ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸ਼ੁਰੂ ਹੋਵੇਗਾ ਜੇਲ੍ਹ ਭਰੋ ਅੰਦੋਲਨ
ਮਰਨ ਵਰਤ 16ਵੇਂ ਦਿਨ ‘ਚ ਸ਼ਾਮਲ, ਕਈਆਂ ਦੀ ਹਾਲਤ ਖਰਾਬ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਛੇੜੇ ਗਏ ਮਹਾਭਾਰਤ ਤੋਂ ਬਾਅਦ ਕੱਲ੍ਹ 23 ਤਾਰੀਖ ਨੂੰ ਪਹਿਲੀ ਵਾਰ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਹੋ ਰਹੀ ਹੈ। ਜੇਕਰ ਇਸ ਮੀਟਿੰਗ ਵਿੱਚ ਅਧਿਆਪਕਾਂ ਦਾ ਤਨਖਾਹ ਵਾਲਾ ਮਸਲਾ ਹੱੱਲ ਨਾ ਹੋਇਆ ਤਾਂ ਅਧਿਆਪਕਾਂ ਵੱਲੋਂ ਆਪਣੇ ਅਗਲੇ ਸੰਘਰਸ਼ ਵਜੋਂ ਜੇਲ੍ਹ ਭਰੋਂ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਟਿਆਲਾ ਵਿਖੇ ਅਧਿਆਪਕਾਂ ਦੇ ਹੱਕ ‘ਚ ਦਰਜ਼ਨਾਂ ਯੂਨੀਅਨਾਂ ਵੱਲੋਂ ਸ਼ਹਿਰ ਅੰਦਰ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਅਧਿਆਪਕਾਂ ਵੱਲੋਂ ਫੁਹਾਰਾ ਚੌਂਕ ‘ਤੇ ਆਪਣਾ ਟੈਂਟ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਵਿੱਚ ਭਾਜੜ ਮੱਚਦਿਆਂ ਅਧਿਆਪਕਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਤੇ ਉਨ੍ਹਾਂ ਦੀ ਮੀਟਿੰਗ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ 23 ਤਾਰੀਖ ਨੂੰ ਰਖਵਾ ਦਿੱਤੀ ਗਈ, ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਫੁਹਾਰਾ ਚੌਂਕ ਤੋਂ ਆਪਣਾ ਧਰਨਾ ਚੁੱਕਦਿਆਂ ਮੁੜ ਪਹਿਲਾ ਵਾਲੀ ਜਗ੍ਹਾ ‘ਤੇ ਹੀ ਆਪਣਾ ਮੋਰਚਾ ਲਗਾ ਦਿੱਤਾ। 23 ਤਾਰੀਖ ਨੂੰ ਸਾਂਝਾ ਮੋਰਚਾ ਦੀ ਮੀਟਿੰਗ ਪ੍ਰਿੰਸੀਪਲ ਸੈਕਟਰੀ ਨਾਲ ਹੋ ਰਹੀ ਹੈ।
ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੱਲ੍ਹ ਦੀ ਮੀਟਿੰਗ ਦੌਰਾਨ ਉਨ੍ਹਾਂ ਦੀ ਤਨਖਾਹ ਦਾ ਮਸਲਾ ਹੱਲ ਨਾ ਹੋਇਆ ਤਾਂ ਉਹ ਇਸ ਤੋਂ ਤਕੜਾ ਐਕਸ਼ਨ ਕਰਨਗੇ। ਆਗੂਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਹਿੰਤ ਐਡਹਾਕ ਪ੍ਰਬੰਧ ਨੂੰ ਬੰਦ ਕਰਨ ਦੇ ਡਰਾਮੇ ਕਰਨ ਵਾਲੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਆਪਣੀ ਹੀ ਪਾਰਟੀ ਦੀ ਸਰਕਾਰ ਵੱਲੋਂ ਅਧਿਆਪਕਾਂ ਦਾ ਸ਼ੋਸ਼ਣ ਕੀਤੇ ਜਾਣ ਦੇ ਮੁੱਦੇ ‘ਤੇ ਚੁੱਪੀ ਵੱਟਣਾ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਦੀਆਂ ਚਾਲਾਂ ਖੇਡ ਰਹੀ ਪੰਜਾਬ ਸਰਕਾਰ ਵੱਲੋਂ ਕੱਲ੍ਹ ਅਧਿਆਪਕਾਂ ਨੂੰ ਬਦਨਾਮ ਕਰਕੇ ਪਟਿਆਲਾ ਵਾਸੀਆਂ ਨਾਲ ਅਧਿਆਪਕਾਂ ਦੀ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਅਧਿਆਪਕਾਂ ਵੱਲੋਂ ਪਟਿਆਲਾ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਲਾ-ਮਿਸਾਲ ਇਕੱਠ ਨੇ ਸਰਕਾਰ ਨੂੰ ਅਧਿਆਪਕ ਮੰਗਾਂ ਲਈ ਸੋਚਣ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚੱਲ ਰਿਹਾ ਮਰਨ ਵਰਤ ਅੱਜ 16ਵੇਂ ਦਿਨ ‘ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ 94% ਅਧਿਆਪਕਾਂ ਦੀ ਸਹਿਮਤੀ ਦੇ ਦਾਅਵੇ ਕਰਨ ਵਾਲੇ ਸਿੱਖਿਆ ਸਕੱਤਰ ਵੱਲੋਂ ਆਪਣੇ ਅਹੁਦੇ ਦੀ ਮਰਿਯਾਦਾ ਭੁੱਲ ਅਧਿਆਪਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਰਾਵਿਆਂ ਮਗਰੋਂ ਹੁਣ ਆਪਣੀ ਪਾਲਿਸੀ ਵੇਚਣ ਲਈ ਲਾਲਚ ਦੇ ਕੇ ਆਪਸ਼ਨ ਕਲਿੱਕ ਕਰਨ ਦੀ ਅਪੀਲ ਕਰਨਾ ਬਹੁਤ ਹਾਸੋਹੀਣਾ ਤੇ ਸ਼ਰਮਨਾਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।