ਗਰੀਨ ਹਾਊਸ ’ਚ ਸਬਜ਼ੀਆਂ ਤੇ ਫਲਾਂ ਦੀ ਸਫਲ ਕਾਸ਼ਤ ਦੇ ਢੰਗ
ਪੰਜਾਬ ਅੰਦਰ ਖੇਤਾਂ ’ਚ ਸਬਜ਼ੀਆਂ ਪੈਦਾ ਕਰਨ (Methods Fruits And Vegetables) ਦੇ ਰੁਝਾਨ ਤੋਂ ਬਾਅਦ ਕਿਸਾਨ ਆਧੁਨਿਕ ਤਕਨੀਕ ਅਪਣਾ ਕੇ ਗਰੀਨ ਹਾਉੂਸ ਅਤੇ ਹੋਰ ਕਈ ਸਾਧਨਾਂ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਨ ਲੱਗ ਪਏ ਹਨ। ਇਸ ਤਰ੍ਹਾਂ ਦੀ ਖੇਤੀ ਹੋਣ ਨਾਲ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਘਟਣ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਵੱਡੇ ਪੱਧਰ ’ਤੇ ਬੱਚਤ ਹੋਣੀ ਸ਼ੁਰੂ ਹੋ ਗਈ ਹੈ। ਗਰੀਨ ਹਾਊਸ ਰਾਹੀਂ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਨਾਲ ਲੋਕਾਂ ਦੀ ਸਿਹਤ ਵਧੀਆ ਹੋਣ ਦੇ ਨਾਲ ਹੀ ਕਿਸਾਨਾਂ ਨੂੰ ਵੀ ਚੋਖੀ ਆਮਦਨੀ ਹੋ ਰਹੀ ਹੈ ਪਰ ਗਰੀਨ ਹਾਊੁਸ ’ਚ ਸਬਜ਼ੀਆਂ ਦੀ ਪੈਦਾਵਾਰ ਲਈ ਢੱੁਕਵੇਂ ਅਤੇ ਵਿਗਿਆਨਕ ਢੰਗ-ਤਰੀਕਿਆਂ ਦੇ ਨਾਲ ਹੀ ਪੱਕੇ ਤੌਰ ’ਤੇ ਮਜ਼ਦੂਰ ਰੱਖਣ ਵਰਗੇ ਪ੍ਰਬੰਧ ਜਰੂਰੀ ਹੋ ਗਏ ਹਨ।
ਇਸ ਤਰ੍ਹਾਂ ਦੇ ਗਰੀਨ ਹਾਊਸਾਂ ਵਿੱਚ ਖੀਰਾ, ਸ਼ਿਮਲਾ ਮਿਰਚ, ਬਤਾਊਂ, ਟਮਾਟਰ, ਖਰਬੂਜਾ, ਤਰਬੂਜ ਆਦਿ ਦੀ ਪੈਦਾਵਾਰ ਤੋਂ ਬਿਨਾਂ ਫਲਾਂ ਵਿਚੋਂ ਪਪੀਤੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਆਮ ਤੌਰ ’ਤੇ ਖੇਤੀ ਮਾਹਿਰਾਂ ਅਨੁਸਾਰ ਗਰੀਨ ਹਾਊਸ ਦੇ ਪ੍ਰਤੀ ਏਕੜ ’ਚੋਂ 300-400 ਕੁਇੰਟਲ ਖੀਰੇ ਦੀ ਪੈਦਾਵਾਰ ਹੁੰਦੀ ਹੈ ਪਰ ਕਿਸਾਨਾਂ ਨੇ ਪ੍ਰਤੀ ਏਕੜ ਗਰੀਨ ਹਾਊਸ ’ਚੋਂ 512 ਕੁਇੰਟਲ ਖੀਰੇ ਦੀ ਪੈਦਾਵਾਰ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਏਕੜ ਗਰੀਨ ਹਾਊਸ ਵਿਚੋਂ 20 ਏਕੜ ਦੇ ਬਰਾਬਰ ਦੀ ਪੈਦਾਵਾਰ ਦਾ ਟੀਚਾ ਲੈ ਕੇ ਚੱਲ ਰਹੇ ਹਨ। ਕਿਉਂਕਿ ਉਹ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਜਹਿਰੀਲਾ ਪਦਾਰਥ ਨਹੀਂ ਵਰਤਿਆ ਜਾ ਰਿਹਾ।
ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਲਈ ਖਾਸ ਤਰ੍ਹਾਂ ਦਾ ਢੰਗ ਵਰਤੇ ਜਾਂਦੇ ਹਨ। ਗਰੀਨ ਹਾਊਸਾਂ ’ਤੇ ਪੈਣ ਵਾਲੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਛੱਪੜ ’ਚ ਇਕੱਠਾ ਕੀਤਾ ਜਾਂਦਾ ਹੈ। ਇਸ ਇਕੱਠੇ ਕੀਤੇ ਗਏ ਬਰਸਾਤ ਦੇ ਪਾਣੀ ਨੂੰ ਫਿਲਟਰ ਕਰਕੇ ਗਰੀਨ ਹਾਊਸ ’ਚ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਲਈ ਵਰਤਿਆ ਜਾਂਦਾ ਹੈੈ ਇਸ ਤਰ੍ਹਾਂ ਦੀ ਯੋਜਨਾ ਨਾਲ ਸਬਜੀਆਂ ਦੇ ਝਾੜ ’ਚ ਵਾਧਾ ਹੁੰਦਾ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਗਰੀਨ ਹਾਊਸ ਬਹੁਤ ਵਧੀਆ ਢੰਗ ਨਾਲ ਚਲਾਏ ਜਾ ਰਹੇ ਹਨ।
ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਕੱਢ ਕੇ ਹੋਰ ਸਹਾਇਕ ਧੰਦਿਆਂ ਵੱਲ ਉਤਸ਼ਾਹਿਤ ਕਰਨ ਅਤੇ ਵਿਸ਼ੇਸ਼ ਤੌਰ ’ਤੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਕੋਲਡ ਸਟੋਰ, ਪੈਕ ਹਾਊਸ, ਗਰੀਨ ਹਾਊਸ, ਖੁੰਬਾਂ ਦੀ ਕਾਸ਼ਤ, ਸਬਜ਼ੀਆਂ, ਬਾਗਬਾਨੀ ਨਾਲ ਸਬੰਧਤ ਮਸ਼ੀਨਰੀ, ਵਰਮੀ ਕੰਪੋਸਟ ਅਤੇ ਫੁੱਲਾਂ ਦੀ ਖੇਤੀ ’ਤੇ ਵੱਡੀ ਪੱਧਰ ’ਤੇ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਬਾਗਬਾਨੀ ਨਾਲ ਸਬੰਧਤ ਧੰਦੇ ਆਪਣਾ-ਅਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਣ। ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਵਿਭਾਗਾਂ ਵੱਲੋਂ ਫੁੱਲਾਂ, ਸਬਜੀਆਂ ਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਇਕੱਲੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਾਗਬਾਨਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ 11 ਕਰੋੜ 77 ਲੱਖ 75 ਹਜਾਰ 470 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 186 ਹੈਕਟੇਅਰ ਰਕਬੇ ਵਿੱਚ ਬਾਗ ਲਾਉਣ ਵਾਸਤੇ 5 ਲੱਖ 41 ਹਜਾਰ 51 ਰੁਪਏ ਦੀ ਸਬਸਿਡੀ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ।
ਇਸ ਜ਼ਿਲੇ੍ਰ ਵਿੱਚ 40 ਗਰੀਨ ਹਾਊਸ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਕਿਸਾਨਾਂ ਵੱਲੋਂ ਸਫਲਤਾਪੂਰਵਕ ਸ਼ਿਮਲਾ ਮਿਰਚ, ਟਮਾਟਰ ਅਤੇ ਬਿਨਾਂ ਬੀਜ ਵਾਲੇ ਖੀਰੇ ਦੀ ਖੇਤੀ ਕੀਤੀ ਜਾ ਰਹੀ ਹੈ। ਇਨ੍ਹਾਂ ਸਬਜ਼ੀਆਂ ਦੀ ਗੁਣਵੱਤਾ ਵਧੀਆ ਹੋਣ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਲਾਹੇਵੰਦ ਭਾਅ ਹਾਸਲ ਹੁੰਦੇ ਹਨ। ਗਰੀਨ ਹਾਊਸ ਸਥਾਪਤ ਕਰਨ ਵਾਲੇ ਕਿਸਾਨਾਂ ਨੂੰ 4 ਕਰੋੜ 12 ਲੱਖ 25 ਹਜਾਰ 739 ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਬਾਗਬਾਨੀ ਵਿਭਾਗ ਵੱਲੋਂ 8 ਕੋਲਡ ਸਟੋਰਾਂ ਦੀ ਉਸਾਰੀ ਲਈ 6 ਕਰੋੜ 55 ਲੱਖ 39 ਹਜਾਰ 200 ਰੁਪਏ ਦੀ ਸਬਸਿਡੀ ਦਿੱਤੀ ਗਈ । ਕਿਸਾਨਾਂ ਨੂੰ 44 ਯੂਨਿਟ ਗੰਡੋਏ ਦੀ ਖਾਦ ਤਿਆਰ ਕਰਨ ਵਾਸਤੇ ਖਰੀਦਣ ਲਈ 13 ਲੱਖ 20 ਹਜਾਰ ਰੁਪਏ, ਬਾਗਬਾਨੀ ਨਾਲ ਸਬੰਧਤ ਮਸ਼ੀਨਰੀ ਖਰੀਦਣ ’ਤੇ 56 ਲੱਖ 2 ਹਜਾਰ 980 ਰੁਪਏ, 12 ਪੈਕ ਹਾਊਸ ਲਈ 18 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਦਿੱਤੀ ਗਈ, ਜਦੋਂਕਿ 116 ਪਾਵਰ ਸਪਰੇਅ ਪੰਪ ਖਰੀਦਣ ਲਈ 13 ਲੱਖ 82 ਹਜਾਰ 100 ਰੁਪਏ ਦੀ ਸਬਸਿਡੀ ਦਿੱਤੀ ਗਈ।
ਇਸੇ ਤਰ੍ਹਾਂ ਹੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਬਾਗਬਾਨੀ ਵਿਭਾਗ ਸੰਗਰੂਰ ਵੱਲੋਂ ਵੀ ਫਲਦਾਰ ਬੂਟਿਆਂ ਦੀ ਪੈਦਾਵਾਰ, ਖੁੰਬਾਂ ਦੀ ਕਾਸ਼ਤ, ਬਾਗਬਾਨੀ ਵਿਭਾਗ ਲਈ ਕੰਮ ਆਉਣ ਵਾਲੀਆਂ ਮਸ਼ੀਨਾਂ, ਸ਼ਹਿਦ ਦੀਆਂ ਮੱਖੀਆਂ ਪਾਲਣ, ਪੋਲੀ ਗਰੀਨ ਹਾਊਸ ਬਣਾਉਣ ਤੇ ਗੰਡੋਆ ਖਾਦ ਯੂਨਿਟ ਲਾਉਣ ’ਤੇ 40 ਤੋਂ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਗਈ।
ਪੰਜਾਬ ’ਚ ਪੋਲੀ ਗਰੀਨ ਹਾਊਸ ਦੇ ਵਧ ਰਹੇ ਰੁਝਾਨ ਨੂੰ ਵੇਖਦੇ ਹੋਏ ਕਿਸਾਨ ਸਬਜ਼ੀਆਂ ਅਤੇ ਖੀਰੇ ਆਦਿ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਰਹੇ ਹਨ। ਅਸਲ ਵਿੱਚ ਕਿਸਾਨ ਫਿਰ ਇਸ ਯੋਜਨਾ ਤੋਂ ਪੱਛੜ ਰਹੇ ਹਨ ਕਿਉਂਕਿ ਇਸ ਯੋਜਨਾ ਅਤੇ ਸਬਸਿਡੀ ਦਾ ਲਾਭ ਜ਼ਿਆਦਾਤਰ ਵਪਾਰੀ ਵਰਗ ਲੈ ਰਿਹਾ ਹੈ। ਜਿਹੜੇ ਵਪਾਰੀ ਵੱਡੇ ਉਦਯੋਗਾਂ ਵਿਚੋਂ ਕਮਾਈ ਨਹੀਂ ਕਰ ਸਕੇ ਅਤੇ ਉਹ ਏਕੜ ਦੋ ਏਕੜ ਜਮੀਨ ਦੇ ਮਾਲਕ ਹਨ, ਉਹ ਅਜਿਹੇ ਪੋਲੀ ਹਾਊਸ ਲਾ ਕੇ ਵੱਡੇ ਪੱਧਰ ’ਤੇ ਸਬਜੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰਕੇ ਪੈਦਾਵਾਰ ਨੂੰ ਵੱਡੀਆਂ ਮੰਡੀਆਂ ’ਚ ਮਹਿੰਗੇ ਭਾਅ ਵੇਚ ਰਹੇ ਹਨ। ਇਸੇ ਤਰ੍ਹਾਂ ਹੀ ਕੋਲਡ ਸਟੋਰ ਵਾਲੀ ਸਬਸਿਡੀ ਦੀ ਗੱਲ ਆਉਂਦੀ ਹੈ। ਵੱਡਾ ਵਪਾਰੀ ਵਰਗ ਕੋਲਡ ਸਟੋਰਾਂ ਦੀ ਉਸਾਰ ਕਰਕੇ ਕਰੋੜਾਂ ਰੁਪਏ ਦੀ ਸਬਸਿਡੀ ਲੈ ਜਾਂਦਾ ਹੈ ਪਰ ਪੰਜਾਬ ਦੇ ਬਹੁਤ ਗਿਣਤੀ ਕਿਸਾਨ ਜਾਣਕਾਰੀ ਨਾ ਹੋਣ ਕਰਕੇ ਪਸ਼ੂਆਂ ਦੀਆਂ ਖੁਰਲੀਆਂ ਬਣਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜਦੋਂਕਿ ਕੋਲਡ ਸਟੋਰ ਬਣਾਉਣ ਲਈ ਕੌਮੀ ਬਾਗਬਾਨੀ ਮਿਸ਼ਨ ਤਹਿਤ ਦੋ ਕਰੋੜ ਰੁਪਏ ਤੱਕ ਦੀ ਸਬਸਿਡੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ