ਸਕੂਲ, ਕਾਲਜ ਖੁਲਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ

School-College Reopening Sachkahoon

ਸਕੂਲ, ਕਾਲਜ ਖੁਲਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ

ਅਜੀਤਵਾਲ, (ਕਿਰਨ ਰੱਤੀ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਤਖਾਣਵੱਧ ਵਿਖੇ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਲਾਕਡਾਊਨ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਬਲੈਕ ਬੋਰਡ ਦੀ ਪਡ਼੍ਹਾਈ ਦਾ ਬਦਲ ਆਨਲਾਈਨ ਸਿੱਖਿਆ ਨੂੰ ਦਿੱਤਾ ਗਿਆ ਪਰ ਉਹ ਕਾਰਗਰ ਸਾਬਤ ਨਹੀਂ ਹੋਈ। ਜਿੱਥੇ ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਗਿਆ ਹੈ, ਉਥੇ ਹੀ ਉਨ੍ਹਾਂ ਦੀ ਆਰਥਿਕ ਲੁੱਟ ਵੀ ਕੀਤੀ ਗਈ।

ਪਿਛਲੇ ਅਤੇ ਇਸ ਸਾਲ 10ਵੀਂ ਦੀਆਂ ਫ਼ੀਸਾਂ ਦਾ 72 ਕਰੋੜ ਰੁਪਈਆ ਇਕੱਠਾ ਕੀਤਾ ਗਿਆ ਹੈ, ਜਦਕਿ ਪੇਪਰ ਨਹੀਂ ਲਏ ਗਏ ਅਤੇ ਸਿੱਧਾ ਪ੍ਰਮੋਟ ਕੀਤਾ ਗਿਆ ਹੈ। ਸਰਕਾਰ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਦੇ ਹੱਥੋਂ ਕਿਤਾਬਾਂ ਖੋਹ ਉਨ੍ਹਾਂ ਦੇ ਹੱਥ ਮੋਬਾਇਲ ਫੜਾ ਇਕ ਪੂਰੀ ਦੀ ਪੂਰੀ ਪੀੜ੍ਹੀ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਘਰਾਂ ਚ ਬੰਦ ਕਰ ਜਿੱਥੇ ਉਨ੍ਹਾਂ ਦੀ ਸਿਹਤ ਉੱਪਰ ਮਾੜਾ ਪ੍ਰਭਾਵ ਪਾਇਆ ਜਾ ਰਿਹਾ ਹੈ, ਉੱਥੇ ਹੀ ਸਮਾਜ ਵਿੱਚ ਵਿਚਰਨ ਨਾਲ ਬਣਨ ਵਾਲਾ ਉਨ੍ਹਾਂ ਦਾ ਨੈਤਿਕ ਪੱਧਰ ਤੋਂ ਵੀ ਉਨ੍ਹਾਂ ਨੂੰ ਵਾਂਝੇ ਕੀਤਾ ਜਾ ਰਿਹਾ ਹੈ।

ਪ੍ਰੈਕਟੀਕਲ ਵਿਸ਼ੇ ਜੋ ਸਿਰਫ ਲੈਬ ਵਿੱਚ ਹੀ ਪੜ੍ਹਾਏ ਜਾ ਸਕਦੇ ਹਨ ਉਹ ਵੀ ਆਨਲਾਈਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਇਹ ਜ਼ੋਰਦਾਰ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਵਿੱਦਿਅਕ ਅਦਾਰੇ ਖੋਲ੍ਹੇ ਜਾਣ ਅਤੇ ਵਿਦਿਆਰਥੀਆਂ ਤੋਂ ਵਸੂਲ ਕੀਤੀਆਂ ਨਾਜਾਇਜ਼ ਫੀਸਾਂ ਵਾਪਸ ਕੀਤੀਆਂ ਜਾਣ। ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿਚ ਪੀਐੱਸਯੂ ਵੱਲੋਂ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੁਆਰਾ ਕਰੋਨਾ ਦੇ ਨਾਂ ਹੇਠ ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਕਮਲ ਬਾਘਾਪੁਰਾਣਾ ਦੱਸਿਆ ਕਿ ਕਰੋਨਾ ਦੀ ਮੌਤ ਦਰ ਸਿਰਫ਼ 1.5% ਹੈ, 100% ਚੋਂ 80% ਲੋਕਾਂ ਨੂੰ ਇਸ ਦੇ ਕੋਈ ਲੱਛਣ ਹੀ ਨਹੀਂ ਪਤਾ ਚੱਲਦੇ, 20% ਲੋਕਾਂ ਨੂੰ ਖੰਘ ਬੁਖਾਰ ਦੇ ਲੱਛਣ ਆਉਂਦੇ ਹਨ, 15% ਲੋਕ ਘਰ ਚ ਹੀ ਠੀਕ ਹੋ ਜਾਂਦੇ ਹਨ, ਸਿਰਫ਼ 5%ਲੋਕਾਂ ਨੂੰ ਹਸਪਤਾਲ ਦੀ ਲੋੜ ਪੈਂਦੀ ਹੈ। ਸਾਡੇ ਦੇਸ਼ ਵਿੱਚ ਚੰਗੇ ਸਿਹਤ ਪ੍ਰਬੰਧ ਨਾ ਹੋਣ ਕਰਕੇ ਜ਼ਿਆਦਾ ਮੌਤਾਂ ਹੋਈਆਂ ਹਨ। ਕੋਰੋਨਾ ਮਰੀਜ਼ ਕਹਿ ਕੇ ਪੋਸਟ ਮਾਰਟਮ ਨਾ ਹੋਣ ਕਾਰਨ ਕਈ ਮੌਤਾਂ ਦੇ ਕਾਰਨ ਪਤਾ ਨਹੀਂ ਚੱਲੇ। ਕਰੋਨਾ ਇਕ ਸਾਧਾਰਨ ਬਿਮਾਰੀ ਹੈ, ਜਿਸਨੂੰ ਗੰਦੀ ਮੀਡੀਆ ਵੱਲੋਂ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

ਸ਼ਮਸ਼ਾਨ ਘਾਟ ਬਾਹਰ ਲਾਈਨਾਂ ਲੱਗਣ ਦਾ ਅਸਲ ਸੱਚ ਇਹ ਹੈ ਕਿ ਕੋਰੋਨਾ ਨਾਲ 4000 ਮੌਤਾਂ ਰੋਜ਼ਾਨਾ ਹੁੰਦੀਆਂ ਨੇ, ਪਰ ਸਰਕਾਰੀ ਅੰਕੜਿਆਂ ਅਨੁਸਾਰ ਕੁਦਰਤੀ ਮੌਤਾਂ 27600 ਰੋਜ਼ਾਨਾ ਹੁੰਦੀਆਂ ਨੇ, ਇਨ੍ਹਾਂ ਕੁਦਰਤੀ ਮੌਤਾਂ ਦੌਰਾਨ ਸ਼ਮਸ਼ਾਨ ਘਾਟਾਂ ਬਾਹਰ ਲਾਈਨਾਂ ਨਹੀਂ ਲੱਗੀਆਂ ਪਰ ਕੋਰੋਨਾ ਕਾਲ ਦੌਰਾਨ ਲਾਈਨਾਂ ਕਿਵੇਂ ਲਗ ਸਕਦੀਆਂ ਹਨ? ਭਾਰਤ ਵਿੱਚ ਕਰੋਨਾ ਨਾਲੋਂ ਵੀ ਭਿਆਨਕ ਬੀਮਾਰੀਆਂ ਨਾਲ ਰੋਜ਼ਾਨਾ ਲੱਖਾਂ ਮੌਤਾਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਮਹਾਂਮਾਰੀ ਨਹੀਂ ਐਲਾਨਿਆ ਗਿਆ ਜਦ ਕਿ ਕੋਰੋਨਾ ਨੂੰ ਮਹਾਂਮਾਰੀ ਐਲਾਨਿਆ ਗਿਆ ਤਾਂ ਜੋ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਲੋਕ ਵਿਰੋਧੀ ਨੀਤੀਆਂ ਪਾਸ ਕੀਤੀਆਂ ਜਾ ਸਕਣ।

ਸਿਰਫ਼ ਏਨਾ ਹੀ ਨਹੀਂ ਬਲਕਿ ਮਾਸਕ ਸੈਨੇਟਾਈਜ਼ਰ ਔਰ ਵੈਕਸੀਨ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਗਿਆ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਇਆ ਗਿਆ।  ਕਰੋਨਾ ਦੀਆਂ ਛੇ ਲਹਿਰਾਂ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇੱਥੇ ਇਕ ਸਵਾਲ ਉਠਦਾ ਹੈ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਅਤੇ ਜੇ ਜਾਣਕਾਰੀ ਹੁੰਦੀ ਹੈ ਤਾਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ। ਇਸ ਤਰ੍ਹਾਂ ਮੰਨ ਕੇ ਚੱਲੀਏ ਤਾਂ ਆਉਣ ਵਾਲੇ ਪੰਜ ਛੇ ਸਾਲ ਤੱਕ ਹੋਰ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ ਅਤੇ ਵਿਦਿਆਰਥੀ ਸਿਖਿਆ ਤੋਂ ਵਾਂਝੇ ਰਹਿ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।