਹੇ ਹਨ।

ਬੱਸਾਂ ’ਚ 52 ਦੀ ਜਗ੍ਹਾ 80-80 ਸਵਾਰੀਆਂ ਭਰ ਕੇ ਬਿਨਾਂ ਮਾਸਕਾਂ ਤੋਂ ਚੱਲ ਰਹੇ ਹਨ ਪਰ ਦੂਸਰੇ ਪਾਸੇ ਪਤੀ-ਪਤਨੀ ਜੇਕਰ ਕਾਰ ’ਚ ਇਕੱਠੇ ਬਿਨਾਂ ਮਾਸਕ ਜਾਂਦੇ ਹਨ ਤਾਂ ਪੁਲਿਸ ਝੱਟ ਚਲਾਨ ਕੱਟ ਦਿੰਦੀ ਹੈ। ਸਾਡੇ ਪ੍ਰਸ਼ਾਸਨ ਸਰਕਾਰਾਂ ਅਤੇ ਪੁਲਿਸ ਵੱਲੋਂ ਅਪਣਾਏ ਜਾ ਰਹੇ ਦੂਹਰੇ ਮਾਪਦੰਡ ਵੀ ਸ਼ੱਕ ਦੇ ਘੇਰੇ ’ਚ ਹਨ। ਕੋਰੋਨਾ ਕਾਰਨ ਜਿਨ੍ਹਾਂ ਦੇ ਰੁਜ਼ਗਾਰ ਖ਼ਤਮ ਹੋ ਗਏ ਤੇ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਸਰਕਾਰ ਉਨ੍ਹਾਂ ਦੀ ਸਾਰ ਲਵੇ। ਪੰਜਾਬ ਦੇ ਸੱਤ ਹਜ਼ਾਰ ਦੇ ਕਰੀਬ ਨਿੱਜੀ ਸਕੂਲਾਂ ’ਚ ਪਿਛਲੇ ਸਾਲਾਂ ਦੌਰਾਨ 25 ਲੱਖ ਵਿਦਿਆਰਥੀ ਪੜ੍ਹਦੇ ਸਨ। ਇਨ੍ਹਾਂ ਦੀ ਸਿੱਖਿਆ ਦਾ ਖਰਚ ਮਾਪੇ ਖੁਦ ਚੁੱਕਦੇ ਹਨ ਜਦੋਂਕਿ ਸਾਢੇ 19 ਹਜ਼ਾਰ ਸਰਕਾਰੀ ਸਕੂਲਾਂ ’ਚ ਪੜ੍ਹਦੇ 25 ਲੱਖ ਵਿਦਿਆਰਥੀਆਂ ’ਤੇ ਸਿੱਖਿਆ ਬਜਟ 12500 ਕਰੋੜ ਖਰਚ ਹੁੰਦਾ ਹੈ।

ਜਿਹੜਾ ਪ੍ਰਤੀ ਵਿਦਿਆਰਥੀ 50 ਹਜ਼ਾਰ ਰੁਪਏ ਬਣਦਾ ਹੈ। ਨਿੱਜੀ ਸਕੂਲਾਂ ਦਾ ਸਾਜੋ-ਸਾਮਾਨ, ਇਮਾਰਤਾਂ, ਵੈਨਾਂ ਅਤੇ ਸਕੂਲੀ ਅਮਲੇ ਦੀ ਤਨਖ਼ਾਹ ਆਦਿ ਲਈ ਸਰਕਾਰੀ ਖਜਾਨੇ ’ਚੋਂ ਇੱਕ ਫੁੱਟੀ ਕੌਡੀ ਵੀ ਨਹੀਂ ਮਿਲਦੀ। ਪੰਜਾਬ ਦੇ ਨਿੱਜੀ ਸਕੂਲਾਂ ’ਚ ਡੇਢ ਲੱਖ ਅਧਿਆਪਕ, 10 ਹਜ਼ਾਰ ਕਲਰਕ, 10 ਹਜ਼ਾਰ ਸਫਾਈ ਸੇਵਕ ਤੇ ਸੇਵਾਦਾਰ, ਡੇਢ ਲੱਖ ਵੈਨ ਚਾਲਕ ਤੇ ਕੰਡਕਟਰ ਸੇਵਾ ਨਿਭਾਅ ਰਹੇ ਹਨ ਜਿਨ੍ਹਾਂ ਦੇ ਘਰਾਂ ਦਾ ਖਰਚ ਬੱਚਿਆਂ ਤੋਂ ਲਈਆਂ ਜਾਂਦੀਆਂ ਫ਼ੀਸਾਂ ਜ਼ਰੀਏ ਚੱਲਦਾ ਹੈ।ਪੰਜਾਬ ਸਿੱਖਿਆ ਵਿਭਾਗ ਕੋਲ 25 ਲੱਖ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਿਰਫ 70 ਹਜ਼ਾਰ ਦੇ ਕਰੀਬ ਅਧਿਆਪਕ ਹਨ।

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ 15 ਪ੍ਰਤੀਸ਼ਤ ਵਧੀ ਹੈ ਪਰ ਉਨ੍ਹਾਂ ਨਵੀਂ ਭਰਤੀ ਕੋਈ ਨਹੀਂ ਕੀਤੀ ਜਦੋਂਕਿ ਭਰਤੀ ਦੀ ਮੰਗ ਕਰਦੇ ਬੇਰੁਜਗਾਰ ਅਧਿਆਪਕਾਂ ’ਤੇ ਹਰ ਹਫ਼ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਜਦੋਂ ਬੋਰਡ ਪ੍ਰੀਖਿਆਵਾਂ ਹੋਈਆਂ ਸਨ 90 ਫੀਸਦੀ ਤੋਂ ਵੱਧ ਮੈਰਿਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ।

ਹੁਣ ਜਦੋਂ ਸਕੂਲ ਬੰਦ ਪਏ ਹਨ ਤਾਂ ਨਿੱਜੀ ਸਕੂਲਾਂ ਦੀ ਆਰਥਿਕ ਹਾਲਤ ਕਾਫੀ ਪਤਲੀ ਹੋ ਗਈ ਹੈ। ਬਿਜਲੀ ਪਾਣੀ ਦੇ ਬਿੱਲ ਬੰਦ ਪਏ ਸਕੂਲਾਂ ਨੂੰ ਵੀ ਆ ਰਹੇ ਹਨ। ਸਕੂਲ ਵੈਨਾਂ ਦੀਆਂ ਕਿਸ਼ਤਾਂ, ਟੈਕਸ, ਫਿਟਨੈਸ ਸਰਟੀਫ਼ਿਕੇਟ, ਬਿਲਡਿੰਗ ਸਰਟੀਫਿਕੇਟ, ਫ਼ਾਇਰ ਸੇਫਟੀ ਸਰਟੀਫਿਕੇਟ ਦੀਆਂ ਮੋਟੀਆਂ ਫ਼ੀਸਾਂ ਵਸੂਲੀਆਂ ਜਾ ਰਹੀਆਂ ਹਨ। ਸਰਕਾਰ ਨੇ ਧੱਕੇ ਨਾਲ ਨਿੱਜੀ ਸਕੂਲਾਂ ਦੇ ਬੱਚੇ ਫੈਚ ਕਰਨ ਅਤੇ ਕਿਸੇ ਵੀ ਜਮਾਤ ’ਚ ਦਾਖਲਾ ਲੈਣ ਦੀ ਖੁੱਲ੍ਹ ਨੇ ਜਿੱਥੇ ਪੜ੍ਹ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਮਨੋਬਲ ਡੇਗ ਦਿੱਤਾ ਹੈ, ਉੱਥੇ ਨਿੱਜੀ ਸਕੂਲਾਂ ਦੇ ਦਾਖਲਾ ਤੇ ਖ਼ਾਰਜ ਕਾਨੂੰਨੀ ਰਜਿਸਟਰ ਕਬਾੜ ਬਣ ਗਏ ਹਨ।

ਕੋਰੋਨਾ ਕਾਰਨ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਸਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ’ਤੇ ਜਿੱਥੇ ਬਹੁਤ ਮਾੜਾ ਅਸਰ ਪਿਆ, ਉੱਥੇ ਹੀ ਪੰਜਾਬ ਸਰਕਾਰ ਨੇ ਬੇਸ਼ੱਕ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਅਤੇ ਜਲੰਧਰ ਦੂਰਦਰਸ਼ਨ ਰਾਹੀਂ ਵੀ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਪਰ ਇਹ ਬਹੁਤਾ ਸਫ਼ਲ ਨਹੀਂ ਹੋ ਸਕਿਆ। ਕਿਉਂਕਿ ਹਰੇਕ ਬੱਚੇ ਕੋਲ ਫੋਨ ਦੀ ਸਹੂਲਤ ਨਹੀਂ ਹੈ। ਬਹੁਤ ਸਾਰੇ ਗ਼ਰੀਬ ਮਾਪਿਆਂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਸਮਾਰਟ ਫੋਨ ਕਿੱਥੋਂ ਲੈ ਦੇਣ ਉਨ੍ਹਾਂ ਦਾ ਤਾਂ ਆਪਣੀ ਰੋਟੀ ਦਾ ਜੁਗਾੜ ਮਸਾਂ ਚੱਲਦਾ ਹੈ। ਇੱਕ ਪਾਸੇ ਕੋਰੋਨਾ ਦੀ ਮਾਰ ਕਾਰਨ ਸਭ ਕੰਮ-ਧੰਦੇ ਬੰਦ ਹੋ ਗਏ ਹਨ ਅਤੇ ਦੂਸਰੇ ਪਾਸੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ।

ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਪਹਿਲਾਂ ਸਕੂਲਾਂ ਵਿੱਚ ਜਾ ਕੇ ਪੜ੍ਹਦੇ ਸਨ ਹੁਣ ਬੱਚੇ ਸਾਰਾ ਦਿਨ ਖੇਡਾਂ ਖੇਡਦੇ ਰਹਿੰਦੇ ਹਨ ਜਾਂ ਗਲੀਆਂ ਵਿੱਚ ਘੁੰਮ ਕੇ ਸਾਰਾ ਦਿਨ ਆਪਣਾ ਸਮਾ ਖਰਾਬ ਕਰਦੇ ਰਹਿੰਦੇ ਹਨ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਉੱਪਰ ਬਹੁਤ ਅਸਰ ਪੈ ਰਿਹਾ ਹੈ। ਦੂਸਰੇ ਪਾਸੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਹਾਲਤ ਵੀ ਦਿਨੋ-ਦਿਨ ਬਹੁਤ ਤਰਸਯੋਗ ਹੁੰਦੀ ਜਾ ਰਹੀ ਹੈ ਕਿਉਂਕਿ ਸਕੂਲਾਂ ਨਾਲ ਜੁੜੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਜਿਨ੍ਹਾਂ ਵਿਚ ਸਕੂਲਾਂ ਵਿਚ ਕੰਮ ਕਰਦਾ ਅਧਿਆਪਕ, ਮਾਲੀ, ਸਫ਼ਾਈ ਸੇਵਕ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਜ਼ਾਰਾਂ ਲੋਕ ਪਿਛਲੇ ਕਾਫੀ ਮਹੀਨਿਆਂ ਤੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।

ਸਕੂਲਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਤੋਂ ਫੀਸਾਂ ਨਹੀਂ ਲੈ ਰਹੇ, ਸਕੂਲ ਬੰਦ ਹਨ, ਇਸ ਲਈ ਇੰਨੇ ਸਟਾਫ, ਬਿਜਲੀ, ਪਾਣੀ ਅਤੇ ਹੋਰ ਬਹੁਤ ਸਾਰੇ ਖਰਚੇ ਬੰਦ ਪਏ ਸਕੂਲਾਂ ਦੇ ਪੈ ਰਹੇ ਹਨ। ਅਸੀਂ ਸਟਾਫ ਨੂੰ ਤਨਖਾਹ ਕਿਸ ਤਰ੍ਹਾਂ ਦੇ ਸਕਦੇ ਹਾਂ? ਬਹੁਤ ਸਾਰੇ ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਤੇ ਦੇਸ਼ ਵਿਚ ਰੈਲੀਆਂ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ ਇੱਥੇ ਕੋਰੋਨਾ ਦੀ ਮਾਰ ਨਹੀਂ ਹੈ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਉੱਪਰ ਸੈਂਕੜੇ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਉਸ ਜਗ੍ਹਾ ’ਤੇ ਕੋਰੋਨਾ ਨਹੀਂ ਪਹੁੰਚਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਰੋਨਾ ਸਿਰਫ਼ ਸਕੂਲਾਂ ਉੱਪਰ ਹੀ ਅਟੈਕ ਕਰ ਰਿਹਾ ਹੈ। ਪੰਜਾਬ ਦੇ ਲੱਖਾਂ ਲੋਕ ਅੱਜ ਕੋਰੋਨਾ ਕਾਰਨ ਬੰਦ ਹੋਏ ਕੰਮ ਕਰਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਜਿਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।
ਮਾਨਸਾ
ਮੋ. 98155-34979
ਬੀਰਬਲ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.