ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਵਿਸ਼ੇਸ਼
ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਕਿਵੇਂ ਸੋਚਦੇ ਹਾਂ, ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਉਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਜਾਂ ਕਿਵੇਂ ਉਨ੍ਹਾਂ ਦਾ ਸਾਹਮਣਾ ਕਰਨਾ ਹੈ, ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਤ ਕਰਦੀਆਂ ਹਨ। ਸਾਡਾ ਭਾਵਨਾਤਮਕ ਸੰਤੁਲਨ, ਮਨੋਵਿਗਿਆਨਕ ਪੱਧਰ ਦੇ ਨਾਲ-ਨਾਲ ਸਮਾਜਿਕ ਤੰਦਰੁਸਤੀ ਵੀ ਸ਼ਾਮਲ ਹੁੰਦੀ ਹੈ ਸਾਡੀ ਮਾਨਸਿਕ ਸਿਹਤ ਇਹ ਨਿਰਧਾਰਿਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ ਕਿ ਅਸੀਂ ਦਿਮਾਗੀ ਦਬਾਅ-ਤਣਾਅ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਜੀਵਨ ਵਿੱਚ ਸੰਤੁਲਨ ਕਿਵੇਂ ਬਣਾਈ ਰੱਖਦੇ ਹਾਂ ਬਚਪਨ ਤੋਂ ਲੈ ਕੇ ਜਵਾਨੀ ਅਤੇ ਜਵਾਨੀ ਤੋਂ ਬੁਢਾਪੇ ਤੱਕ ਜੀਵਨ ਦੇ ਹਰ ਪੜਾਅ ਵਿੱਚ ਮਾਨਸਿਕ ਸਿਹਤ ਮਹੱਤਵਪੂਰਨ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਜਨਮਦਾਤਾ ਹੈ
ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿਚ ਬਦਲਾਅ ਕਰਨ ਵਾਲੇ ਵਿਕਾਰ ਨੂੰ ਮਾਨਸਿਕ ਰੋਗ ਕਹਿੰਦੇ ਹਨ। ਮਾਨਸਿਕ ਰੋਗ ਦੀਆਂ ਕਿਸਮਾਂ:-
- ਰੋਗੀ ਅਸਲੀਅਤ ਅਤੇ ਕਲਪਨਾ ਵਿੱਚ ਫਰਕ ਨਹੀਂ ਕਰ ਪਾਉਂਦਾ ਅਤੇ ਜਿਸ ਤਰੀਕੇ ਨਾਲ ਵਿਹਾਰ ਕਰਦਾ ਹੈ ਜਿਵੇਂ ਇਕੱਲੇ ਗੱਲਾਂ ਕਰਨਾ, ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ ਅਤੇ ਯਭਲੀਆਂ ਮਾਰਨਾ।
- ਰੋਗੀ ਇੱਕ ਜਾਂ ਇੱਕ ਤੋਂ ਵੱਧ ਪ੍ਰਕਾਰ ਦੇ ਸ਼ੱਕ ਦੇ ਰੋਗ ਵਿੱਚ ਘਿਰ ਜਾਂਦਾ ਹੈ, ਇਸ ਦੌਰਾਨ ਉਹ ਕਈ ਵਾਰ ਲੋਕਾਂ ਤੋਂ ਡਰਦਾ ਹੈ ਤੇ ਕਦੇ ਆਪਣੇ-ਆਪ ਨੂੰ ਬਹੁਤ ਵੱਡਾ ਸਮਝਦਾ ਹੈ ।
- ਰੋਗੀ ਨੂੰ ਕਦੇ ਉਦਾਸੀ ਅਤੇ ਕਦੇ ਤੇਜ਼ੀ ਜਾਂ ਵਾਰ-ਵਾਰ ਤੇਜ਼ੀ ਦਾ ਮਨੋਰੋਗ ਹੋ ਸਕਦਾ ਹੈ।
- ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਣਾ, ਜਲਦੀ ਥਕਾਵਟ ਹੋਣਾ ਅਤੇ ਭੁੱਖ ਵਿੱਚ ਬਦਲਾਵ, ਪਛਤਾਵੇ ਦੇ ਵਿਚਾਰ ਅਤੇ ਆਤਮ-ਹੱਤਿਆ ਕਰਨ ਬਾਰੇ ਵਿਚਾਰ ਜਾਂ ਕੋਸ਼ਿਸ਼ ਕਰਨਾ ਆਦਿ। ਅਜਿਹੇ ਲੱਛਣ ਦੋ ਹਫਤੇ ਤੋਂ ਜ਼ਿਆਦਾ ਰਹਿਣ ਤਾਂ ਉਸ ਨੂੰ ਉਦਾਸੀ ਦਾ ਵਿਕਾਰ ਕਿਹਾ ਜਾਂਦਾ ਹੈ।
- ਬਹੁਤ ਜ਼ਿਆਦਾ ਖੁਸ਼ ਰਹਿਣਾ ਜਾਂ ਚਿੜਚਿੜਾਪਣ ਰਹਿਣਾ, ਲੋੜ ਤੋਂ ਜਿਆਦਾ ਗੱਲਾਂ ਕਰਨੀਆਂ, ਪੈਸਾ ਖਰਚਣਾ, ਵੱਡੀਆਂ-ਵੱਡੀਆਂ ਗੱਲਾਂ ਕਰਨਾ, ਨੀਂਦ ਦੀ ਘੱਟ ਲੋੜ ਮਹਿਸੂਸ ਕਰਨਾ, ਕੰਮ ਵਿੱਚ ਕਮੀ ਵਰਗੇ ਅਜਿਹੇ ਲੱਛਣ ਇੱਕ ਹਫਤੇ ਤੋਂ ਰਹਿਣ ਤਾਂ ਉਸ ਨੂੰ ਉਦਾਸੀ ਦਾ ਵਿਕਾਰ ਕਿਹਾ ਜਾਂਦਾ ਹੈ।
- ਬਿਨਾਂ ਕਿਸੇ ਕਾਰਨ ਵਾਰ-ਵਾਰ ਦਿਲ ਦੀ ਧੜਕਣ ਵਧਣਾ, ਤ੍ਰੇੇਲੀਆਂ ਆਉਣਾ, ਸਾਹ ਘੁਟਣਾ, ਚੱਕਰ ਆਉਣੇ ਆਦਿ ਘਬਰਾਹਟ ਦੇ ਵਿਕਾਰ ਦੇ ਲੱਛਣ ਹਨ।
- ਅਣਚਾਹੇ ਵਿਚਾਰ ਅਤੇ ਮਜ਼ਬੂਰਨ ਹਰਕਤਾਂ ਸਬੰਧੀ ਵਿਕਾਰ, ਕੰਮ ਪੂਰਾ ਨਾ ਹੋਣ ਦੇ ਭੁਲੇਖੇ ਆਦਿ ਸਬੰਧੀ ਮਨ ਵਿੱਚ ਅਣਚਾਹੇ ਵਿਚਾਰ ਆਉਣਾ ਅਤੇ ਉਸ ਨੂੰ ਪੂਰਾ ਕਰਨ ਲਈ ਮਜ਼ਬੂਰੀ, ਵੱਧ ਸਫਾਈ ਲਈ ਵਾਰ-ਵਾਰ ਹੱਥ ਧੋਣਾ ਜਾਂ ਹੋਰ ਚੀਜ਼ਾਂ, ਤਾਲੇ, ਗੈਸ-ਚੁੱਲ੍ਹਾ ਚੈੱਕ ਕਰਨਾ ਆਦਿ ਮਾਨਸਿਕ ਵਿਕਾਰ ਦੀਆਂ ਨਿਸ਼ਾਨੀਆਂ ਹਨ।
- ਠੀਕ ਹੋਣ ਦੇ ਬਾਵਜੂਦ ਵੀ ਰੋਗੀ ਵਾਰ-ਵਾਰ ਲੰਮੇ ਸਮੇਂ ਤੋਂ ਸਰੀਰ ਦੇ ਵੱਖਰੇ-ਵੱਖਰੇ ਹਿੱਸੇ ਵਿਚ ਦਰਦਾਂ ਦੀ ਸ਼ਿਕਾਇਤ ਕਰਦਾ ਹੈ।
- ਯਾਦਾਸ਼ਤ ਘਟਣਾ, ਸਰੀਰ ਦੇ ਕਿਸੇ ਅੰਗ ਦੇ ਸਹੀ ਤਰ੍ਹਾਂ ਕੰਮ ਨਾ ਕਰਨਾ ਅਤੇ ਘਬਰਾਹਟ ਤੋਂ ਉਤਪੰਨ ਦੌਰੇ ਆਦਿ ਸ਼ਾਮਿਲ ਹਨ।
- ਬੁਢਾਪੇ ਦੌਰਾਨ ਲਗਾਤਾਰ ਘੱਟੋ-ਘੱਟ ਛੇ ਮਹੀਨੇ ਤੋਂ ਯਾਦਾਸ਼ਤ ਦਾ ਕਮਜ਼ੋਰ ਹੋਣਾ, ਖਾਣਾ ਖਾਣਾ, ਕੱਪੜੇ ਪਾਉਣਾ, ਨਹਾਉਣਾ, ਰੋਜ਼ਾਨਾ ਦੇ ਕੰਮ ਕਰਨਾ ਆਦਿ ਭੁੱਲਣਾ ਇਸ ਰੋਗ ਦੀਆਂ ਨਿਸ਼ਾਨੀਆਂ ਹਨ
- ਅਚਾਨਕ ਦਿਮਾਗ ਵਿੱਚ ਕੁੱਝ ਗੜਬੜ ਹੋਣ ਨਾਲ ਦੌਰੇ ਪੈਣੇ, ਜਿਸ ਦੌਰਾਨ ਮਰੀਜ਼ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ ਅਤੇ ਮਰੀਜ਼ ਨੂੰ ਸੱਟ-ਫੇਟ ਲੱਗਣ ਦਾ ਵੀ ਖਤਰਾ ਰਹਿੰਦਾ ਹੈ, ਪੂਰਨ ਬੇਹੋਸ਼ੀ, ਅਚਾਨਕ ਡਿੱਗ ਜਾਣਾ ਅਤੇ ਝਟਕੇ ਲੱਗਣਾ ਆਦਿ ਮੁੱਖ ਲੱਛਣ ਹਨ।
ਬੱਚਿਆਂ ਵਿੱਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ:
ਬੱਚਿਆਂ ਵਿੱਚ 18 ਸਾਲ ਤੋਂ ਪਹਿਲਾਂ ਤੱਕ ਬੁੱਧੀ ਦਾ ਵਿਕਾਸ ਆਮ ਬੱਚਿਆਂ ਤੋਂ ਘੱਟ ਹੁੰਦਾ ਹੈ ਪਰ ਇਸ ਨੂੰ ਮਾਨਸਿਕ ਵਿਕਾਰ ਨਹੀਂ ਕਿਹਾ ਜਾਂਦਾ, ਬੱਚੇ ਦੀ ਬੁੱਧੀ ਦਾ ਵਿਕਾਸ ਆਮ ਬੱਚੇ ਵਾਂਗ ਨਾਰਮਲ ਹੈ ਪਰ ਸਿਰਫ ਪੜ੍ਹਨ, ਹਿਸਾਬ ਲਿਖਣ ਵਿਚ ਕਮਜ਼ੋਰ ਬੱਚੇ, ਜੋ ਲਿਖਣ ਵਿੱਚ ਕਮਜ਼ੋਰ ਹੁੰਦੇ ਹਨ, ਮਾਨਸਿਕ ਵਿਕਾਰ ਵਿੱਚ ਆਉਂਦੇ ਹਨ
- 5 ਸਾਲ ਤੱਕ ਕੇ ਬੱਚੇ ਵਿੱਚ ਇਸ ਤਰ੍ਹਾਂ ਦੇ ਵਿਕਾਰ ਦੇ ਲੱਛਣ ਜਿਵੇਂ ਇੱਕ ਜਗ੍ਹਾ ਟਿਕ ਕੇ ਨਾ ਬੈਠਣਾ, ਬਗੈਰ ਕਿਸੇ ਕਾਰਨ ਉੱਛਲਦੇ ਰਹਿਣਾ ਅਤੇ ਚੀਜ਼ਾਂ ਨਾਲ ਛੇੜਛਾੜ ਕਰਦੇ ਰਹਿਣਾ।
- ਬੱਚਿਆਂ ਦਾ ਚੋਰੀ ਕਰਨਾ, ਝਗੜਾ ਕਰਨਾ, ਝੂਠ ਬੋਲਣਾ, ਨਿਯਮ ਤੋੜਨਾ, ਪੜ੍ਹਾਈ ਵਿਚ ਕਮਜ਼ੋਰੀ, ਸਕੂਲ ਵਿੱਚੋਂ ਭੱਜ ਜਾਣਾ, ਸਾਫ ਨਾ ਬੋਲਣਾ, ਬਿਸਤਰੇ ਵਿਚ ਪਿਸ਼ਾਬ ਕਰਨਾ ਆਦਿ ਵੀ ਚਿੰਤਾ ਰੋਗ ਦਾ ਲੱਛਣ ਹੋ ਸਕਦਾ ਹੈ।
ਮਾਨਸਿਕ ਬਿਮਾਰੀ ਦੇ ਕਾਰਨ:
ਕਈ ਬੱਚੇ ਤਾਂ ਇਸ ਰੋਗ ਦੇ ਗਰਭ ਸਮੇਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ-ਅਪਰੇਸ਼ਨ ਵਿੱਚ ਮੁਸ਼ਕਲ ਆਦਿ ਕਾਰਨ ਸ਼ਿਕਾਰ ਹੋ ਜਾਂਦੇ ਹਨ। ਬੱਚੇ ਨੂੰ ਜਰੂੁਰਤ ਤੋਂ ਜਿਆਦਾ ਝਿੜਕਣਾ ਜਾਂ ਮਾਰਨ-ਕੁੱਟਣ ਜਾਂ ਸਖਤ ਸਜ਼ਾ ਦੇਣ ਨਾਲ ਕਈ ਵਾਰ ਬੱਚਾ ਸਹਿਮ ਜਾਂਦਾ ਹੈ ਤੇ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ। ਦੂਸਰੇ ਬੱਚਿਆਂ ਦੇ ਸਾਹਮਣੇ ਕਿਸੇ ਵੱਲੋਂ ਬੱਚੇ ਨੂੰ ਨੀਵਾਂ ਦਿਖਾਉਂਦੇ ਰਹਿਣਾ-ਬੇਇੱਜਤੀ ਕਰਨੀ ਜਿਸ ਨਾਲ ਬੱਚਾ ਅੰਦਰੋਂ-ਹੀ-ਅੰਦਰੋਂ ਮਾਨਸਿਕ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ।
ਬੱਚੇ ਨੂੰ ਛੋਟੀ ਉਮਰ ਵਿੱਚ ਕਿਸੇ ਦੁਰਘਟਨਾ ਜਾਂ ਪਰਿਵਾਰਕ ਮੈਂਬਰ ਦੀ ਮੌਤ ਆਦਿ ਸਬੰਧੀ ਕੋਈ ਸਦਮਾ ਲੱਗਣ ਨਾਲ ਵੀ ਮਾਨਸਿਕ ਵਿਗਾੜ ਹੋ ਸਕਦਾ ਹੈ। ਅੱਜ-ਕੱਲ੍ਹ ਤਾਂ ਬੱਚੇ ਪੁੱਠੀਆਂ-ਸਿੱਧੀਆਂ ਇਲੈਕਟ੍ਰੋਨਿਕ ਖੇਡਾਂ ਖੇਡਣ ਅਤੇ ਵੀਡੀਓ ਵੇਖਣ ਨਾਲ ਹੀ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ।
ਮਾਨਸਿਕ ਰੋਗਾਂ ਦਾ ਇਲਾਜ:
ਮਰੀਜ਼ ਦੀ ਮਾਨਸਿਕ ਅਵਸਥਾ ’ਤੇ ਨਿਰਭਰ ਕਰਦਾ ਹੈ। ਦਵਾਈਆਂ ਰਾਹੀਂ ਜਾਂ ਸਲਾਹ-ਮਸ਼ਵਰੇ, ਵਿਸਥਾਰ ਵਿੱਚ ਗੱਲਬਾਤ ਨਾਲ ਕੀਤੀ ਜਾ ਸਕਦੀ ਹੈ ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਮਨੋਰੋਗ ਮਾਹਿਰ ਅਤੇ ਕੌਂਸਲਰ ਦੀ ਸੁਵਿਧਾ ਉਪਲੱਬਧ ਹੈ ਅਤੇ ਲੋੜ ਪੈਣ ’ਤੇ ਮਰੀਜਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਸਥਿਤੀ ਦੱਸਦਿਆਂ ਉਸ ਦੀ ਮਾਨਸਿਕਤਾ ਨੂੰ ਸਮਝਣ ਤੇ ਉਸ ਅਨੁਸਾਰ ਸਹੀ ਵਿਹਾਰ ਕਰਨ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ।
ਆਪਣੀ ਮਾਨਸਿਕ ਸਿਹਤ ਨੂੰ ਸੁਧਾਰੋ:
- ਬਹੁਤ ਸਾਰੇ ਨੁਕਤੇ ਹਨ ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ:-
ਸਕਾਰਾਤਮਕ ਸੋਚ:- ਸਕਾਰਾਤਮਕ ਰਵੱਈਆ ਅਪਣਾਉਣਾ ਮਹੱਤਵਪੂਰਨ ਹੈ ਕੁਝ ਤਰੀਕੇ, ਜਿਨ੍ਹਾਂ ਦੁਆਰਾ ਤੁਸੀਂ ਅਜਿਹਾ ਕਰਦੇ ਹੋ, ਉਨ੍ਹਾਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਭਾਵਨਾਵਾਂ ਦੇ ਵਿੱਚ ਸੰਤੁਲਨ ਬਣਾਉਣਾ ਸ਼ਾਮਲ ਹੈ ਨਕਾਰਾਤਮਕ ਭਾਵਨਾਵਾਂ ਜਿਵੇਂ ਨਿਰਾਸ਼ਾ, ਬੇਇੱਜਤੀ ਜਾਂ ਗੁੱਸੇ ਨੂੰ ਮਹਿਸੂਸ ਕਰਨਾ ਵੀ ਜਰੂਰੀ ਹੈ ਤਾਂ ਜੋ ਸਥਿਤੀ ਮੁਤਾਬਕ ਮੁਸ਼ਕਲ ਦਾ ਹੱਲ ਵੀ ਕੀਤਾ ਜਾ ਸਕੇ ।
ਸ਼ੁੱਭ ਇੱਛਾਵਾਂ, ਅਹਿਸਾਨ ਤੇ ਧੰਨਵਾਦ ਦੀ ਭਾਵਨਾ ਰੱਖੋ:- ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਅਤੇ ਮੱਦਦਗਾਰਾਂ, ਸਹਿਯੋਗੀਆਂ ਲਈ ਸ਼ੁੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨਾਲ ਚੰਗੇ ਵਿਚਾਰ ਅਤੇ ਦੂਸਰਿਆਂ ਨਾਲ ਰਿਸ਼ਤੇ ਮਜ਼ਬੂਤ ਬਣਦੇ ਹਨ ਦੂਜਿਆਂ ਨਾਲ ਤਾਲਮੇਲ ਅਤੇ ਪਿਆਰ ਬਣਾਓ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਦੂਜਿਆਂ ਨਾਲ ਤਾਲਮੇਲ, ਨਿਰਭਰਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਭਾਈਚਾਰਕ ਸਾਂਝ, ਦੋਸਤੀ ਅਤੇ ਚੰਗੇ ਸਬੰਧ ਬਣੇ ਰਹਿੰਦੇ ਹਨ ਜਿਸ ਨਾਲ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ ਮਨ ਵਿੱਚ ਗੁੱਸਾ-ਗਿਲਾ ਅਤੇ ਕਿਸੇ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਨਤੀਜੇ ਵੱਜੋਂ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
ਇਹ ਵੀ ਪੜ੍ਹੋ : ਭੈਣ ਹਨੀਪ੍ਰੀਤ ਇੰਸਾਂ ਨੇ ਲੋਕਾਂ ਨੂੰ ‘ਮਾਨਸਿਕ ਸਿਹਤ’ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ
ਮਾਨਸਿਕ ਅਤੇ ਸਰੀਰਕ ਸਿਹਤ ਤੰਦਰੁਸਤੀ:
ਮਾਨਸਿਕ ਸਿਹਤ ਵੀ ਸਰੀਰਕ ਸਿਹਤ ਵਾਂਗ ਹੀ ਹੁੰਦੀ ਹੈ ਜਿਸ ਦਾ ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਸਰੀਰਕ ਅਤੇ ਮਾਨਸਿਕ ਸਿਹਤ ਆਪਸ ਵਿੱਚ ਜੁੜੀ ਹੋਈ ਹੈ ਅਤੇ ਦੋਵਾਂ ਦਾ ਧਿਆਨ ਰੱਖਣ ਦੇ ਕੁਝ ਤਰੀਕੇ ਇਸ ਤਰ੍ਹਾਂ ਹਨ:-
ਸਰੀਰਕ ਤੌਰ ’ਤੇ ਕਿਰਿਆਸ਼ੀਲ ਹੋਣਾ: ਕਸਰਤ ਮਾਨਸਿਕ ਪ੍ਰੇਸ਼ਾਨੀ, ਚਿੰਤਾ-ਤਣਾਅ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ ਅਤੇ ਤੁਹਾਡੇ ਮੂਡ ’ਚ ਸੁਧਾਰ ਹੋ ਸਕਦਾ ਹੈ,
ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ, ਸਰੀਰ ਨੂੰ ਪਸੀਨਾ ਆਉਂਦਾ ਹੈ, ਲਹੂ ਚੱਕਰ ਸਹੀ ਹੋ ਜਾਂਦਾ ਹੈ। ਵਾਧੂ ਕੈਲੋਰੀਆਂ ਸੜਦੀਆਂ ਹਨ, ਚਰਬੀ ਘਟਦੀ ਹੈ, ਜਿਸ ਨਾਲ ਕੋਲੈਸਟ੍ਰੋਲ ਦੀ ਕੋਈ ਸਮੱਸਿਆ ਨਹੀਂ ਹੁੰਦੀ, ਭਾਰ ਸੰਤੁਲਿਤ ਰਹਿੰਦਾ ਹੈ, ਸਰੀਰ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਣ ਲਈ ਸਰੀਰਕ ਗਤੀਵਿਧੀਆਂ ਜਰੂਰੀ ਹਨ, ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦੇ ਹਨ, ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰਕ ਇਮਿਊਨਿਟੀ ਮਜ਼ਬੂਤ ਬਣੀ ਰਹਿੰਦੀ ਹੈ, ਸਰੀਰ ਅਰੋਗ ਰਹਿੰਦਾ ਹੈ। ਬੱਚਿਆਂ ਨੂੰ ਮੋਬਾਇਲ ਤੋਂ ਦੂਰ ਕਰਨਾ ਅੱਜ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ, ਬੱਚਿਆਂ ਨੂੰ ਵੀ ਸਰੀਰਕ ਸਰਗਰਮੀਆਂ ’ਚ ਸ਼ਾਮਿਲ ਕਰਨਾ ਚਾਹੀਦਾ ਹੈ
ਚੰਗੀ ਨੀਂਦ ਲੈਣਾ ਲਾਹੇਵੰਦ: ਨੀਂਦ ਤੁਹਾਡੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ ਜੇ ਚੰਗੀ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ਚਿੜਚਿੜੇ ਅਤੇ ਗੁੱਸੇ ਵਿੱਚ ਵਧੇਰੇ ਅਸਾਨੀ ਨਾਲ ਆ ਸਕਦੇ ਹੋ ਜੇ ਕਾਫੀ ਲੰਮੇ ਸਮੇਂ ਤੱਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਡਿਪਰੈਸ਼ਨ ਦਾ ਡਰ ਬਣ ਸਕਦਾ ਹੈ, ਇਸ ਲਈ ਇਹ ਕੋਸ਼ਿਸ਼ ਕਰੋ ਕਿ ਤੁਸੀਂ ਨਿਯਮਿਤ ਤੌਰ ’ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲਓ।
ਸੰਤੁਲਿਤ ਭੋਜਨ:?ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਤੋਂ ਇਲਾਵਾ, ਚੰਗਾ ਪੋਸ਼ਣ ਤੁਹਾਡੀ ਮਾਨਸਿਕ ਸਥਿਤੀ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ ਇੱਕ ਸੰਤੁਲਿਤ ਖੁਰਾਕ ਚਿੰਤਾ ਅਤੇ ਤਣਾਅ ਨੂੰ ਘਟਾ ਸਕਦੀ ਹੈ, ਇਸ ਤੋਂ ਇਲਾਵਾ ਕੁਝ ਖਾਸ ਪੌਸ਼ਟਿਕ ਤੱਤਾਂ ਦਾ ਸੇਵਨ ਕਰਨ ਨਾਲ ਕੁਝ ਮਾਨਸਿਕ ਵਿਗਾੜ ਤੋਂ ਦੂਰੀ ਬਣਾਈ ਜਾ ਸਕਦੀ ਹੈ।
ਯੋਗ ਆਸਣ ਅਤੇ ਸਾਹ ਕਿਰਿਆਵਾਂ:?ਦਿਮਾਗ ਅਤੇ ਸਰੀਰ ਨੂੰ ਬਿਹਤਰ ਰੱਖਣ ਵਿੱਚ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਸੁਦਰਸ਼ਨ ਕਿਰਿਆ ਦੀ ਚੰਗੀ ਭੂਮਿਕਾ ਹੈ ਮਾਨਸਿਕ ਮਾਹਿਰ ਅਤੇ ਮੈਡੀਕਲ ਵਿਗਿਆਨੀ ਵੀ ਇਨ੍ਹਾਂ ਪ੍ਰਕਿਰਿਆਵਾਂ ਨੂੰ ਅਮਲ ’ਚ ਲਿਆਉਣ ਲਈ ਲੋਕਾਂ ਨੂੰ ਸਲਾਹ ਦਿੰਦੇ ਹਨ। ਸੰਤੁਸ਼ਟ ਰਹੋ, ਖੁਸ਼ ਰਹੋ ਅਤੇ ਦੂਜਿਆਂ ਨੂੰ ਦੇਖ ਈਰਖਾ ਦੀ ਭਾਵਨਾ ਤੋਂ ਬਚੋ। ਹੋਰ ਵਧੇਰੇ ਜਾਣਕਾਰੀ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਟੋਲ ਫ੍ਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਪ੍ਰਭਦੀਪ ਸਿੰਘ ਚਾਵਲਾ,
ਬੀ.ਈ.ਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ